ਕਿਸ਼ਤਾਂ 'ਚ ਰਿਸ਼ਵਤ ਲੈਣ ਵਾਲਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ, ਪਹਿਲਾਂ ਲੈ ਚੁੱਕਾ ਸੀ 3,000

Tuesday, Nov 07, 2023 - 08:29 PM (IST)

ਕਿਸ਼ਤਾਂ 'ਚ ਰਿਸ਼ਵਤ ਲੈਣ ਵਾਲਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ, ਪਹਿਲਾਂ ਲੈ ਚੁੱਕਾ ਸੀ 3,000

ਚੰਡੀਗੜ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਦੌਰਾਨ ਐੱਸ.ਬੀ.ਐੱਸ. ਨਗਰ ਜ਼ਿਲ੍ਹੇ ਦੇ ਥਾਣਾ ਬਲਾਚੌਰ ਸਦਰ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ) ਲੇਖ ਰਾਜ ਨੂੰ 1,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਏ.ਐੱਸ.ਆਈ ਨੂੰ ਬਲਾਚੌਰ ਤਹਿਸੀਲ ਦੇ ਪਿੰਡ ਮੋਹਰਾਂ ਦੇ ਵਸਨੀਕ ਚਰਨ ਦਾਸ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਦਿੱਤਾ ਰਾਜਪਾਲ ਨੂੰ ਆਦੇਸ਼, ਕਿਹਾ- 'ਅਜਿਹੇ ਮਾਮਲੇ ਸੁਪਰੀਮ ਕੋਰਟ ਆਉਣ ਤੋਂ ਪਹਿਲਾਂ ਹੀ ਸੁਲਝਾਓ'

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਦੋਸ਼ੀ ਪੁਲਿਸ ਮੁਲਾਜ਼ਮ ਉਸ ਦੇ ਪੁੱਤਰ 'ਤੇ ਝਗੜੇ ਕਾਰਨ ਹੋਈ ਪੁਲਸ ਸ਼ਿਕਾਇਤ ਦੇ ਸਬੰਧ ਵਿੱਚ ਉਸ ਨੂੰ 1,000 ਰੁਪਏ ਦੀ ਰਿਸ਼ਵਤ ਦੇਣ ਲਈ ਦਬਾਅ ਪਾ ਰਿਹਾ ਹੈ ਜਦਕਿ ਇਹ ਮਾਮਲਾ ਪਿੰਡ 'ਚ ਹੋਏ ਝਗੜੇ ਨਾਲ ਸੰਬੰਧਤ ਸੀ, ਜਿਸ ਦਾ ਪਹਿਲਾਂ ਹੀ ਪੰਚਾਇਤੀ ਸਮਝੌਤਾ ਹੋ ਚੁੱਕਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਦੋਸ਼ ਲਾਇਆ ਕਿ ਉਕਤ ਏ.ਐੱਸ.ਆਈ. ਨੇ ਉਸ ਅਤੇ ਉਸ ਦੇ ਮੁੰਡੇ ਖ਼ਿਲਾਫ਼ ਪੁਲਸ ਕੇਸ ਦਰਜ ਕਰਨ ਦੀ ਧਮਕੀ ਦੇ ਕੇ 5 ਹਜ਼ਾਰ ਰੁਪਏ ਰਿਸ਼ਵਤ ਵਜੋਂ ਮੰਗੇ ਸੀ ਅਤੇ ਇਸ ਵਿੱਚੋਂ 3,000 ਪੇਸ਼ਗੀ ਲੈ ਚੁੱਕਾ ਹੈ ਤੇ ਹੁਣ ਉਸ ਨੇ 1,000 ਰੁਪਏ ਹੋਰ ਰਿਸ਼ਵਤ ਦੇਣ ਲਈ ਕਿਹਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ ਜਲੰਧਰ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਏ.ਐੱਸ.ਆਈ. ਲੇਖ ਰਾਜ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 1,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾ ਦੱਸਿਆ ਕਿ ਦੋਸ਼ੀ ਏ.ਐੱਸ.ਆਈ ਦੇ ਖ਼ਿਲਾਫ਼ ਵਿਜੀਲੈਂਸ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਨਿਗਮ ਕਮਿਸ਼ਨਰ ਨੇ ਜ਼ੋਨਲ ਕਮਿਸ਼ਨਰਾਂ ਨੂੰ ਦਿੱਤੇ ਆਦੇਸ਼, ਫੀਲਡ 'ਚ ਜਾ ਕੇ ਕੀਤਾ ਜਾਵੇ ਸਫ਼ਾਈ ਕਾਰਜਾਂ ਦਾ ਮੁਆਇਨਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Harpreet SIngh

Content Editor

Related News