ਯੂਨੀਅਨ ਪ੍ਰਧਾਨ ਸਣੇ ਅੱਧੀ ਦਰਜਨ ਤੋਂ ਵੱਧ ਲੋਕਾਂ ’ਤੇ ਇੱਟਾਂ ਨਾਲ ਭਰਿਆ ਟਰੱਕ ਖੇਤ ’ਚ ਪਲਟਾਉਣ ਦਾ ਦੋਸ਼

Tuesday, Aug 09, 2022 - 01:50 AM (IST)

ਯੂਨੀਅਨ ਪ੍ਰਧਾਨ ਸਣੇ ਅੱਧੀ ਦਰਜਨ ਤੋਂ ਵੱਧ ਲੋਕਾਂ ’ਤੇ ਇੱਟਾਂ ਨਾਲ ਭਰਿਆ ਟਰੱਕ ਖੇਤ ’ਚ ਪਲਟਾਉਣ ਦਾ ਦੋਸ਼

ਦਿੜ੍ਹਬਾ ਮੰਡੀ (ਅਜੈ) : ਦਿੜ੍ਹਬਾ ਦੇ 2 ਭੱਠਾ ਮਾਲਕਾਂ ਨੇ ਟਰੱਕ ਯੂਨੀਅਨ ਦਿੜ੍ਹਬਾ ਦੇ ਪ੍ਰਧਾਨ ਸਮੇਤ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਵੱਲੋਂ ਇੱਟਾਂ ਨਾਲ ਭਰੇ ਇਕ ਟਰੱਕ ਨੂੰ ਖੇਤ ’ਚ ਪਲਟਾ ਕੇ ਭਾਰੀ ਨੁਕਸਾਨ ਕਰ ਦੇਣ ਦੇ ਦੋਸ਼ ਲਾਏ ਹਨ, ਜਦਕਿ ਪ੍ਰਧਾਨ ਵੱਲੋਂ ਆਪਣੇ ’ਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਭੱਠਾ ਚਾਲਕ ਮੁਨੀਸ਼ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਮੈਂ ਸ਼੍ਰੀਬਾਲਾ ਜੀ ਭੱਠਾ ਕੰਪਨੀ ਕਾਦਰ ਨਗਰ ਮੁਨਸ਼ੀਵਾਲਾ ਦਾ ਮਾਲਕ ਹਾਂ।

ਖ਼ਬਰ ਇਹ ਵੀ : ਕਿਸਾਨ ਮੁੜ ਧਰਨੇ 'ਤੇ, ਉਥੇ ਭਾਰੀ ਵਿਰੋਧ ਦੇ ਬਾਵਜੂਦ ਲੋਕ ਸਭਾ 'ਚ ਬਿਜਲੀ ਸੋਧ ਬਿੱਲ ਪੇਸ਼, ਪੜ੍ਹੋ TOP 10

ਬੀਤੇ ਦਿਨ ਮੈਂ ਇਕ ਟਰੱਕ ਆਪਣੇ ਭੱਠੇ ਤੋਂ ਲੋਡ ਕਰਵਾ ਕੇ 7 ਵਜੇ ਰਵਾਨਾ ਕੀਤਾ ਸੀ। ਮੈਂ ਭੱਠੇ ਤੋਂ ਕਰੀਬ 8.30 ਵਜੇ ਡਰਾਈਵਰ ਕੁਲਦੀਪ ਸਿੰਘ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ ਪਰ ਕੁਝ ਦੇਰ ਬਾਅਦ ਡਰਾਈਵਰ ਭੱਠੇ ’ਤੇ ਹੀ ਆ ਗਿਆ, ਜਿਸ ਨੇ ਦੱਸਿਆ ਕਿ 2 ਗੱਡੀਆਂ ’ਚ ਸਵਾਰ ਹੋ ਕੇ ਆਏ ਟਰੱਕ ਯੂਨੀਅਨ ਦੇ ਪ੍ਰਧਾਨ ਸਮੇਤ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਨੇ ਮੇਰਾ ਟਰੱਕ ਰੋਕ ਲਿਆ ਤੇ ਟਰੱਕ ’ਚ ਵੜ ਗਏ। ਇਕ ਵਿਅਕਤੀ ਟਰੱਕ ਚਲਾਉਣ ਲੱਗ ਪਿਆ ਤੇ ਟਰੱਕ ਕੜਿਆਲ ਰੋਡ ’ਤੇ ਗੇਜਾ ਸਿੰਘ ਦੇ ਖੇਤ ਕੋਲ ਲਿਜਾ ਕੇ ਟਰੱਕ ਝੋਨੇ ਦੀ ਫਸਲ ’ਚ ਪਲਟਾ ਦਿੱਤਾ, ਜਿਸ ਨਾਲ ਝੋਨੇ ਦੀ ਫਸਲ, ਟਰੱਕ ਤੇ ਇੱਟਾਂ ਦਾ ਭਾਰੀ ਨੁਕਸਾਨ ਹੋ ਗਿਆ, ਜਿਸ ਤੋਂ ਬਾਅਦ ਉਕਤ ਵਿਅਕਤੀ ਭੱਠੇ ਵਾਲਿਆਂ ਨੂੰ ਗਾਲਾਂ ਕੱਢਦੇ ਹੋਏ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਝਟਕਾ, 1158 ਅਸਿਸਟੈਂਟ ਪ੍ਰੋਫੈਸਰਾਂ ਦੀ ਨਿਯੁਕਤੀ ’ਤੇ ਲਾਈ ਰੋਕ

ਮੁਨੀਸ਼ ਕੁਮਾਰ ਨੇ ਦੱਸਿਆ ਕਿ ਮੈਨੂੰ ਰਾਤ ਕਰੀਬ 12 ਵਜੇ ਤਰਸੇਮ ਲਾਲ ਵਾਸੀ ਰੋਗਲਾ ਦਾ ਫੋਨ ਆਇਆ ਕਿ ਉਨ੍ਹਾਂ ਦੇ ਭੱਠੇ ’ਤੇ ਇੱਟਾਂ ਦਾ ਭਰਿਆ ਇਕ ਟਰੱਕ, ਟਰੱਕ ਯੂਨੀਅਨ ਪ੍ਰਧਾਨ ਨੇ ਆਪਣੇ ਸਾਥੀਆਂ ਸਮੇਤ ਲਿਜਾ ਕੇ ਪਲਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਅਸੀਂ ਟਰੱਕ ਜੇ.ਸੀ.ਬੀ. ਦੀ ਮਦਦ ਨਾਲ ਸਿੱਧਾ ਕਰਕੇ ਵਾਪਸ ਭੱਠੇ ’ਤੇ ਲੈ ਆਏ, ਜਿਸ ਤੋਂ ਬਾਅਦ ਅਸੀਂ ਆਪਣੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰਕੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੁਨੀਸ਼ ਕੁਮਾਰ ਨੇ ਕਿਹਾ ਕਿ ਟਰੱਕ ਯੂਨੀਅਨ ਵਾਲੇ ਨਾਜਾਇਜ਼ ਗੁੰਡਾਗਰਦੀ ਕਰਦੇ ਹਨ। ਉਨ੍ਹਾਂ ਪੁਲਸ ਤੋਂ ਮੰਗ ਕੀਤੀ ਕਿ ਇਨ੍ਹਾਂ ਵੱਲੋਂ ਭੱਠਾ ਮਾਲਕਾਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਨੂੰ ਰੋਕਿਆ ਜਾਵੇ।

ਏ.ਐੱਸ.ਆਈ. ਨੇ ਦੱਸਿਆ ਕਿ ਮਾਮਲੇ ਸਬੰਧੀ ਪ੍ਰਧਾਨ ਅਜੇ ਸਿੰਗਲਾ, ਸੰਜੀਵ ਕੁਮਾਰ ਉਰਫ ਕਾਲਾ ਤੇ ਸੇਮੀ ਵਾਸੀ ਦਿੜ੍ਹਬਾ ਤੋਂ ਇਲਾਵਾ ਅੱਧੀ ਦਰਜਨ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੁਲਸ ਕਰਮਚਾਰੀ ਨੂੰ ਕਾਰ ਹੇਠ ਕੁਚਲਣ ਵਾਲੇ ਨੌਜਵਾਨਾਂ ਨੂੰ ਕਾਰ ਦੇ ਟਾਇਰ 'ਚ ਗੋਲੀ ਮਾਰ ਕੇ ਕੀਤਾ ਕਾਬੂ, ਦੇਖੋ ਵੀਡੀਓ

ਇੱਟਾਂ ਦਾ ਭਰਿਆ ਟਰੱਕ ਅਸੀਂ ਨਹੀਂ ਬਲਕਿ ਭੱਠਾ ਮਾਲਕਾਂ ਨੇ ਖੁਦ ਪਲਟਾਇਆ : ਟਰੱਕ ਯੂਨੀਅਨ ਪ੍ਰਧਾਨ

ਇਸ ਮਾਮਲੇ ਸਬੰਧੀ ਟਰੱਕ ਯੂਨੀਅਨ ਦਿੜ੍ਹਬਾ ਦੇ ਪ੍ਰਧਾਨ ਅਜੇ ਸਿੰਗਲਾ ਨੇ ਕਿਹਾ ਕਿ ਟਰੱਕ ਯੂਨੀਅਨ ਤੇ ਮੇਰਾ ਇਸ ਮਸਲੇ ਨਾਲ ਕੋਈ ਵੀ ਸਬੰਧ ਨਹੀਂ ਹੈ, ਭੱਠਾ ਮਾਲਕ ਸਾਨੂੰ ਜਾਣਬੁੱਝ ਕੇ ਇਸ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਭੱਠਾ ਮਾਲਕਾਂ ਨਾਲ ਸਾਡਾ ਲਿਖਤੀ ਫੈਸਲਾ ਹੋਇਆ ਹੈ ਕਿ ਕੋਈ ਵੀ ਟਰੱਕ ਇੱਟਾਂ ਦੀ ਓਵਰਲੋਡ ਲੋਡਿੰਗ ਨਹੀਂ ਕਰੇਗਾ ਪਰ ਭੱਠੇ ਵਾਲੇ ਬਾਹਰੋਂ ਟਰੱਕ ਮੰਗਾ ਕੇ 60 ਟਨ ਮਾਲ ਓਵਰਲੋਡ ਕਰਕੇ ਟਰੱਕ ਯੂਨੀਅਨ ਦੇ ਨਾਲ-ਨਾਲ ਸਰਕਾਰ ਨੂੰ ਵੀ ਚੂਨਾ ਲਗਾ ਰਹੇ ਹਨ। ਅਸੀਂ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਬਹੁਤ ਵਾਰ ਬੇਨਤੀ ਕੀਤੀ, ਜਿਸ ਦਾ ਭੱਠਾ ਮਾਲਕਾਂ ’ਤੇ ਕੋਈ ਅਸਰ ਨਹੀਂ ਹੋਇਆ ਪਰ ਹੁਣ ਇੱਟਾਂ ਨਾਲ ਭਰਿਆ ਇਹ ਟਰੱਕ ਭੱਠੇ ਵਾਲਿਆਂ ਨੇ ਖੁਦ ਹੀ ਪਲਟਾਇਆ ਹੈ ਤਾਂ ਜੋ ਸਾਨੂੰ ਇਸ ’ਚ ਉਲਝਾਇਆਂ ਜਾ ਸਕੇ। ਉਨ੍ਹਾਂ ਕਿਹਾ ਕਿ ਮੈਂ ਦਿੜ੍ਹਬਾ ਯੂਨੀਅਨ ਦੇ ਨਾਲ ਆਲ ਪੰਜਾਬ ਟਰੱਕ ਏਕਤਾ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਵੀ ਹਾਂ, ਮੈਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News