ਮਾਮਲਾ ਆਟੋ ਯੂਨੀਅਨ ''ਚ ਹੋਏ ਝਗੜੇ ਦਾ: 2 ਧਿਰਾਂ ''ਚ ਚੱਲੇ ਇੱਟਾਂ-ਰੋੜੇ

Friday, May 31, 2019 - 11:37 AM (IST)

ਮਾਮਲਾ ਆਟੋ ਯੂਨੀਅਨ ''ਚ ਹੋਏ ਝਗੜੇ ਦਾ: 2 ਧਿਰਾਂ ''ਚ ਚੱਲੇ ਇੱਟਾਂ-ਰੋੜੇ

ਪਟਿਆਲਾ (ਬਲਜਿੰਦਰ)—ਦੋ ਦਿਨ ਪਹਿਲਾਂ ਸ਼ਹਿਰ ਦੇ ਐੈੱਨ. ਆਈ. ਐੈੱਸ. ਚੌਕ ਕੋਲ ਆਟੋ ਯੂਨੀਅਨ ਦੇ 2 ਧੜਿਆਂ 'ਚ ਹੋਇਆ ਝਗੜਾ ਰੁਕਣ ਦਾ ਨਾਂ ਨਹੀਂ ਲੈ ਰਿਹਾ। 2 ਦਿਨ ਪਹਿਲਾਂ ਖੁੱਲ੍ਹ ਕੇ ਇੱਟਾਂ-ਰੋੜੇ ਚੱਲਣ ਤੋਂ ਬਾਅਦ ਬੀਤੀ ਰਾਤ ਫਿਰ ਤੋਂ ਇੱਟਾਂ-ਰੋੜੇ ਚੱਲੇ। ਇਕ ਧੜੇ ਨੇ ਦੂਜੇ ਦੇ ਘਰ 'ਤੇ ਹਮਲਾ ਕਰ ਦਿੱਤਾ। ਝਗੜੇ ਵਿਚ 3 ਵਿਅਕਤੀ ਜ਼ਖਮੀ ਹੋ ਗਏ।
ਦੂਜੇ ਪਾਸੇ ਮੌਕੇ 'ਤੇ ਪੁਲਸ ਪਹੁੰਚੀ ਤਾਂ ਉਨ੍ਹਾਂ ਦੋਵਾਂ ਧੜਿਆਂ ਨੂੰ ਤਿੱਤਰ-ਬਿੱਤਰ ਕੀਤਾ। ਝਗੜਾ ਇਨਾ ਖਤਰਨਾਕ ਮੋੜ ਲੈ ਗਿਆ ਕਿ ਸੜਕ 'ਤੇ ਇੱਟਾਂ-ਰੋੜਿਆਂ ਅਤੇ ਬੋਤਲਾਂ ਦਾ ਕੱਚ ਵੱਡੀ ਮਾਤਰਾ ਵਿਚ ਪਿਆ ਸੀ। ਘਟਨਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਥਾਣਾ ਡਵੀਜ਼ਨ ਨੰ. 2 ਦੇ ਐੈੱਸ. ਐੈੱਚ. ਓ. ਸਾਹਬ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਹਮਲਾਵਰਾਂ ਨੂੰ ਉਥੋਂ ਖਦੇੜ ਦਿੱਤਾ। ਇਸ ਮਾਮਲੇ ਵਿਚ ਜ਼ਖਮੀ ਵਿਅਕਤੀਆਂ 'ਚੋਂ ਇਕ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਨੇ ਉਸ ਦੇ ਬਿਆਨ ਦਰਜ ਕਰ ਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ-2 ਦੇ ਐੈੱਸ. ਐੈੱਚ. ਓ. ਸਾਹਿਬ ਸਿੰਘ ਨੇ

ਦੱਸਿਆ ਕਿ ਇਹ ਝਗੜਾ ਪਹਿਲਾਂ ਹੋਏ ਝਗੜੇ ਨਾਲ ਸਬੰਧਤ ਹੈ। ਫਿਰ ਤੋਂ ਇਕ ਧੜੇ ਨੇ ਦੂਜੇ ਹਮਲਾ ਕੀਤਾ। ਪੁਲਸ ਪਹਿਲਾਂ ਇਸ ਮਾਮਲੇ ਵਿਚ ਕੇਸ ਦਰਜ ਕਰ ਚੁੱਕੀ ਹੈ। ਇਸ ਸਮੇਂ ਵੀ ਉਨ੍ਹਾਂ ਦਾ ਡਿਊਟੀ ਅਫਸਰ ਹਸਪਤਾਲ ਵਿਚ ਭਰਤੀ ਜ਼ਖਮੀਆਂ ਦੇ ਬਿਆਨ ਦਰਜ ਕਰਨ ਲਈ ਗਿਆ ਹੈ।ਬਿਆਨ ਦੇ ਆਧਾਰ 'ਤੇ ਜੇਕਰ ਧਾਰਾਵਾਂ ਵਿਚ ਵਾਧਾ ਕਰਨਾ ਬਣਦਾ ਹੋਇਆ ਜਾਂ ਫਿਰ ਹੋਰ ਕਿਸੇ ਵਿਅਕਤੀ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕਰਨਾ ਬਣਦਾ ਹੈ ਤਾਂ ਉਹ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪਣੇ ਇਲਾਕੇ ਵਿਚ ਇਸ ਤਰ੍ਹਾਂ ਦੀ ਗੁੰਡਾਗਰਦੀ ਨਹੀਂ ਹੋਣ ਦੇਣਗੇ।


author

Shyna

Content Editor

Related News