ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ’ਚ ਬਿਹਤਰ ਢਾਂਚਾ ਸਥਾਪਤ ਕਰਨ ਲਈ ਜਾਰੀ ਕੀਤੀ ਕਰੋੜਾਂ ਦੀ ਗਰਾਂਟ
Thursday, Nov 17, 2022 - 06:19 PM (IST)

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ’ਚ ਬਿਹਤਰ ਢਾਂਚਾ ਸਥਾਪਤ ਕਰਨ ਦੀ ਦਿਸ਼ਾ ’ਚ ਇਕ ਹੋਰ ਕਦਮ ਪੁੱਟੀਆਂ ਹੈ। ਸਰਕਾਰੀ ਸਕੂਲਾਂ ’ਚ ਖ਼ਰਾਬ ਪਈਆਂ ਵਸਤਾਂ ਦੀ ਥਾਂ ਨਵੀਂਆਂ ਵਸਤਾਂ ਦੀ ਖ਼ਰੀਦ ਲਈ 45.66 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ- ਮੁੱਖ ਮੰਤਰੀ ਮਾਨ ਦੀ ਬਿਆਨਬਾਜ਼ੀ ’ਤੇ ਭੜਕੇ ਬਿਕਰਮ ਮਜੀਠੀਆ, ਕੀਤਾ ਧਮਾਕੇਦਾਰ ਟਵੀਟ
ਇਹ ਜਾਣਕਾਰੀ ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ। ਬੈਂਸ ਨੇ ਦੱਸਿਆ ਕਿ ਇਹ ਰਾਸ਼ੀ ਸੂਬੇ ਦੇ ਸਰਕਾਰੀ ਐਲੀਮੈਂਟਰੀ (ਪ੍ਰਾਇਮਰੀ ਅਤੇ ਮਿਡਲ) ਅਤੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਨਾਲ ਸਕੂਲਾਂ ’ਚ ਖ਼ਰਾਬ ਹੋ ਚੁੱਕੇ ਸਮਾਨ ਦੀ ਥਾਂ ’ਤੇ ਨਵੇਂ ਦੀ ਖ਼ਰੀਦ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਖੇਡਾਂ ਦਾ ਸਾਜੋ-ਸਾਮਨ, ਪ੍ਰਯੋਗਸ਼ਾਲਾ ਦੇ ਉਪਕਰਨ ਅਤੇ ਲੋੜੀਂਦੀ ਟੀਚਿੰਗ ਸਹਾਇਕ ਸਮੱਗਰੀ ਦੀ ਖ਼ਰੀਦ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ ਰਾਸ਼ੀ ਦੀ ਵਰਤੋਂ ਬੁਨਿਆਦੀ ਢਾਂਚੇ ਜਿਨ੍ਹਾਂ ’ਚ ਕਲਾਸ ਰੂਮ, ਲਾਇਬਰੇਰੀ, ਲੈਬ, ਪਖਾਨੇ ਅਤੇ ਹੋਰ ਦੀ ਸਾਂਭ-ਸੰਭਾਲ ਕਰਨਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- ਸੁਧੀਰ ਸੂਰੀ ਕਤਲ ਮਾਮਲੇ ’ਚ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਮੁਲਜ਼ਮ ਸੰਦੀਪ ਸਿੰਘ
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਹਰੇਕ ਸਕੂਲ ਲਈ ਇਹ ਵੀ ਨਿਸ਼ਚਿਤ ਕੀਤਾ ਗਿਆ ਹੈ ਕਿ ਇਸ ਸਕੀਮ ਅਧੀਨ ਪ੍ਰਾਪਤ ਰਾਸ਼ੀ ’ਚੋਂ 10 ਫ਼ੀਸਦੀ ਰਾਸ਼ੀ ਸਵੱਛਤਾ ਐਕਸ਼ਨ ਪਲਾਨ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ’ਤੇ ਖ਼ਰਚ ਕਰਨਗੇ। ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਹੀ ਮਾਇਨਿਆਂ ’ਚ ਸਿੱਖਿਆ ਦੇ ਕੇਂਦਰ ਵਜੋਂ ਵਿਕਸਿਤ ਕਰਨ ਲਈ ਵਚਨਬੱਧ ਹੈ।