ਆਪਣੀਆਂ ਮੰਗਾਂ ਨੂੰ ਲੈ ਕੇ ਮਗਨਰੇਗਾ ਮੁਲਾਜ਼ਮਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਜ਼ਿਲਾ ਪੱਧਰ ''ਤੇ ਸ਼ੁਰੂ

09/19/2019 5:30:15 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਮਗਨਰੇਗਾ ਕਰਮਚਾਰੀ ਯੂਨੀਅਨ ਜ਼ਿਲਾ ਬਰਨਾਲਾ ਵੱਲੋਂ ਪਿਛਲੇ 4 ਦਿਨਾਂ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਬਲਾਕ ਪੱਧਰ 'ਤੇ ਦਿੱਤਾ ਜਾ ਰਿਹਾ ਧਰਨਾ ਜ਼ੋਰ ਫੜਦਾ ਜਾ ਰਿਹਾ ਹੈ। ਅੱਜ ਮਗਨਰੇਗਾ ਮੁਲਾਜ਼ਮਾਂ ਦਾ ਧਰਨਾ ਬਲਾਕ ਪੱਧਰ ਤੋਂ ਪੰਜਾਬ ਦੇ ਉਲੀਕੇ ਪ੍ਰੋਗਰਾਮ ਅਨੁਸਾਰ 2 ਦਿਨ ਲਈ ਜ਼ਿਲਾ ਪੱਧਰ 'ਤੇ ਪਹੁੰਚ ਗਿਆ ਹੈ। ਇਥੇ ਜ਼ਿਲਾ ਪੱਧਰ 'ਤੇ ਡੀ.ਸੀ. ਦਫਤਰ ਅੱਗੇ ਸ਼ੁਰੂ ਕੀਤੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਮਨਸੇ ਖਾਂ ਨੇ ਦੱਸਿਆ ਕਿ ਕੱਲ ਚੰਡੀਗੜ੍ਹ ਵਿਖੇ ਦੇਰ ਸ਼ਾਮ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਸੂਬਾ ਐਕਸ਼ਨ ਕਮੇਟੀ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਨਾਲ ਮੀਟਿੰਗ ਹੋਈ। ਇਸ ਮੀਟਿੰਗ ਵਿਚ ਭਾਵੇਂ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਸਾਡਾ ਮੁੱਦਾ ਵਿੱਤ ਮੰਤਰੀ ਨਾਲ ਵਿਚਾਰ ਰਹੇ ਹਨ ਪਰ ਯੂਨੀਅਨ ਇਸ ਜੁਬਾਨੀ ਵਾਅਦੇ 'ਤੇ ਪਹਿਲਾਂ ਵੀ 10 ਸਾਲਾਂ ਤੋਂ ਵਿਸ਼ਵਾਸ ਕਰਦੀ ਆ ਰਹੀ ਹੈ

ਵਿਭਾਗ ਦੇ ਉੱਚ ਅਧਿਕਾਰੀਆਂ ਮਗਨਰੇਗਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਕੇਸ ਪਹਿਲਾਂ ਵੀ 2 ਵਾਰ ਪ੍ਰਸੋਨਲ ਵਿਭਾਗ ਨੂੰ ਭੇਜ ਚੁੱਕੇ ਹਨ, ਜੋ ਕਿ ਖਜ਼ਾਨਾ ਖਾਲੀ ਜਾਂ ਕਾਨੂੰਨੀ ਅੜਿਕਾ ਹੋਣ ਦਾ ਬਹਾਨਾ ਬਣਾ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਪੂਰੇ ਪੰਜਾਬ ਦੇ ਮੁਲਾਜ਼ਮ ਕੰਮ ਦੇ ਵਾਧੂ ਬੋਝ ਕਾਰਨ ਅਤੇ ਕੱਚੀ ਨੌਕਰੀ ਕਾਰਨ ਨੌਕਰੀ ਤੋਂ ਕੱਢ ਦਿੱਤੇ ਜਾਣ ਦੇ ਡਰ ਕਾਰਨ ਅੱਕੇ ਹੋਏ ਹਨ। ਬੱਚਿਆਂ ਦੀ ਪੜ੍ਹਾਈ, ਮਾਪਿਆਂ ਦੀ ਦਵਾਈ ਤਾਂ ਦੂਰ ਮੰਹਿਗਾਈ ਕਾਰਨ ਏਨੀ ਘੱਟ ਤਨਖਾਹ ਵਿਚ 2 ਡੰਗ ਦੀ ਰੋਟੀ ਖਾਣੀ ਮੁਸ਼ਕਲ ਹੋਈ ਪਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਯੂਨੀਅਨ ਦੇ ਪਹਿਲਾਂ ਮਿਥੇ ਪ੍ਰੋਗਰਾਮ ਅਨੁਸਾਰ ਅੱਜ ਤੋਂ ਜ਼ਿਲਾ ਪੱਧਰੀ ਧਰਨਾ ਸ਼ੁਰੂ ਕੀਤਾ ਗਿਆ ਹੈ। ਕੱਲ•20 ਸਤੰਬਰ ਨੂੰ ਵਿਸ਼ਾਲ ਰੋਸ ਮਾਰਚ ਕੱਢ ਕੇ ਸੇਵਾਵਾਂ ਰੈਗੂਲਰ ਕਰਵਾਉਣ ਦਾ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲ ਤੋਂ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਕੱਚੇ ਮੁਲਾਜ਼ਮ ਪੱਕੇ ਕਰਨ ਲਈ ਤਿੰਨ ਮੰਤਰੀਆਂ ਦੀ ਸਬ ਕਮੇਟੀ ਵੀ ਬਣਾਈ ਸੀ ਪਰ ਉਸ ਕਮੇਟੀ ਨੇ ਅੱਜ ਤੱਕ ਕੋਈ ਮੀਟਿੰਗ ਤੱਕ ਨਹੀਂ ਕੀਤੀ, ਅਜੇ ਤੱਕ ਕਮੇਟੀ ਕੋਲ ਤਾਂ ਕੱਚੇ ਮੁਲਾਜ਼ਮਾਂ ਦਾ ਵਿਭਾਗ ਵਾਈਜ਼ ਵੇਰਵਾ ਤੱਕ ਨਹੀਂ ਹੈ। ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਪਰ ਮਗਨਰੇਗਾ ਮੁਲਾਜ਼ਮਾਂ ਨੂੰ ਖਾਲੀ ਪਈਆਂ ਅਸਾਮੀਆਂ 'ਤੇ ਮਰਜ਼ ਨਹੀਂ ਕੀਤਾ ਜਾ ਰਿਹਾ ਹੈ ਜਦੋਂਕਿ ਸਾਰਾ ਕੰਮ ਉਨ੍ਹਾਂ ਤੋਂ ਹੀ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ, ਓਦੋਂ ਤੱਕ ਧਰਨਾ ਕਿਸੇ ਵੀ ਕੀਮਤ 'ਤੇ ਸਮਾਪਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਬਰਨਾਲਾ ਦੇ ਸਮੂਹ ਮਗਨਰੇਗਾ ਮੁਲਾਜ਼ਮ ਸ਼ਾਮਲ ਸਨ।


cherry

Content Editor

Related News