ਏਅਰ ਸਟਰਾਈਕ ਤੋਂ ਬਾਅਦ ਜ਼ਿਲੇ ''ਚ ਹਾਈ ਅਲਰਟ
Wednesday, Feb 27, 2019 - 12:04 PM (IST)
ਪਟਿਆਲਾ (ਬਲਜਿੰਦਰ)—ਭਾਰਤੀ ਏਅਰ ਫੋਰਸ ਵੱਲੋਂ ਪੀ. ਓ. ਕੇ. ਵਿਚ ਅੱਤਵਾਦੀ ਟਿਕਾਣਿਆਂ 'ਤੇ ਕੀਤੀ ਗਈ ਏਅਰ ਸਟਰਾਈਕ ਤੋਂ ਬਾਅਦ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਅੱਜ ਜ਼ਿਲੇ ਵਿਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਸ਼ਾਮ ਨੂੰ 5.30 ਵਜੇ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਵੱਲੋਂ ਪਟਿਆਲਾ ਦੇ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੂੰ ਅਲਰਟ ਰਹਿਣ ਦੇ ਹੁਕਮ ਜਾਰੀ ਕੀਤੇ। ਇਸ ਤੋਂ ਬਾਅਦ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਾਰੇ ਅਧਿਕਾਰੀਆਂ ਨੂੰ ਹਾਜ਼ਰ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ। ਜ਼ਿਲੇ ਦੇ ਸੁਮੱਚੇ ਐੈੱਸ. ਐੈੱਚ. ਓਜ਼ ਨੂੰ ਹਰ ਹਾਲਾਤ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ। ਸ਼ਾਮ ਤੱਕ ਭਾਰਤ-ਪਾਕਿ ਬਾਰਡਰ 'ਤੇ ਕਿਸੇ ਤਰ੍ਹਾਂ ਦੀ ਕੋਈ ਹਿਲਜੁਲ ਨਹੀਂ ਹੋਈ। ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਨਜ਼ਰ ਆਇਆ।ਕਈ ਥਾਵਾਂ 'ਤੇ ਲੋਕਾਂ ਨੇ ਲੱਡੂ ਵੰਡੇ। ਸਟਰਾਈਕ ਤੋਂ ਬਾਅਦ ਸੜਕਾਂ 'ਤੇ ਭਾਰਤੀ ਫੌਜ ਦੀ ਮੂਵਮੈਂਟ ਕਾਫੀ ਵਧੀ ਹੋਈ ਹੈ। ਬਾਰਡਰ ਏਰੀਏ ਵੱਲੋਂ ਫੌਜੀ ਕਾਫਲਿਆਂ ਦੇ ਰਵਾਨਾ ਹੋਣ ਦੀਆਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਵੀਡੀਓਜ਼ ਨੂੰ ਲੈ ਕੇ ਲੋਕਾਂ ਵਿਚ ਦਿਨ ਭਰ ਚਰਚਾ ਚਲਦੀ ਰਹੀ। ਪਟਿਆਲਾ ਵਿਚ ਆਰਮੀ ਦਾ ਕਾਫੀ ਵੱਡਾ ਬੇਸ ਹੈ।ਸਾਰਾ ਦਿਨ ਸ਼ਹਿਰ ਦੇ ਲੋਕਾਂ ਦੀਆਂ ਨਜ਼ਰਾਂ ਵੀ ਆਰਮੀ ਮੂਵਮੈਂਟ 'ਤੇ ਲੱਗੀਆਂ ਰਹੀਆਂ।