ਬੀ. ਬੀ. ਐੱਮ. ਬੀ. ਨੇ ਭਾਜਪਾ ਦੇ ਇਸ਼ਾਰੇ ’ਤੇ ਰਾਜਸਥਾਨ ਨੂੰ ਛੱਡਿਆ ਪਾਣੀ : ਬੈਂਸ

Thursday, Sep 20, 2018 - 07:07 AM (IST)

ਬੀ. ਬੀ. ਐੱਮ. ਬੀ. ਨੇ ਭਾਜਪਾ ਦੇ ਇਸ਼ਾਰੇ ’ਤੇ ਰਾਜਸਥਾਨ ਨੂੰ ਛੱਡਿਆ ਪਾਣੀ : ਬੈਂਸ

ਲੁਧਿਆਣਾ, (ਪਾਲੀ)- ਭਾਖਡ਼ਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਵਲੋਂ ਜੂਨ ਮਹੀਨੇ ’ਚ ਰਾਜਸਥਾਨ ਨੂੰ 3.5 ਲੱਖ ਕਿਊਸਕ ਵਾਧੂ ਪਾਣੀ ਛੱਡੇ ਜਾਣ ’ਤੇ ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੌਜੂਦਾ ਕਾਂਗਰਸ ਸਰਕਾਰ ਨੂੰ ਕਟਹਿਰੇ ’ਚ ਖਡ਼੍ਹਾ ਕਰਦਿਆਂ ਸਾਫ ਕਿਹਾ ਕਿ ਆਪਣੇ-ਆਪ ਨੂੰ ਪਾਣੀਆਂ ਦਾ ਰਾਖਾ ਕਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਦੇ ਇਸ਼ਾਰੇ ’ਤੇ ਹੀ ਚੁੱਪੀ ਧਾਰ ਕੇ ਬੈਠੇ ਹਨ, ਕਿਉਂਕਿ ਬਾਦਲ ਪਰਿਵਾਰ ਦੀ ਨੂੰਹ ਕੇਂਦਰ ’ਚ ਵਜ਼ੀਰ ਹੈ।  
     ਵਿਧਾਇਕ ਬੈਂਸ ਅੱਜ ਆਪਣੇ ਕੋਟ ਮੰਗਲ ਸਿੰਘ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵਿਧਾਇਕ ਬੈਂਸ ਨੇ ਦੱਸਿਆ ਕਿ ਇਕ ਰਿਪੋਰਟ ਅਨੁਸਾਰ ਬੀ.ਬੀ.ਐੱਮ.ਬੀ. ਨੇ ਇਸ ਵਰ੍ਹੇ ਜੂਨ ਮਹੀਨੇ ’ਚ ਰਾਜਸਥਾਨ ਨੂੰ ਜ਼ਰੂਰਤ ਨਾਲੋਂ ਵੀ 3.5 ਲੱਖ ਕਿਊਸਕ ਪਾਣੀ ਭਾਜਪਾ ਦੀ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਛੱਡਿਆ ਹੈ। ਇਸ ਸਬੰਧੀ ਉਨ੍ਹਾਂ ਸਾਫ ਕੀਤਾ ਕਿ ਬੀ.ਬੀ.ਐੱਮ.ਬੀ. ’ਚ ਚੇਅਰਮੈਨ ਤੇ ਮੈਂਬਰ ਕੇਂਦਰ ਵਲੋਂ ਨਿਯੁਕਤ ਕੀਤੇ ਜਾਂਦੇ ਹਨ ਤੇ ਰਾਜਸਥਾਨ ’ਚ ਆ ਰਹੀਆਂ ਅਸੰਬਲੀ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਇਸ਼ਾਰੇ ’ਤੇ ਬੀ.ਬੀ.ਐੱਮ.ਬੀ. ਦੇ ਅਧਿਕਾਰੀਆਂ ਨੇ ਪੰਜਾਬ ਦਾ ਬੇਸ਼ਕੀਮਤੀ ਪਾਣੀ ਰਾਜਸਥਾਨ ਨੂੰ ਛੱਡਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੀ.ਬੀ.ਐੱਮ.ਬੀ. ਦੇ ਚੇਅਰਮੈਨ ਦਵਿੰਦਰ ਸ਼ਰਮਾ ਨੇ ਵੀ ਮੰਨਿਆ ਹੈ ਕਿ ਇਸ ਸਾਲ ਵਾਧੂ ਪਾਣੀ ਛੱਡਿਆ ਗਿਆ ਸੀ। ਜਦੋਂ ਕਿ ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਦਾ ਵੀ ਇਹੋ ਕਹਿਣਾ ਹੈ ਕਿ ਇਸ ਸਾਲ ਮਈ ਤੇ ਜੂਨ ’ਚ ਰਾਜਸਥਾਨ ਨੂੰ 3.5 ਲੱਖ ਕਿਊਸਕ ਵਾਧੂ ਪਾਣੀ ਜਾਰੀ ਕੀਤਾ ਗਿਆ ਸੀ।
      ਵਿਧਾਇਕ ਬੈਂਸ ਨੇ ਕਿਹਾ ਕਿ ਉਹ ਪਾਣੀਆਂ ਸਬੰਧੀ ਜਿਥੇ ਪੰਜਾਬ ਵਾਸੀਆਂ ਨੂੰ ਜਾਗਰੂਕ ਕਰਨਗੇ ਉਥੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਉਹ ਇਹ ਮੁੱਦਾ ਉਠਾਉਣਗੇ ਤੇ ਪੰਜਾਬ ਦੇ ਪਾਣੀਆਂ ਨੂੰ ਕਿਸੇ ਵੀ ਕੀਮਤ ’ਤੇ ਅਜਾਈਂ ਨਹੀਂ ਜਾਣ ਦੇਣਗੇ। ਇਸ ਦੌਰਾਨ ਜਥੇਦਾਰ ਜਸਵਿੰਦਰ ਸਿੰਘ ਖਾਲਸਾ, ਮਨਿੰਦਰ ਸਿੰਘ ਮਨੀ ਤੇ ਹੋਰ ਵੀ ਹਾਜ਼ਰ ਸਨ। 


Related News