ਵਾਤਾਵਰਣ ਨੂੰ ਬਚਾ ਕੇ ਰੱਖਣ ਲਈ ਪੌਦਿਆਂ ਦਾ ਹੋਣਾ ਜਰੂਰੀ : ਅਮਰਪ੍ਰੀਤ ਸੰਧੂ

11/19/2020 9:30:10 PM

ਬੁਢਲਾਡਾ,(ਮਨਜੀਤ) : ਹਲਕਾ ਬੁਢਲਾਡਾ ਦੇ ਪਿੰਡ ਧਰਮਪੁਰਾ ਵਿਖੇ ਕੁਦਰਤੀ ਜੰਗਲ ਦਾ ਉਦਘਾਟਨ ਏ.ਡੀ.ਸੀ ਡੀ ਵਿਕਾਸ ਅਮਰਪ੍ਰੀਤ ਕੌਰ ਸੰਧੂ ਆਈ.ਏ.ਐੱਸ ਅਤੇ ਐੱਸ.ਡੀ.ਐੱਮ ਬੁਢਲਾਡਾ ਸਾਗਰ ਸੇਤੀਆ ਆਈ.ਏ.ਐੱਸ ਦੋਵਾਂ ਅਫਸਰਾਂ ਵੱਲੋਂ ਸੰਯੁਕਤ ਰੂਪ ਵਿੱਚ ਤ੍ਰਿਵੈਣੀ ਦੇ ਪੌਦੇ ਨਿੰਮ, ਪਿੱਪਲ, ਬੋਹੜ ਲਗਾ ਕੇ ਇਸ ਜੰਗਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਏ.ਡੀ.ਸੀ ਅਮਰਪ੍ਰੀਤ ਕੌਰ ਸੰਧੂ ਨੇ ਬੋਲਦਿਆਂ ਕਿਹਾ ਕਿ ਜੰਗਲ ਅਤੇ ਸੰਘਣੇ ਦਰੱਖਤ ਵਾਤਾਵਰਣ ਨੂੰ ਸ਼ੁੱਧ ਬਣਾ ਕੇ ਰੱਖਣ ਵਿੱਚ ਵੱਡਾ ਰੋਲ ਨਿਭਾਉਂਦੇ ਹਨ। ਜੇਕਰ ਵਾਤਾਵਰਣ ਸਾਫ ਹੋਵੇਗਾ ਤਾਂ ਹੀ ਅਸੀਂ ਤੰਦਰੁਸਤ ਅਤੇ ਤਾਜ਼ੀ ਹਵਾ ਦਾ ਆਨੰਦ ਮਾਣ ਸਕਾਂਗੇ। ਉਨ੍ਹਾਂ ਕਿਹਾ ਕਿ ਪਿੰਡ ਧਰਮਪੁਰਾ ਦੇ ਲੋਕ ਖੁੱਲ੍ਹੀ ਸੋਚ ਦੇ ਮਾਲਕ ਹਨ। ਜਿਨ੍ਹਾਂ ਨੇ ਸਾਂਝੇ ਰੂਪ ਵਿੱਚ ਉੱਦਮ ਕਰਕੇ ਪੰਚਾਇਤ ਦੇ ਸਹਿਯੋਗ ਨਾਲ ਪਹਿਲ ਕੀਤੀ ਹੈ ਜੋ ਕਿ ਵਧਾਈ ਦੇ ਪਾਤਰ ਹਨ।

ਉਨ੍ਹਾਂ ਕਿਹਾ ਕਿ ਇਸ ਵਾਸਤੇ ਸਮੁੱਚੀ ਪਿੰਡ ਦੀ ਗ੍ਰਾਮ ਪੰਚਾਇਤ, ਸੈਕਟਰੀ, ਜੀ.ਆਰ.ਐੱਸ, ਬੀ.ਡੀ.ਪੀ.ਓ ਆਦਿ ਇਸ ਵਧਾਈ ਦੇ ਹੱਕਦਾਰ ਹਨ ਜਿਨ੍ਹਾਂ ਨੇ ਸਾਂਝੇ ਉੱਦਮ ਨਾਲ ਮਿਹਨਤ ਕਰਕੇ ਪਿੰਡ ਧਰਮਪੁਰਾ ਵਿੱਚ ਇੱਕ ਜੰਗਲ ਪਲਾਂਟ ਲਾਉਣ ਦਾ ਫੈਸਲਾ ਕੀਤਾ। ਐੱਸ.ਡੀ.ਐੱਮ ਬੁਢਲਾਡਾ ਸਾਗਰ ਸੇਤੀਆ ਨੇ ਇਸ ਜੰਗਲ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਅਜਿਹੇ ਹੋਰ ਜੰਗਲ ਹਲਕਾ ਬੁਢਲਾਡਾ ਦੇ ਪਿੰਡਾਂ ਵਿੱਚ ਲਗਾਏ ਜਾਣਗੇ। ਇਸੇ ਦੌਰਾਨ ਪੰਚਾਇਤ ਵੱਲੋਂ ਵੱਖ-ਵੱਖ ਵਿਕਾਸ ਕਾਰਜ ਅਤੇ ਤਿਆਰ ਕੀਤੀ ਖੂਬਸੂਰਤ ਲਾਇਬਰੇਰੀ ਦਾ ਮੁਆਇਨਾ ਕਰਕੇ ਅਧਿਕਾਰੀਆਂ ਨੇ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਪੰਚਾਇਤ ਸਕੱਤਰ ਹਰਵੀਰ ਸਿੰਘ ਨੇ ਆਪਣਾ 42ਵਾਂ ਜਨਮ ਦਿਨ 21 ਪੌਦੇ ਵੰਡ ਕੇ ਮਨਾਇਆ। ਉਨ੍ਹਾਂ ਸੁਨੇਹਾ ਦਿੱਤਾ ਕਿ ਪੌਦਿਆਂ ਨਾਲ ਸਾਡੀ ਜਿੰਦਗੀ ਦਾ ਖਾਸ ਲਗਾਅ ਹੈ ਅਤੇ ਮਨੁੱਖ ਦੇ ਜਿਊਂਦੇ ਰਹਿਣ ਲਈ ਧਰਤੀ ਤੇ ਪੌਦਿਆਂ ਦੀ ਵੱਡੀ ਗਿਣਤੀ ਹੋਣੀ ਜਰੂਰੀ ਹੈ। ਇਸ ਮੌਕੇ ਉਪਰੋਕਤ ਅਧਿਕਾਰੀਆਂ ਵੱਲੋਂ ਪੰਚਾਇਤ ਸਕੱਤਰ ਨੂੰ ਵਧਾਈ ਦਿੱਤੀ ਗਈ। ਇਸੇ ਦੌਰਾਨ ਪੰਚਾਇਤ ਸਕੱਤਰ ਹਰਵੀਰ ਸਿੰਘ ਅਤੇ ਗ੍ਰਾਮ ਪੰਚਾਇਤ ਧਰਮਪੁਰਾ ਵੱਲੋਂ ਪਹੁੰਚੇ ਹੋਏ ਅਧਿਕਾਰੀਆਂ ਨੂੰ ਇੰਡੋਰ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਦਰਸ਼ਨ ਸਿੰਘ, ਬੀ.ਡੀ.ਪੀ.ਓ ਅਸ਼ੋਕ ਕੁਮਾਰ, ਨਾਇਬ ਤਹਿਸੀਲਦਾਰ ਗੁਰਜੀਤ ਸਿੰਘ ਢਿੱਲੋਂ ਆਦਿ ਮੌਜੂਦ ਸਨ।   


Deepak Kumar

Content Editor Deepak Kumar