‘ਆਪ’ ਸਰਕਾਰ ਵੱਲੋਂ ‘ਪੰਜਾਬ ਕੇਸਰੀ’ ਖ਼ਿਲਾਫ਼ ਕਾਰਵਾਈ ਤਾਨਾਸ਼ਾਹੀ ਸੋਚ ਦਾ ਨਮੂਨਾ : ਝਿੰਜਰ
Saturday, Feb 07, 2026 - 12:18 AM (IST)
ਚੰਡੀਗੜ੍ਹ- ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਵੱਲੋਂ ‘ਪੰਜਾਬ ਕੇਸਰੀ’ ਖ਼ਿਲਾਫ਼ ਕੀਤੀ ਗਈ ਤਾਜ਼ਾ ਦਬਾਅ ਵਾਲੀ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਇਹ ਸਾਫ਼ ਹੋ ਗਿਆ ਹੈ ਕਿ ਇਹ ਸਰਕਾਰ ਪੰਜਾਬ ਵਿਚ ਹਰ ਤਰ੍ਹਾਂ ਦੀ ਵਿਰੋਧੀ ਆਵਾਜ਼ ਨੂੰ ਕੁਚਲਣ ’ਤੇ ਤੁਲੀ ਹੋਈ ਹੈ। ਆਪਣੀਆਂ ਨਾਕਾਮੀਆਂ ’ਤੇ ਵਧ ਰਹੇ ਜਨਤਾ ਦੇ ਗੁੱਸੇ ਦਾ ਜਵਾਬ ਦੇਣ ਦੀ ਬਜਾਏ, ‘ਆਪ’ ਸਰਕਾਰ ਡਰਾਉਣ-ਧਮਕਾਉਣ ਦਾ ਰਸਤਾ ਅਪਣਾ ਰਹੀ ਹੈ।
ਇਸ ਦਾ ਪੈਟਰਨ ਸਾਫ਼ ਅਤੇ ਚਿੰਤਾਜਨਕ ਹੈ। ਜਦੋਂ ਵੀ ਕੋਈ ਵਿਰੋਧੀ ਆਗੂ ਜਾਂ ਪੱਤਰਕਾਰ ਸਰਕਾਰ ਤੋਂ ਅਸੁਖਾਵੇਂ ਸਵਾਲ ਪੁੱਛਦਾ ਹੈ, ਉਸ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਜਾਂਦੇ ਹਨ ਜਾਂ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ‘ਪੰਜਾਬ ਕੇਸਰੀ ਗਰੁੱਪ’ ’ਤੇ ਛਾਪੇ ਇਸੇ ਲੜੀ ਦੀ ਅਗਲੀ ਅਤੇ ਖ਼ਤਰਨਾਕ ਕੜੀ ਹਨ, ਜੋ ਸੂਬੇ ਵਿਚ ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲਣ ਦੀ ਕੋਸ਼ਿਸ਼ ਨੂੰ ਦਰਸਾਉਂਦੀ ਹੈ। ਸੁਤੰਤਰ ਮੀਡੀਆ ਨੂੰ ਚੁੱਪ ਕਰਵਾਉਣ ਦੀ ਇਹ ਯੋਜਨਾਬੱਧ ਕੋਸ਼ਿਸ਼ ਉਸ ਸਰਕਾਰ ਦੀ ਅਸੁਰੱਖਿਆ ਅਤੇ ਤਾਨਾਸ਼ਾਹੀ ਸੋਚ ਨੂੰ ਬੇਨਕਾਬ ਕਰਦੀ ਹੈ ਜੋ ਹੁਣ ਤੱਥਾਂ ਅਤੇ ਜਵਾਬਦੇਹੀ ਨਾਲ ਆਲੋਚਨਾ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਰਹੀ।
