ਨਰਮਾ ਕਿਸਾਨਾਂ ਦੀ ਹਾਲਤ ਹੋਈ ਪਤਲੀ, 5,000 ਰੁਪਏ ਤੋਂ ਥੱਲ੍ਹੇ ਡਿੱਗੇ ਰੇਟ

Tuesday, Oct 08, 2019 - 12:00 PM (IST)

ਬਠਿੰਡਾ/ਮਾਨਸਾ(ਵੈੱਬ ਡੈਸਕ,ਅਮਰਜੀਤ ਚਾਹਲ) : ਪੰਜਾਬ 'ਚ ਨਰਮਾ ਕਿਸਾਨਾਂ ਦੀ ਹਾਲਤ ਪਤਲੀ ਹੁੰਦੀ ਦਿਖਾਈ ਦੇ ਰਹੀ ਹੈ। ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਵੱਲੋਂ ਇਸ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਦਾ ਮੁੱਲ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਤਕਰੀਬਨ 5,000 ਰੁਪਏ ਪ੍ਰਤੀ ਕੁਇੰਟਲ ਦੇ ਨੇੜੇ-ਤੇੜੇ ਲਗਾਇਆ ਜਾ ਰਿਹਾ ਹੈ, ਜਦੋਂ ਕਿ ਸਰਕਾਰ ਨੇ ਇਸ ਦਾ ਐੱਮ. ਐੱਸ. ਪੀ. 5,450 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਸੀ ਯਾਨੀ ਕਿਸਾਨਾਂ ਨੂੰ ਸਿੱਧਾ-ਸਿੱਧਾ ਲਗਭਗ 10 ਫੀਸਦੀ ਪ੍ਰਤੀ ਕੁਇੰਟਲ ਪਿੱਛੇ ਘਾਟਾ ਪੈ ਰਿਹਾ ਹੈ।

ਕਿਸਾਨਾਂ ਨੂੰ ਉਮੀਦ ਸੀ ਕਿ ਨਰਮੇ ਦੀ ਫ਼ਸਲ ਦੀਆਂ ਕੀਮਤਾਂ ਵਿਚ ਉਛਾਲ ਆਏਗਾ ਪਰ ਇਸ ਸਮੇਂ ਨਰਮਾ ਮੰਡੀਆਂ ਵਿਚ 4200 ਰੁਪਏ ਤੋਂ 4400 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ। ਦੱਸ ਦੇਈਏ ਕਿ ਬਠਿੰਡਾ ਜ਼ਿਲੇ ਦੀਆਂ ਮੰਡੀਆਂ 'ਚ ਨਰਮੇ ਦੀ ਆਮਦ 'ਚ ਪਿਛਲੇ 3 ਦਿਨਾਂ ਤੋਂ ਤੇਜੀ ਦਰਜ ਕੀਤੀ ਗਈ ਹੈ ਪਰ ਇਸ ਦੇ ਭਾਅ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਕਈ ਮੰਡੀਆਂ 'ਚ ਨਰਮੇ ਦੀ ਫਸਲ ਸਰਕਾਰੀ ਭਾਅ ਤੋਂ ਹੇਠਾਂ ਵਿਕਣ ਲੱਗੀ ਹੈ, ਇਸ ਦੇ ਬਾਵਜੂਦ ਕਪਾਹ ਨਿਗਮ ਸਰਗਰਮ ਨਹੀਂ ਹੋਇਆ ਹੈ।

ਬਠਿੰਡਾ ਮੰਡੀ 'ਚ ਫਸਲ ਵੇਚਣ ਆਏ ਕੋਟਸ਼ਮੀਰ ਦੇ ਕਿਸਾਨ ਗੁਰਦਿਆਲ ਸਿੰਘ ਨੇ ਦੱਸਿਆ ਉਸ ਨੇ ਆਪਣੀ ਫਸਲ 4400 ਪ੍ਰਤੀ ਕੁਇੰਟਲ ਵਿਚ ਵੇਚੀ ਹੈ ਅਤੇ ਇਸ ਸਮੇਂ ਪ੍ਰਾਈਵੇਟ ਵਪਾਰੀਆਂ ਵੱਲੋਂ ਹੀ ਨਰਮੇ ਦੀ ਖਰੀਦ ਕੀਤੀ ਜਾ ਰਹੀ ਹੈ, ਜਿਸ ਕਰਕੇ ਕਿਸਾਨਾਂ ਨੂੰ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਥੇ ਹੀ ਕਿਸਾਨ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਸਰਕਾਰੀ ਕੀਮਤ 5450 ਰੁਪਏ ਹੈ ਜਿਸ ਦੇ ਨੇੜੇ-ਤੇੜੇ ਇਕ ਵੀ ਢੇਰੀ ਦੀ ਬੋਲੀ ਨਹੀਂ ਲੱਗੀ ਹੈ। ਇਕ ਕਿਸਾਨ ਨੇ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਤੱਕ ਵੀ ਉਸ ਨੇ ਪਹੁੰਚ ਕੀਤੀ ਤਾਂ ਕਿ ਖਰੀਦਦਾਰਾਂ ਨੂੰ ਕੀਮਤਾਂ ਵਧਾਉਣ ਲਈ ਕਿਹਾ ਜਾਏ ਪਰ ਕੋਈ ਫਾਇਦਾ ਨਹੀਂ ਹੋਇਆ। ਉਸ ਨੂੰ ਮਜਬੂਰੀ 'ਚ 4,675 ਰੁਪਏ ਪ੍ਰਤੀ ਕੁਇੰਟਲ 'ਚ ਹੀ ਫਸਲ ਵੇਚਣੀ ਪਈ। ਪਿੰਡ ਨੰਦਗੜ੍ਹ ਦੇ ਕਿਸਾਨ ਗੁਰਮੀਤ ਸਿੰਘ ਅਤੇ ਕੋਟਸ਼ਮੀਰ ਦੇ ਕਿਸਾਨ ਮੇਹਰ ਸਿੰਘ ਦਾ ਕਹਿਣਾ ਸੀ ਕਿ ਭਾਰਤੀ ਕਪਾਹ ਨਿਗਮ ਮੰਡੀਆਂ ਵਿਚ ਦਾਖਲ ਹੋਵੇ ਤਾਂ ਕਿਸਾਨਾਂ ਨੂੰ ਉੱਚਾ ਭਾਅ ਮਿਲ ਸਕਦਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਨਿੱਜੀ ਖਰੀਦਦਾਰ ਕਿਸਾਨਾਂ ਨੂੰ ਲੁੱਟ ਰਹੇ ਹਨ, ਕਿਉਂਕਿ ਕੋਈ ਸਰਕਾਰੀ ਏਜੰਸੀ ਫਸਲ ਦੀ ਖਰੀਦ ਕਰਨ ਲਈ ਨਹੀਂ ਆ ਰਹੀ। ਮਾਰਕੀਟ ਕਮੇਟੀ ਬਠਿੰਡਾ ਦੇ ਸਕੱਤਰ ਬਲਕਾਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਨਿੱਜੀ ਖਰੀਦਦਾਰਾਂ ਨੂੰ ਇਸ ਸਬੰਧ ਵਿਚ ਅਪੀਲ ਕੀਤੀ ਸੀ ਪਰ ਉਹ  ਨਮੀ ਦੀ ਮਾਤਰਾ ਨੂੰ ਲੈ ਕੇ ਆਪਣੇ ਰੁਖ 'ਤੇ ਅੜੇ ਰਹੇ।


cherry

Content Editor

Related News