ਬਲਵੀਰ ਸਿੰਘ ਸਿੱਧੂ ਵੱਲੋਂ ਸਿਵਲ ਹਸਪਤਾਲ ਤਪਾ ਦਾ ਦੌਰਾ

Friday, Aug 09, 2019 - 11:34 AM (IST)

ਬਲਵੀਰ ਸਿੰਘ ਸਿੱਧੂ ਵੱਲੋਂ ਸਿਵਲ ਹਸਪਤਾਲ ਤਪਾ ਦਾ ਦੌਰਾ

ਤਪਾ ਮੰਡੀ (ਸ਼ਾਮ, ਗਰਗ, ਮੇਸ਼ੀ, ਹਰੀਸ਼, ਮਾਰਕੰਡਾ, ਪੁਨੀਤ ਮਾਨ) : ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਸਿਵਲ ਹਸਪਤਾਲ ਤਪਾ ਦਾ ਦੌਰਾ ਕੀਤਾ ਗਿਆ। ਹਸਪਤਾਲ 'ਚ ਪੁੱਜੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਹਸਪਤਾਲ ਦੇ ਸਮੁੱਚੇ ਸਟਾਫ ਨੇ ਗੁਲਦਸਤਾ ਦੇ ਕੇ ਸਵਾਗਤ ਕੀਤਾ। ਉਨ੍ਹਾਂ ਹਸਪਤਾਲ ਦੇ ਐਮਰਜੈਂਸੀ ਅਤੇ ਹੋਰਨਾਂ ਵਾਰਡਾਂ ਦੀ ਜਾਂਚ ਕੀਤੀ ਅਤੇ ਮਰੀਜ਼ਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਕਿਹਾ ਕਿ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ 'ਚੋਂ ਹੀ ਮਿਲਣਗੀਆਂ ਜੇਕਰ ਕੋਈ ਡਾਕਟਰ ਬਾਹਰੋਂ ਦਵਾਈ ਮੰਗਵਾਉਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਮਿੰਨੀ ਸਹਾਰਾ ਕਲੱਬ ਵੱਲੋਂ ਹਸਪਤਾਲ ਵਿਚਲੀਆਂ ਤਰੁੱਟੀਆਂ ਬਾਰੇ ਗੱਲਬਾਤ ਕੀਤੀ।

PunjabKesari

ਪ੍ਰੈੱਸਕਾਨਫਰੰਸ ਦੌਰਾਨ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤਮੰਦ ਤੇ ਨਰੋਆ ਪੰਜਾਬ ਸਿਰਜਣ ਦੀ ਨੀਅਤ ਨਾਲ ਨਵਾਂ ਉਦਮ ਕਰਦਿਆਂ ਚਲਾਈ ਗਈ ਫ੍ਰੀ ਇਲਾਜ ਬੀਮਾ ਸਕੀਮ ਨੂੰ 20 ਅਗਸਤ ਨੂੰ ਲਾਂਚ ਕੀਤਾ ਜਾ ਰਿਹਾ ਹੈ। ਪੰਜਾਬ ਵਾਸੀਆਂ ਦੀ ਸਿਹਤ ਨੂੰ ਬਣਾਈ ਰੱਖਣ ਲਈ ਪੰਜਾਬ ਦੀ ਕੈਪਟਨ ਸਰਕਾਰ ਹਰ ਸਮੇਂ ਤੱਤਪਰ ਹੈ। ਉਨ੍ਹਾਂ ਦੱਸਿਆ ਕਿ ਭਾਈ ਘਨ੍ਹੱਈਆ ਸਿਹਤ ਬੀਮਾ ਯੋਜਨਾ ਦੀ ਤਰ੍ਹਾਂ ਇਸ ਸਕੀਮ ਨਾਲ ਵੀ 46 ਲੱਖ ਲੋਕਾਂ ਨੂੰ ਲਾਭ ਮਿਲੇਗਾ, ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਬਾਦਲ ਤੋਂ ਵੱਧ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਆਪੋ-ਆਪਣੇ ਨੇੜੇ ਦੇ ਸੈਂਟਰਾਂ 'ਤੇ ਜਾ ਕੇ ਆਪਣੇ ਕਾਰਡ ਬਣਵਾ ਸਕਦੇ ਹਨ।

ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਸਿਵਲ ਹਸਪਤਾਲ ਤਪਾ ਦੀਆਂ ਲਟਕ ਰਹੀਆਂ ਸਮੱਸਿਆਵਾਂ ਦਾ ਵੀ ਸਿਹਤ ਮੰਤਰੀ ਵੱਲੋਂ ਹੱਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਖਾਲੀ ਪਈਆਂ ਡਾਕਟਰਾਂ ਦੀਆਂ ਕੁਰਸੀਆਂ ਨੂੰ ਭਰ ਦਿੱਤਾ ਜਾਵੇਗਾ ਅਤੇ ਸਸਤੀਆਂ ਦਵਾਈਆਂ ਦੀ ਦੁਕਾਨ ਵੀ ਖੋਲ੍ਹੀ ਜਾਵੇਗੀ, ਜਿਸ 'ਤੇ ਸਰਕਾਰੀ ਰੇਟਾਂ ਅਨੁਸਾਰ ਸਬਸਿਡੀ 'ਤੇ ਦਵਾਈਆਂ ਮਰੀਜ਼ਾਂ ਨੂੰ ਉਪਲੱਬਧ ਹੋਣਗੀਆਂ।


Related News