ਭਾਕਿਯੂ ਵਲੋਂ ਪਿੰਡ-ਪਿੰਡ ਨਾਕਾਬੰਦੀ ਦੀਆਂ ਤਿਆਰੀਆਂ ਮੁਕੰਮਲ, ਕੱਲ੍ਹ ਸ਼ੁਰੂ ਹੋਵੇਗਾ ਮੋਰਚਾ

08/25/2020 12:38:02 PM

ਚੰਡੀਗੜ੍ਹ (ਰਮਨਜੀਤ)- ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਨੂੰ ਕਰੋਨਾ ਦੀ ਆੜ ਹੇਠ ਮੜ੍ਹਨ ਲਈ ਬਜ਼ਿਦ ਕੇਂਦਰ ਸਰਕਾਰ ਦੇ ਚੁਣੇ ਹੋਏ ਭਾਜਪਾ ਅਕਾਲੀ ਆਗੂਆਂ ਨੂੰ ਪਿੰਡਾਂ ਵਿਚ ਵੜਨੋਂ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ 25 ਅਗਸਤ ਤੋਂ ਸ਼ੁਰੂ ਕੀਤੇ ਜਾ ਰਹੇ ਪੰਜ ਰੋਜ਼ਾ ਮੋਰਚੇ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਪਿੰਡੋ-ਪਿੰਡ ਚੱਲੀ ਇਸ ਮੁਹਿੰਮ ਨੂੰ ਸੈਂਕੜੇ ਹੀ ਪਿੰਡਾਂ ਵਿਚ ਜ਼ਬਰਦਸਤ ਹੁੰਗਾਰਾ ਮਿਲਿਆ ਹੈ।

ਅਮਲੀ ਰੂਪ ਵਿਚ ਕੇਂਦਰ ਦੇ ਪੱਖ ਵਿਚ ਭੁਗਤ ਰਹੀ ਕੈਪਟਨ ਸਰਕਾਰ ਵਲੋਂ ਕੋਰੋਨਾ ਦੀ ਆੜ ਹੇਠ ਹੀ ਜਨਤਕ ਸੰਘਰਸ਼ਾਂ ਵਿਰੁੱਧ ਐਲਾਨੀ ਗਈ ਦਫ਼ਾ 144 ਦੀ ਵੀ ਕਿਸੇ ਨੇ ਪਰਵਾਹ ਨਹੀਂ ਕੀਤੀ। ਪਿੰਡ-ਪਿੰਡ ਮੁਹੱਲਾਵਾਰ ਮੀਟਿੰਗਾਂ ਤੋਂ ਇਲਾਵਾ ਬਹੁਤੇ ਪਿੰਡਾਂ ਵਿਚ ਗਲੀ-ਗਲੀ ਢੋਲ ਮੁਜ਼ਾਹਰੇ ਵੀ ਕੀਤੇ ਗਏ, ਜਿਨ੍ਹਾਂ ਵਿਚ ਵੱਡੀ ਗਿਣਤੀ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਔਰਤਾਂ ਅਤੇ ਨੌਜਵਾਨ ਵੀ ਭਾਰੀ ਗਿਣਤੀ ਵਿਚ ਸ਼ਾਮਲ ਹੋਏ। ਇਸ ਮੁੱਦੇ ’ਤੇ ਜਥੇਬੰਦੀ ਵਲੋਂ ਮਿਥੀ ਗਈ ਆਰ ਪਾਰ ਦੀ ਲੜਾਈ ਨੂੰ ਇਸ ਤਰ੍ਹਾਂ ਬਹੁਤ ਡਟਵਾਂ ਹੁੰਗਾਰਾ ਮਿਲ ਰਿਹਾ ਹੈ।

ਆਰਡੀਨੈਂਸਾਂ ਦੇ ਇਸ ਹੱਲੇ ਖਿਲਾਫ਼ ਜਥੇਬੰਦੀ ਵਲੋਂ ਇਕ ਲੱਖ ਦੀ ਗਿਣਤੀ ਵਿਚ ਛਪਵਾਇਆ ਗਿਆ ਹੱਥ ਪਰਚਾ ਵੀ ਘਰ-ਘਰ ਪਹੁੰਚਾਇਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚੇ ਦੀਆਂ ਮੁੱਖ ਮੰਗਾਂ ਵਿਚ ਤਿੰਨੇ ਕਿਸਾਨ ਮਾਰੂ ਖੇਤੀ ਆਰਡੀਨੈਂਸ ਰੱਦ ਕਰਨ, ਬਿਜਲੀ ਸੋਧ ਬਿਲ 2020 ਅਤੇ ਭੂਮੀ ਗ੍ਰਹਿਣ ਕਾਨੂੰਨ ਵਿਚ ਕਿਸਾਨ ਮਾਰੂ ਸੋਧਾਂ ਰੱਦ ਕਰਨ ਦੀਆਂ ਮੰਗਾਂ ਮੁੱਖ ਤੌਰ ’ਤੇ ਸ਼ਾਮਿਲ ਹਨ। ਇਸ ਦੇ ਨਾਲ ਹੀ ਡੀਜ਼ਲ-ਪੈਟਰੋਲ ਕਾਰੋਬਾਰ ਦਾ ਸਰਕਾਰੀਕਰਨ ਤੇ ਖੇਤੀ ਲਈ ਡੀਜ਼ਲ ਅੱਧ ਮੁੱਲ ’ਤੇ ਦੇਣ, ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਦੇ ਇਕੱਠਾਂ ’ਤੇ ਅਤੇ ਬੁੱਧੀਜੀਵੀਆਂ ਸਮਾਜਿਕ ਕਾਰਕੁਨਾਂ ਦੇ ਲਿਖਣ ਬੋਲਣ ’ਤੇ ਲਾਈਆਂ ਪਾਬੰਦੀਆਂ ਖਤਮ ਕਰਨ ਅਤੇ ਦਰਜ ਕੀਤੇ ਕੇਸ ਰੱਦ ਕਰਨ ਦੀ ਮੰਗ ਵੀ ਸ਼ਾਮਿਲ ਹੈ।


rajwinder kaur

Content Editor

Related News