ਬਰਨਾਲਾ ਦੇ ਸਿਵਲ ਹਸਪਤਾਲ ''ਚ ਡਾਟਕਰਾਂ ਦੀ ਕਮੀ ਕਾਰਨ ਮਰੀਜ਼ ਹੋ ਰਹੇ ਖੱਜਲ-ਖੁਆਰ

01/17/2020 3:38:04 PM

ਬਰਨਾਲਾ (ਵਿਵੇਕ ਸਿੰਧਵਾਨੀ) : ਸਿਵਲ ਹਸਤਪਾਲ ਬਰਨਾਲਾ ਨੂੰ ਮਲਟੀਪਲੈਕਸ ਹਸਪਤਾਲ ਬਣਾਉਣ ਲਈ ਇਲਾਕੇ ਦੇ ਲੋਕ ਕਈ ਸਾਲਾਂ ਤੋਂ ਮੰਗ ਕਰ ਰਹੇ ਹਨ। ਇਸ ਹਸਪਤਾਲ ਨੂੰ ਮਲਟੀਪਲੈਕਸ ਹਸਤਪਾਲ ਤਾਂ ਕੀ ਬਣਾਉਣਾ ਸੀ, ਇਥੇ ਤਾਂ ਡਾਕਟਰਾਂ ਦੀਆਂ ਕਈ ਪੋਸਟਾਂ ਖਾਲੀ ਪਈਆਂ ਹਨ, ਜਿਸ ਕਾਰਨ ਰੋਜ਼ਾਨਾ ਹਜ਼ਾਰਾਂ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰ ਤਾਂ ਹੋਰ ਇਹ ਹਸਪਤਾਲ ਕਈ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ, ਜਿਸ ਕਾਰਨ ਗੰਭੀਰ ਹਾਲਤ ਦੇ ਮਰੀਜ਼ਾਂ ਨੂੰ ਬਾਹਰ ਰੈਫਰ ਕਰ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ ਨਵਾਂ ਖੁੱਲ੍ਹਿਆ ਜੱਚਾ-ਬੱਚਾ ਕੇਂਦਰ ਵੀ ਕਈ ਸਹੂਲਤਾਂ ਤੋਂ ਵਾਂਝਾ ਹੈ।

PunjabKesari

ਐਮਰਜੈਂਸੀ ਵਾਰਡ ਵਿਚ 8 ਈ. ਐੱਮ. ਓ. ਦੀਆਂ ਪੋਸਟਾਂ ਖਾਲੀ
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਈ. ਐੱਮ. ਓ. ਡਾਕਟਰਾਂ ਦੀਆਂ 10 ਪੋਸਟਾਂ ਹਨ, ਜਿਨ੍ਹਾਂ ਵਿਚੋਂ 8 ਖਾਲੀ ਪਈਆਂ ਹਨ। ਜੇਕਰ ਕੋਈ ਸੜਕ ਹਾਦਸਾ ਹੋ ਜਾਂਦਾ ਹੈ ਜਾਂ ਗੰਭੀਰ ਹਾਲਤ ਦਾ ਕੋਈ ਮਰੀਜ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਐਮਰਜੈਂਸੀ ਵਾਰਡ ਵਿਚ ਹੀ ਲਿਜਾਇਆ ਜਾਂਦਾ ਹੈ ਪਰ ਡਾਕਟਰਾਂ ਦੀਆਂ ਪੋਸਟਾਂ ਖਾਲੀ ਹੋਣ ਕਾਰਨ ਓ. ਪੀ. ਡੀ. ਤੋਂ ਡਾਕਟਰਾਂ ਦੀਆਂ ਡਿਊਟੀਆਂ ਕੱਢ ਕੇ ਐਮਰਜੈਂਸੀ ਵਾਰਡ ਵਿਚ ਲਗਾਈਆਂ ਜਾਂਦੀਆਂ ਹਨ, ਜਿਸ ਕਾਰਨ ਆਪਣਾ ਚੈਕਅੱਪ ਕਰਵਾਉਣ ਆਏ ਸੈਂਕੜੇ ਮਰੀਜ ਵੀ ਖੱਜਲ-ਖੁਆਰ ਹੁੰਦੇ ਹਨ।

ਰੇਡੀਓਜਿਸਟ ਦੀ ਪੋਸਟ ਪਈ ਹੈ ਖਾਲੀ, ਮਰੀਜਾਂ ਨੂੰ ਕਰਵਾਉਣੀ ਪੈਂਦੀ ਹੈ ਮਹਿੰਗੇ ਭਾਅ 'ਚ ਅਲਟ੍ਰਾਸਾਊਂਡ
ਸਿਵਲ ਹਸਪਤਾਲ ਵਿਚ ਰੇਡੀਓਜਿਸਟ ਦੀ ਪੋਸਟ ਵੀ ਖਾਲੀ ਪਈ ਹੈ। ਸਿਰਫ ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਕੋਈ ਬਾਹਰੋਂ ਡਾਕਟਰ ਅਲਟ੍ਰਾਸਾਊਂਡ ਕਰਨ ਲਈ ਇਥੇ ਆਉਂਦਾ ਹੈ ਅਤੇ 2 ਘੰਟਿਆਂ ਵਿਚ ਬਹੁਤ ਹੀ ਘੱਟ ਮਰੀਜਾਂ ਦੀ ਅਲਟ੍ਰਾਸਾਊਂਡ ਹੁੰਦੀ ਹੈ। ਜਦੋਂ ਕਿ ਅਲਟ੍ਰਾਸਾਊਂਡ ਕਰਵਾਉਣ ਵਾਲੇ ਮਰੀਜਾਂ ਦੀ ਗਿਣਤੀ ਜਿਆਦਾ ਹੁੰਦੀ ਹੈ। ਇਸ ਲਈ ਮਜਬੂਰੀ ਵੱਸ ਮਰੀਜਾਂ ਨੂੰ ਬਾਹਰੋਂ ਮਹਿੰਗੇ ਭਾਅ ਵਿਚ ਅਲਟ੍ਰਾਸਾਊਂਡ ਕਰਵਾਉਣੀ ਪੈਂਦੀ ਹੈ।

ਨਵੇਂ ਬਣੇ ਜੱਚਾ-ਬੱਚਾ ਹਸਪਤਾਲ ਵਿਚ ਵੀ ਬੱਚਿਆਂ ਦੇ ਡਾਕਟਰਾਂ ਦੀਆਂ ਪੋਸਟਾਂ ਪਈਆਂ ਹਨ ਖਾਲੀ
ਸਿਵਲ ਹਸਪਤਾਲ ਦੇ ਜੱਚਾ-ਬੱਚਾ ਕੇਂਦਰ ਵਿਚ ਬੱਚਿਆਂ ਦੇ ਡਾਕਟਰਾਂ ਦੀਆਂ 4 ਪੋਸਟਾਂ ਹਨ, ਜਿਨ੍ਹਾਂ ਵਿਚੋਂ 2 ਪੋਸਟਾਂ ਖਾਲੀ ਪਈਆਂ ਹਨ, ਜਦੋਂਕਿ 2 ਭਰੀਆਂ ਹੋਈਆਂ ਹਨ ਪਰ ਅੱਜ ਦੋਵੇਂ ਡਾਕਟਰ ਛੁੱਟੀ 'ਤੇ ਹੋਣ ਕਾਰਨ ਮਰੀਜ਼ ਖੱਜਲ-ਖੁਆਰ ਹੋ ਰਹੇ ਸਨ। ਇਸੇ ਤਰ੍ਹਾਂ ਨਾਲ ਮਰੀਜਾਂ ਦੇ ਹਿਸਾਬ ਨਾਲ ਗਾਇਨੀ ਡਾਕਟਰਾਂ ਦੀ ਵੀ ਇਥੇ ਭਾਰੀ ਘਾਟ ਹੈ। ਕੁਝ ਸਮੇਂ ਪਹਿਲਾਂ ਇਥੇ ਗਾਇਨੀ ਦੇ 5 ਡਾਕਟਰ ਤਾਇਨਾਤ ਸਨ। ਹੁਣ ਘੱਟ ਕੇ 2 ਰਹਿ ਗਏ ਹਨ। ਮਰੀਜਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਮਹਿਲਕਲਾਂ ਅਤੇ ਧਨੌਲਾ ਤੋਂ ਗਾਇਨੀ ਡਾਕਟਰ ਡਿਊਟੀ 'ਤੇ ਬੁਲਾਉਣੇ ਪੈਂਦੇ ਹਨ।

ਡਾਕਟਰਾਂ ਦੀਆਂ ਖਾਲੀ ਪਈਆਂ ਪੋਸਟਾਂ ਫੌਰੀ ਤੌਰ 'ਤੇ ਭਰੇ ਪੰਜਾਬ ਸਰਕਾਰ
ਕੌਂਸਲਰ ਯਾਦਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਸਹੂਲਤਾਂ ਲਈ ਬਰਨਾਲਾ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਦਾ ਨਿਰਮਾਣ ਹੋਇਆ ਹੈ। ਪਰ ਡਾਕਟਰਾਂ ਨੂੰ ਸਿਵਲ ਹਸਪਤਾਲ ਵਿਚ ਭੇਜਣਾ ਪੰਜਾਬ ਸਰਕਾਰ ਦਾ ਕੰਮ ਹੈ। ਡਾਕਟਰਾਂ ਦੀ ਕਮੀ ਕਾਰਨ ਮਰੀਜ਼ ਪਰੇਸ਼ਾਨ ਹੁੰਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲ ਦੇ ਆਧਾਰ 'ਤੇ ਡਾਕਟਰਾਂ ਦੀਆਂ ਖਾਲੀ ਪਾਈਆਂ ਪੋਸਟਾਂ ਨੂੰ ਭਰੇ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਮਿਲ ਸਕਣ।

ਡਾਕਟਰਾਂ ਦੀਆਂ ਖਾਲੀ ਪੋਸਟਾਂ ਭਰਨ ਲਈ ਲਿਖਕੇ ਭੇਜਿਆ ਹੈ ਸਰਕਾਰ ਨੂੰ
ਜਦੋਂ ਇਸ ਸਬੰਧੀ ਐੱਸ. ਐੱਮ. ਓ. ਜੋਤੀ ਕੌਸ਼ਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮੰਨਿਆ ਕਿ ਸਿਵਲ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਹੈ। ਡਾਕਟਰਾਂ ਦੀਆਂ ਖਾਲੀ ਪਈਆਂ ਪੋਸਟਾਂ ਭਰਨ ਲਈ ਸਰਕਾਰ ਨੂੰ ਲਿਖਕੇ ਭੇਜਿਆ ਹੈ। ਸਟਾਫ ਨਰਸ ਦੀਆਂ ਪੋਸਟਾਂ ਵੀ ਕਈ ਖਾਲੀ ਪਈਆਂ ਹਨ। ਉਨ੍ਹਾਂ ਨੂੰ ਵੀ ਭਰਨ ਲਈ ਸਰਕਾਰ ਨੂੰ ਲਿਖਕੇ ਭੇਜਿਆ ਹੈ।


cherry

Content Editor

Related News