ਬਾਂਸੇਪੁਰ ਸਥਿਤ Axis ਬੈਂਕ ਦੇ ਮੈਨੇਜਰ ਨੇ ਲੋਕਾਂ ਨਾਲ ਮਾਰੀ ਕਰੋੜਾਂ ਦੀ ਠੱਗੀ, 50 ਕਰੋੜ ਹੜੱਪ ਕੇ ਹੋਇਆ ਫਰਾਰ

Thursday, Feb 15, 2024 - 04:06 AM (IST)

ਬਾਂਸੇਪੁਰ ਸਥਿਤ Axis ਬੈਂਕ ਦੇ ਮੈਨੇਜਰ ਨੇ ਲੋਕਾਂ ਨਾਲ ਮਾਰੀ ਕਰੋੜਾਂ ਦੀ ਠੱਗੀ, 50 ਕਰੋੜ ਹੜੱਪ ਕੇ ਹੋਇਆ ਫਰਾਰ

ਨਿਊ ਚੰਡੀਗੜ੍ਹ (ਮੁਨੀਸ਼) : ਨਿਊ ਚੰਡੀਗੜ੍ਹ ਨਾਲ ਲੱਗਦੇ ਪਿੰਡ ਬਾਂਸੇਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੀ ਐਕਸਿਸ ਬੈਂਕ ਦੀ ਬ੍ਰਾਂਚ ਦੇ ਮੈਨੇਜਰ ਵੱਲੋਂ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰ ਲਏ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਲੋਕਾਂ ਨੇ ਕਰੋੜਾਂ ਰੁਪਏ ਐਕਸਿਸ ਬੈਂਕ ਦੀ ਬ੍ਰਾਂਚ ਵਿਚ ਜਮ੍ਹਾਂ ਕਰਵਾਏ ਸਨ। ਬੈਂਕ ਦਾ ਮੈਨੇਜਰ ਗੌਰਵ ਸ਼ਰਮਾ ਜਾਅਲੀ ਦਸਤਖ਼ਤ ਜਾਂ ਕਈ ਵਾਰ ਦਸਤਖ਼ਤ ਕੀਤੇ ਹੋਏ ਚੈੱਕ ਲੈ ਕੇ ਆਪਣੇ ਕੋਲ ਰੱਖ ਲੈਂਦਾ ਸੀ। ਬੁੱਧਵਾਰ ਨੂੰ ਬਾਂਸੇਪੁਰ ਦੇ ਨਿਵਾਸੀ ਪੈਸਾ ਕਢਾਉਣ ਲਈ ਬੈਂਕ ਪਹੁੰਚੇ ਤਾਂ ਉਨ੍ਹਾਂ ਦੇ ਖਾਤੇ ਖਾਲ੍ਹੀ ਸਨ ਤਾਂ ਕੁਝ ਦਾ ਕਾਫੀ ਪੈਸਾ ਉਨ੍ਹਾਂ ਦੀ ਜਾਣਕਾਰੀ ਤੋਂ ਬਿਨ੍ਹਾਂ ਕੱਢਿਆ ਜਾ ਚੁੱਕਾ ਸੀ। 

ਇਸ ਗੱਲ ਦਾ ਪਤਾ ਲੱਗਦੇ ਹੀ ਜਦੋਂ ਬੈਂਕ ਦੇ ਬਾਕੀ ਖਾਤਾ ਧਾਰਕ ਵੀ ਉੱਥੇ ਪਹੁੰਚੇ ਤਾਂ ਉਨ੍ਹਾਂ ਦੇ ਖਾਤਿਆਂ ਵਿਚੋਂ ਵੀ ਲੱਖਾਂ ਤੋਂ ਲੈ ਕੇ ਕਰੋੜਾਂ ਰੁਪਏ ਤੱਕ ਨਿਕਲ ਚੁੱਕੇ ਸਨ। ਬਾਕੀ ਲੋਕਾਂ ਨੇ ਬੈਂਕ ਆ ਕੇ ਬੈਂਕ ਖਾਤੇ ਦੀ ਸਟੇਟਮੈਂਟ ਕਢਵਾਈ ਤਾਂ ਉਨ੍ਹਾਂ ਨੂੰ ਠੱਗੀ ਦਾ ਪਤਾ ਲੱਗਿਆ। ਜਦੋਂ ਪੂਰੀ ਠੱਗੀ ਸਾਹਮਣੇ ਆਈ ਤਾਂ ਬਾਂਸੇਪੁਰ ਦੇ ਲੋਕਾਂ ਦੇ ਕਰੀਬਨ 50 ਕਰੋੜ ਰੁਪਏ ਕੱਢੇ ਜਾ ਚੁੱਕੇ ਸਨ ਅਤੇ ਮੈਨੇਜਰ ਗੌਰਵ ਸ਼ਰਮਾ ਇਹ ਪੈਸੇ ਕੱਢ ਕੇ ਫਰਾਰ ਹੋ ਚੁੱਕਿਆ ਹੈ। 

ਇਹ ਵੀ ਪੜ੍ਹੋ- ਪੁੱਤਰ ਨੂੰ ਗੁਰਦੁਆਰੇ ਛੱਡ ਮਾਂ ਹੋਈ ਆਸ਼ਕ ਨਾਲ ਫਰਾਰ, ਪਤਾ ਲੱਗਣ 'ਤੇ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ

ਪੁਲਸ ਨੇ ਮੁੱਲਾਂਪੁਰ ਗਰੀਬਦਾਸ ਥਾਣਾ ਵਿਚ ਧੋਖਾਧੜੀ ਪੀੜਤ 24 ਲੋਕਾਂ ਦੀ ਸ਼ਿਕਇਤਾਂ ਪਹੁੰਚ ਚੁੱਕੀਆਂ ਸਨ। ਦਿਨ ਵਿਚ ਲੋਕਾਂ ਨੇ ਜਦੋਂ ਬੈਂਕ ਦੇ ਬਾਹਰ ਪ੍ਰਦਰਸ਼ਨ ਕੀਤਾ ਤਾਂ ਲੋਕਾਂ ਦੀ ਕਰੋੜਾਂ ਦੀ ਕਮਾਈ ’ਤੇ ਹੱਥ ਸਾਫ ਕਰਨ ਵਾਲੇ ਬੈਂਕ ਮੈਨੇਜਰ ਖਿਲਾਫ ਡੀ.ਐੱਸ.ਪੀ. ਧਰਮਵੀਰ ਦੇ ਹੁਕਮਾਂ ’ਤੇ ਐੱਸ.ਐੱਚ.ਓ. ਸਿਮਰਨਜੀਤ ਸਿੰਘ ਪੁਲਸ ਪਾਰਟੀ ਸਹਿਤ ਪਹੁੰਚੇ ਤੇ ਲੋਕਾਂ ਨੂੰ ਸ਼ਾਂਤ ਕਰਵਾਇਆ। ਲੋਕਾਂ ਤੋਂ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਫਰਾਰ ਬੈਂਕ ਮੈਨੇਜਰ ਗੌਰਵ ਦੀ ਭਾਲ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦਸਤਾਵੇਜ਼ਾਂ ਦੇ ਨਾਲ ਬੈਂਕ ਦੇ ਉਚ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੈਂਕ ਮੈਨੇਜਰ ਗੌਰਵ ਸ਼ਰਮਾ ਪਠਾਨਕੋਟ ਦਾ ਰਹਿਣ ਵਾਲਾ ਹੈ ਜੋ ਨਿਊ ਚੰਡੀਗੜ੍ਹ ਦੀ ਇਕ ਸੁਸਾਇਟੀ ਵਿਚ ਰਹਿੰਦਾ ਸੀ।

ਜਾਅਲੀ ਤਰੀਕੇ ਨਾਲ ਪੈਸਾ ਕੱਢਿਆ, ਫਿਰ ਵੀ ਬੈਂਕ ਅਧਿਕਾਰੀ ਨਹੀਂ ਪਹੁੰਚੇ
ਲੋਕਾਂ ਦਾ ਦੋਸ਼ ਹੈ ਕਿ ਕਥਿਤ ਮੁਲਜ਼ਮ ਬੈਂਕ ਮੈਨੇਜਰ ਗੌਰਵ ਲੋਕਾਂ ਦਾ ਪੈਸਾ ਜਾਅਲੀ ਤਰੀਕੇ ਨਾਲ ਟ੍ਰਾਂਸਫਰ ਕਰਦਾ ਰਿਹਾ। ਗੌਰਵ ਸ਼ਰਮਾ ’ਤੇ ਦੋਸ਼ ਹੈ ਕਿ ਉਹ ਜਾਅਲੀ ਤਰੀਕੇ ਨਾਲ ਬੈਂਕ ਦੀ ਸ਼ਾਖਾ ਦੇ ਖਾਤਾ ਧਾਰਕਾਂ ਦੇ ਪੈਸੇ ਟ੍ਰਾਂਸਫਰ ਕਰ ਚੁੱਕਾ ਹੈ। ਨਿਊ ਚੰਡੀਗੜ੍ਹ ਦੇ ਐਕਸਿਸ ਬੈਂਕ ਦੀ ਬ੍ਰਾਂਚ ਮੈਨੇਜਰ ਗੌਰਵ ਸ਼ਰਮਾ ’ਤੇ ਲੋਕਾਂ ਨੇ ਕਈ ਗੰਭੀਰ ਦੋਸ਼ ਲਗਾਏ ਹਨ। ਪੀੜਤ ਖਾਤਾ ਧਾਰਕਾਂ ਦਾ ਇਹ ਵੀ ਦੋਸ਼ ਹੈ ਕਿ ਮੁਲਜ਼ਮ ਦੇਰ ਰਾਤ ਤੱਕ ਬ੍ਰਾਂਚ ਵਿਚ ਬੈਠਿਆ ਰਹਿੰਦਾ ਸੀ ਅਤੇ ਕਈ ਅਣਜਾਣ ਲੋਕ ਵੀ ਉਸ ਕੋਲ ਆਉਂਦੇ ਸਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਹਾਲੇ ਤੱਕ ਵੀ ਬੈਂਕ ਦਾ ਉੱਚ ਅਧਿਕਾਰੀ ਇੱਥੇ ਸਾਰ ਲੈਣ ਨਹੀਂ ਪਹੁੰਚਿਆ। ਉੱਥੇ ਹੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਚੀਨ ਦੀਆਂ ਕੁੜੀਆਂ ਵਿਆਹ ਤੋਂ ਕਰ ਰਹੀਆਂ ਕਿਨਾਰਾ, 'ਆਰਟੀਫਿਸ਼ੀਅਲ ਬੁਆਏਫ੍ਰੈਂਡ' ਨਾਲ ਨੇ ਜ਼ਿਆਦਾ ਖੁਸ਼

ਇਸ ਤਰ੍ਹਾਂ ਕਰਦਾ ਰਿਹਾ ਬੈਂਕ ਮੈਨੇਜਰ ਠੱਗੀ
ਲੋਕਾਂ ਦਾ ਦੋਸ਼ ਹੈ ਕਿ ਬੈਂਕ ਮੈਨੇਜਰ ਗੌਰਵ ਸ਼ਰਮਾ ਸ਼ਾਮ ਨੂੰ ਬੈਂਕ ਤੋਂ ਚਲਾ ਜਾਂਦਾ ਸੀ ਪਰ ਕਈ ਵਾਰ ਦੇਰ ਰਾਤ 10 ਤੋਂ 11 ਵਜੇ ਤੱਕ ਬੈਂਕ ਵਿਚ ਦੇਖਿਆ ਗਿਆ ਹੈ। ਗੌਰਵ ਸ਼ਰਮਾ ਲੋਕਾਂ ਤੋਂ ਕਈ ਵਾਰ ਚੈੱਕ ’ਤੇ ਦਸਤਖ਼ਤ ਕਰਵਾ ਲੈਂਦਾ ਸੀ। ਪਰ ਦਸਤਖ਼ਤ ਗਲਤ ਕੀਤੇ ਜਾਣ ਦੀ ਗੱਲ ਕਹਿ ਕੇ ਨਵਾਂ ਚੈੱਕ ਲੈ ਲੈਂਦਾ ਸੀ ਅਤੇ ਗ਼ਲਤ ਦਸਤਖਤ ਵਾਲੇ ਚੈੱਕ ਵਾਪਸ ਨਹੀਂ ਕਰਦਾ ਸੀ। ਚੈੱਕ ਦੇ ਬਿਨ੍ਹਾਂ ਬੈਂਕ 'ਚੋਂ ਪੈਸਾ ਕਢਵਾਉਣ ਵਾਲੇ ਲੋਕਾਂ ਨਾਲ ਵੀ ਅਜਿਹਾ ਕੁਝ ਹੀ ਹੁੰਦਾ ਸੀ ਅਤੇ ਦੁਬਾਰਾ ਫਾਰਮ ਭਰਵਾ ਕੇ ਪੈਸੇ ਦੇ ਦਿੱਤੇ ਜਾਂਦੇ ਸਨ। ਪਰ ਗ਼ਲਤ ਭਰੇ ਗਏ ਫਾਰਮ ਵਾਪਸ ਨਹੀਂ ਕੀਤੇ ਜਾਂਦੇ ਸੀ। ਲੋਕਾਂ ਦਾ ਦੋਸ਼ ਹੈ ਕਿ ਮੁਲਜ਼ਮ ਮੈਨੇਜਰ ਨੇ ਕੁਝ ਲੋਕਾਂ ਦੇ ਜਾਅਲੀ ਦਸਤਖ਼ਤ ਵੀ ਖੁਦ ਕੀਤੇ ਹਨ ਅਤੇ ਪੈਸਾ ਕੱਢਿਆ ਹੈ।

ਨਾ ਪਾਸਬੁੱਕ ਅਪਡੇਟ ਕਰਦਾ ਸੀ ਅਤੇ ਨਾ ਹੀ ਲੋਕਾਂ ਨੂੰ ਮੈਸੇਜ ਆਉਂਦੇ ਸਨ
ਬੈਂਕ ਖਾਤਾ ਧਾਰਕਾਂ ਦਾ ਦੋਸ਼ ਹੈ ਕਿ ਕਈ ਵਾਰ ਉਨ੍ਹਾਂ ਨੇ ਆਪਣ ਬੈਂਕ ਖਾਤਿਆਂ ਦੀ ਪਾਸਬੁੱਕ ਨੂੰ ਅਪਡੇਟ ਕਰਵਾਉਣ ਲਈ ਵੀ ਕਿਹਾ ਤਾਂ ਉਨ੍ਹਾਂ ਦੀ ਪਾਸਬੁੱਕ ਨੂੰ ਅਪਡੇਟ ਨਹੀਂ ਕੀਤਾ ਗਿਆ। ਹਰ ਵਾਰ ਇਹ ਕਿਹਾ ਗਿਆ ਕਿ ਬੈਂਕ ਦੇ ਸਰਵਰ ਜਾਂ ਮਸ਼ੀਨ ਵਿਚ ਕੋਈ ਦਿੱਕਤ ਹੈ। ਇਸ ਲਈ ਅਗਲੀ ਵਾਰ ਪਾਸਬੁੱਕ ਅਪਡੇਟ ਹੋ ਜਾਵੇਗੀ। ਅਜਿਹਾ ਪਿਛਲੇ 4-5 ਮਹੀਨੇ ਤੋਂ ਹੋ ਰਿਹਾ ਹੈ। ਇਹੀ ਨਹੀਂ ਜਿਨ੍ਹਾਂ ਲੋਕਾਂ ਦੇ ਖਾਤੇ ਤੋਂ ਕਰੋੜਾਂ ਰੁਪਏ ਕੱਢੇ ਗਏ। ਉਨ੍ਹਾਂ ਦੇ ਮੋਬਾਇਲ ’ਤੇ ਮੈਸੇਜ ਆਉਣੇ ਬੰਦ ਹੋ ਗਏ, ਕਿਉਂਕਿ ਬੈਂਕ ਮੈਨੇਜਰ ਨੇ ਇਨ੍ਹਾਂ ਲੋਕਾਂ ਦੇ ਖਾਤਿਆਂ ਦੇ ਨਾਲ ਅਟੈਚ ਫੋਨ ਨੰਬਰ ਜਾਂ ਤਾਂ ਬੰਦ ਕਰ ਦਿੱਤੇ ਜਾਂ ਬਦਲ ਦਿੱਤੇ ਗਏ।

ਲੋਕਾਂ ਦੀ ਸ਼ਿਕਾਇਤ ਉੱਤੇ ਪੁਲਸ ਨੇ ਐਕਸਿਸ ਬੈਂਕ ਦੇ ਮੈਨੇਜਰ ਗੌਰਵ ਸ਼ਰਮਾ ਅਤੇ ਕਰਮਚਾਰੀ ਸੰਨਜੀਤ ਕੁਮਾਰ ਖ਼ਿਲਾਫ਼ ਆਈਪੀਸੀ ਦੀ ਧਾਰਾ 381, 409 ਅਤੇ 120-ਬੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ ਇਹ ਐੱਫ.ਆਈ.ਆਰ. ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ- ਹੁਣ ਮੋਹਾਲੀ 'ਚ ਕੱਟੇ ਜਾਣਗੇ ਆਨਲਾਈਨ ਚਲਾਨ, PPHC ਲਗਵਾਏਗੀ ਸ਼ਹਿਰ ਦੀਆਂ ਸੜਕਾਂ 'ਤੇ HD ਕੈਮਰੇ

ਠੱਗੀ ਤੋਂ ਬਚਣ ਲਈ ਇਸ ਤਰ੍ਹਾਂ ਕਰੋ:
-ਹਮੇਸਾ ਬੈਂਕ ਵਿਚ ਗ਼ਲਤ ਭਰਿਆ ਹੋਇਆ ਚੈੱਕ ਵਾਪਿਸ ਜ਼ਰੂਰ ਲਓ ਅਤੇ ਪਾੜ ਦਿਓ।
-ਨਕਦੀ ਕਢਵਾਉਣ ਲਈ ਭਰਿਆ ਹੋਇਆ ਗ਼ਲਤ ਵਿਡਰਾਲ ਫਾਰਮ ਪਾੜ ਦਿਓ।
-ਅਚਾਨਕ ਬੈਂਕ ਦੇ ਸੰਦੇਸ਼ ਆਉਣੇ ਬੰਦ ਹੋਣ ਤਾਂ ਬੈਂਕ ਨਾਲ ਸੰਪਰਕ ਕਰੋ।
-ਬੈਂਕ ਪਾਸਬੁੱਕ ਨੂੰ ਅਪਡੇਟ ਕਰਦੇ ਰਹੋ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News