7 ਫਰਵਰੀ ਤੋਂ ਸ਼ੁਰੂ ਹੋਵੇਗੀ ਪੰਜਾਬ ਦੇ 5 ਜ਼ਿਲ੍ਹਿਆਂ ''ਚ ਫ਼ੌਜ ਲਈ ਭਰਤੀ ਰੈਲੀ
Friday, Feb 05, 2021 - 01:31 AM (IST)
ਪਟਿਆਲਾ, (ਜੋਸਨ)- 7 ਫਰਵਰੀ ਤੋਂ ਫ਼ੌਜ ਦੇ ਆਰਮੀ ਭਰਤੀ ਦਫ਼ਤਰ, ਪਟਿਆਲਾ ਵੱਲੋਂ ਸੰਗਰੂਰ, ਮਾਨਸਾ, ਬਰਨਾਲਾ, ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਲਈ ਸ਼ੁਰੂ ਕੀਤੀ ਜਾ ਰਹੀ ਭਰਤੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਇਸ ਸਬੰਧੀ ਭਰਤੀ ਡਾਇਰੈਕਟਰ ਕਰਨਲ ਆਰ. ਆਰ. ਚੰਦੇਲ ਨੇ ਵੱਖ-ਵੱਖ ਵਿਭਾਗਾਂ ਨਾਲ ਕੀਤੀ ਸਮੀਖਿਆ ਮੀਟਿੰਗ ਦੌਰਾਨ ਦੱਸਿਆ ਕਿ ਭਰਤੀ ਹੋਣ ਆਉਣ ਵਾਲੇ ਨੌਜਵਾਨਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਹਰੇਕ ਉਮੀਦਵਾਰ ਕੋਲ ਮਾਸਕ, ਦਸਤਾਨੇ ਅਤੇ ਆਪਣਾ ਸੈਨੇਟਾਈਜ਼ਰ ਹੋਣਾ ਲਾਜ਼ਮੀ ਕੀਤਾ ਗਿਆ ਹੈ।
ਮੀਟਿੰਗ ਦੌਰਾਨ ਭਰਤੀ ਡਾਇਰੈਕਟਰ ਕਰਨਲ ਆਰ. ਆਰ. ਚੰਦੇਲ ਨੇ ਦੱਸਿਆ ਕਿ ਇਸ ਵਾਰ ਕੋਵਿਡ ਕਾਰਣ ਭਰਤੀ ਰੈਲੀ ’ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਲਈ ਆਰ. ਟੀ. ਪੀ. ਸੀ. ਆਰ. ਟੈਸਟ ਦੀ ਰਿਪੋਰਟ ਨਾਲ ਲੈ ਕੇ ਆਉਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਭਰਤੀ ’ਚ ਖੇਡਾਂ ਦੇ ਕੋਟੇ ਦਾ ਲਾਭ ਲੈਣ ਵਾਲੇ ਉਮੀਦਵਾਰਾਂ ਕੋਲ ਆਪਣੀ ਖੇਡ ਦਾ ਗਰੇਡੇਸ਼ਨ ਸਰਟੀਫਿਕੇਟ ਹੋਣਾ ਵੀ ਜ਼ਰੂਰੀ ਹੈ ਤਾਂ ਕਿ ਉਮੀਦਵਾਰ ਨੂੰ ਖੇਡ ਕੋਟੇ ਦਾ ਲਾਭ ਦਿੱਤਾ ਜਾ ਸਕੇ।