ਐਲਾਨ ਦੇ ਬਾਵਜੂਦ ਵੀ ''ਸਾਹਬ'' ਨਹੀ ਪੁੱਜੇ, ਸਹਾਇਕ ਕਮਿਸ਼ਨਰ ਨੇ ਸੁਣੀਆਂ ਸ਼ਿਕਾਇਤਾਂ

01/30/2020 12:02:36 PM

ਪਟਿਆਲਾ (ਜੋਸਨ): ਮੁੱਖ ਮੰਤਰੀ ਪੰਜਾਬ ਦੇ ਆਪਣੇ ਸ਼ਹਿਰ ਵਿਚ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਹਰ ਬੁੱਧਵਾਰ ਲਾਏ ਜਾਂਦੇ 'ਸੰਗਤ ਦਰਬਾਰ' ਤੋਂ ਹੁਣ ਜ਼ਿਲੇ ਦੇ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਹੈ। ਇਹ ਅੱਜ ਪੂਰੀ ਤਰ੍ਹਾਂ ਠੁੱਸ ਸਾਬਤ ਹੋਇਆ ਹੈ। ਅੱਜ ਇਸ 'ਦਰਬਾਰ' ਵਿਚ ਬੀਤੇ ਕੱਲ ਆਪਣੇ ਐਲਾਨ ਦੇ ਬਾਵਜੂਦ ਡੀ. ਸੀ. ਪਟਿਆਲਾ ਕੁਮਾਰ ਅਮਿਤ ਨਹੀਂ ਪੁੱਜੇ। ਉਨ੍ਹਾਂ ਇਹ ਸ਼ਿਕਾਇਤਾਂ ਸੁਣਨ ਦੀ ਜ਼ਿੰਮੇਵਾਰੀ ਆਪਣੀ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਇਨਾਇਤ ਅਤੇ ਸਹਾਇਕ ਕਮਿਸ਼ਨਰ (ਜ) ਡਾ. ਇਸ਼ਮਤ ਵਿਜੇ ਸਿੰਘ ਨੂੰ ਸੌਂਪ ਦਿੱਤੀ। ਉਧਰ ਇਸ 'ਸੰਗਤ ਦਰਬਾਰ' ਵਿਚ ਅੱਜ ਸਿਰਫ 8 ਵਿਅਕਤੀ ਹੀ ਸ਼ਿਕਾਇਤਾਂ ਲੈ ਕੇ ਪੁੱਜੇ।ਡੀ. ਸੀ. ਦੀ ਗੈਰ-ਹਾਜ਼ਰੀ ਵਿਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਇਨਾਇਤ, ਸਹਾਇਕ ਕਮਿਸ਼ਨਰ (ਜ) ਡਾ. ਇਸ਼ਮਤ ਵਿਜੇ ਸਿੰਘ, ਜ਼ਿਲਾ ਮਾਲ ਅਫ਼ਸਰ ਹਰਸ਼ਰਨਜੀਤ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਰਿੰਦਰ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀਆਂ ਨੇ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਆਮ ਲੋਕਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਦਰਖਾਸਤਾਂ ਤੇ ਸ਼ਿਕਾਇਤਾਂ ਆਦਿ ਹੱਲ ਕਰਨ ਦਾ ਵਾਇਦਾ ਕੀਤਾ ਹੈ।

ਪਹੁੰਚੀਆਂ ਸਿਰਫ਼ 8 ਸ਼ਿਕਾਇਤਾਂ
ਇਸ ਦੌਰਾਨ ਅੱਜ ਸਿਰਫ 8 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜੋ ਮਾਲ, ਪੰਚਾਇਤਾਂ ਤੇ ਪੇਂਡੂ ਵਿਕਾਸ, ਸਮਾਜਕ ਸੁਰੱਖਿਆ ਅਤੇ ਆਮ ਪ੍ਰਸ਼ਾਸਨ ਨਾਲ ਸਬੰਧਤ ਹਨ। ਜ਼ਿਲਾ ਪ੍ਰਸਾਸ਼ਨ ਨੇ ਅੱਜ ਦਾਅਵਾ ਕੀਤਾ ਕਿ ਪਹਿਲੇ 'ਸੰਗਤ ਦਰਬਾਰਾਂ' ਵਿਚ ਪ੍ਰਾਪਤ ਸ਼ਿਕਾਇਤਾਂ ਵਿਚੋਂ 14 ਦਾ ਨਿਪਟਾਰਾ ਹੋ ਚੁੱਕਾ ਹੈ।

ਜ਼ਿਲੇ 'ਚ ਹਨ 8 ਵਿਧਾਨ ਸਭਾ ਹਲਕੇ
ਪਟਿਆਲਾ ਜ਼ਿਲੇ ਵਿਚ 8 ਵਿਧਾਨ ਸਭਾ ਹਲਕੇ ਆਉਂਦੇ ਹਨ। ਇਨਵਾਂ ਵਿਚ ਸੈਂਕੜੇ ਲੋਕ ਸ਼ਿਕਾਇਤਾਂ ਹੱਲ ਨਾ ਹੋਣ ਅਤੇ ਅਧਿਕਾਰੀਆਂ ਵੱਲੋਂ ਸੁਣਵਾਈ ਨਾ ਹੋਣ ਦੀਆਂ ਦੁਹਾਈਆਂ ਪਾਉਂਦੇ ਹਨ ਪਰ ਡੀ. ਸੀ. ਦੇ 'ਸੰਗਤ ਦਰਬਾਰ' ਵਿਚ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੀ ਨਹੀਂ ਹੋ ਰਹੀਆਂ। ਲੋਕਾਂ ਦਾ ਇਸ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਉੱਠ ਚੁੱਕਾ ਹੈ। ਲੋਕ ਇਥੇ ਆਉਣਾ ਵੀ ਪਸੰਦ ਨਹੀਂ ਕਰਦੇ। ਉਨ੍ਹਾਂ ਨੂੰ ਲਗਦਾ ਹੈ ਕਿ ਇਥੇ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਸਕੇਗਾ। 'ਸੰਗਤ ਦਰਬਾਰ' ਵਿਚ ਆਈਆਂ ਪਹਿਲੀਆਂ ਸ਼ਿਕਾਇਤਾਂ ਪੂਰੀ ਤਰ੍ਹਾਂ ਧੂੜ ਚੱਟ ਰਹੀਆਂ ਹਨ।

ਪ੍ਰੈੱਸ ਨੋਟ ਜਾਰੀ ਕਰ ਕੇ ਕੀਤਾ ਸੀ ਐਲਾਨ
ਬੀਤੇ ਕੱਲ ਬਾਕਾਇਦਾ ਤੌਰ 'ਤੇ ਸਰਕਾਰੀ ਪ੍ਰੈੱਸ ਨੋਟ ਜਾਰੀ ਕਰ ਕੇ ਇਹ ਐਲਾਨ ਕੀਤਾ ਗਿਆ ਸੀ ਕਿ ਡੀ. ਸੀ. ਕੁਮਾਰ ਅਮਿਤ ਅੱਜ ਬੁੱਧਵਾਰ ਨੂੰ ਲੋਕਾਂ ਦੀਆਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸ਼ਿਕਾਇਤਾਂ ਸੁਣਨਗੇ। ਅੱਜ ਡੀ. ਸੀ. ਇਥੇ ਹੀ ਮੌਜੂਦ ਹੋਣ ਤੋਂ ਬਾਅਦ ਵੀ 'ਸੰਗਤ ਦਰਬਾਰ' 'ਚ ਨਹੀਂ ਪੁੱਜੇ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਡੀ. ਸੀ. ਸਾਹਿਬ ਲੋਕਾਂ ਦੀਆਂ ਸ਼ਿਕਾਇਤਾਂ ਪ੍ਰਤੀ ਗੰਭੀਰ ਨਹੀਂ। ਜ਼ਿਲੇ ਦੇ ਲੋਕ ਇਸ ਸਬੰਧੀ ਜਲਦ ਹੀ ਮੁੱਖ ਮੰਤਰੀ ਪੰਜਾਬ ਦਾ ਦਰਵਾਜ਼ਾ ਖੜਕਾਉਣ ਜਾ ਰਹੇ ਹਨ।

ਦਫ਼ਤਰ 'ਚ ਬੈਠ ਕੇ ਹੋਰ ਮੀਟਿੰਗ ਕਰ ਰਹੇ ਸਨ ਕੁਮਾਰ ਅਮਿਤ
ਹੈਰਾਨੀ ਹੈ ਕਿ ਆਪ 'ਸੰਗਤ ਦਰਬਾਰ' ਦਾ ਐਲਾਨ ਕਰਨ ਤੋਂ ਬਾਅਦ ਡੀ. ਸੀ. ਕੁਮਾਰ ਅਮਿਤ ਇਕ ਹੀ ਬਿਲਡਿੰਗ ਵਿਚ ਆਪਣੇ ਹੀ ਦਫਤਰ ਵਿਖੇ ਕਿਸੇ ਹੋਰ ਮੀਟਿੰਗ ਵਿਚ ਵਿਅਸਤ ਰਹੇ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਲੋਕਾਂ ਦੇ ਮਸਲਿਆਂ ਪ੍ਰਤੀ ਡੀ. ਸੀ. ਸਾਹਿਬ ਗੰਭੀਰ ਨਹੀਂ ਹਨ।

ਡੀ. ਸੀ. ਸਾਹਿਬ ਕਿਸੇ ਹੋਰ ਮੀਟਿੰਗ ਵਿਚ ਬਿਜ਼ੀ ਸਨ : ਡਾ. ਇਸਮਤ
ਇਸ ਮੌਕੇ ਸ਼ਿਕਾਇਤਾਂ ਸੁਣਨ ਵਾਲੇ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਨਾਲ ਜਦੋਂ ਰਾਬਤਾ ਬਣਾਇਆ ਤਾਂ ਉਨ੍ਹਾਂ ਕਿਹਾ ਕਿ ਡੀ. ਸੀ. ਕਿਸੇ ਹੋਰ ਮੀਟਿੰਗ ਵਿਚ ਵਿਅਸਤ ਸਨ। ਉਨ੍ਹਾਂ ਦਾਅਵਾ ਕੀਤਾ ਕਿ ਜਿਹੜੇ ਵੀ ਸ਼ਿਕਾਇਤ-ਕਰਤਾ ਅੱਜ ਆਏ ਸਨ, ਉਨ੍ਹਾਂ ਦੀਆਂ ਸ਼ਿਕਾਇਤਾਂ ਪੂਰੇ ਧਿਆਨ ਨਾਨ ਸੁਣੀਆਂ ਗਈਆਂ ਹਨ। ਇਨ੍ਹਾਂ ਨੂੰ ਹੱਲ ਕਰਨ ਦੇ ਹੁਕਮ ਦਿੱਤੇ ਗਏ ਹਨ। 


Shyna

Content Editor

Related News