ਅਕਾਲੀ ਦਲ ਸੁਤੰਤਰ ਮਨਾਏਗਾ ਮੋਤੀ ਮਹਿਲ ਦੇ ਬਾਹਰ ਦੀਵਾਲੀ: ਸਹੌਲੀ

10/25/2019 3:46:00 PM

ਨਾਭਾ (ਜਗਨਾਰ)—ਮੁੱਖ ਮੰਤਰੀ ਕੈ: ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਨੇਕਾਂ ਤਰ੍ਹਾਂ ਦੇ ਲੋਕਾਂ ਨਾਲ ਵਾਅਦੇ ਕਰਦੇ ਸੱਤਾ ਹਾਸਲ ਕੀਤੀ ਸੀ, ਜਿਨ੍ਹਾਂ 'ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਇਹ ਵਿਚਾਰ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਸਥਾਨਕ ਮੋਤੀ ਬਾਗ ਸਥਿਤ ਪਾਰਟੀ ਦੇ ਮੁੱਖ ਦਫਤਰ ਸਥਿਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈ: ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ, ਕਿ ਉਹ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਪਹਿਲ ਦੇ ਆਧਾਰ ਤੇ ਰਿਹਾਅ ਕਰਵਾਉਣਗੇ ਅਤੇ ਨਾਲ ਹੀ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸੱਤਾ ਹਾਸਲ ਕਰਨ ਉਪਰੰਤ ਬਣਦੀਆਂ ਸਜਾਵਾਂ ਦਿਵਾਉਣ 'ਚ ਕੋਈ ਕਸਰ ਨਹੀਂ ਛੱਡਣਗੇ, ਦੇ ਬਾਵਜੂਦ ਕਰੀਬ ਢਾਈ ਸਾਲ ਬੀਤ ਚੁੱਕੇ ਹਨ। ਕੈ: ਅਮਰਿੰਦਰ ਸਿੰਘ ਵੱਲੋਂ ਦੋਵਾਂ ਵਿੱਚੋਂ ਇੱਕ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਸਿੱਖ ਕੌਮ 'ਚ ਸੂਬਾ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।

ਪ੍ਰਧਾਨ ਸਹੌਲੀ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਸੁਤੰਤਰ 27 ਨਵੰਬਰ ਨੂੰ ਗੁ: ਪਾਤਸ਼ਾਹੀ ਨੌਵੀਂ ਮੋਤੀ ਬਾਗ ਪਟਿਆਲਾ ਤੋਂ ਦੁਪਹਿਰ 12 ਵਜੇ ਅਰਦਾਸ ਕਰਨ ਉਪਰੰਤ ਮੁੱਖ ਮੰਤਰੀ ਕੈ: ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਵੱਲ ਚੱਲੇਗਾ, ਜਿੱਥੇ ਬੈਠ ਕੇ ਉਨ੍ਹਾਂ ਵਲੋਂ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਕੇ ਰਾਤ ਨੂੰ ਦੀਵਾਲੀ ਮਨਾਈ ਜਾਵੇਗੀ। ਪਾਰਟੀ ਦੇ ਜਨ. ਸਕੱਤਰ ਹਰਬੰਸ ਸਿੰਘ ਖੱਟੜਾ ਨੇ ਕਿਹਾ ਕਿ ਅਕਾਲੀ ਦਲ ਸੁਤੰਤਰ ਨੂੰ ਹੋਰਨਾਂ ਜਥੇਬੰਦੀਆਂ ਵਲੋਂ ਵੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਜੰਗੀਰ ਸਿੰਘ ਨੰਬਰਦਾਰ, ਹਰਬੰਸ ਸਿੰਘ ਖੱਟੜਾ, ਗੁਲਜਾਰ ਸਿੰਘ ਮਟੌਰੜਾ, ਗੁਲਜਾਰ ਸਿੰਘ ਈਸੇਵਾਲ, ਲਾਲ ਚੰਦ, ਬਿੰਦਾ ਵਿਰਕ, ਕਰਨੈਲ ਸਿੰਘ ਆਦਿ ਪਾਰਟੀ ਵਰਕਰ ਮੌਜੂਦ ਸਨ।


Shyna

Content Editor

Related News