‘ਆਪ’ ਨੇ ਨਰਿੰਦਰ ਕੌਰ ਭਰਾਜ ਨੂੰ ਤੀਸਰੀ ਵਾਰ ਥਾਪਿਆ ਜ਼ਿਲ੍ਹਾ ਯੂਥ ਪ੍ਰਧਾਨ

04/09/2021 3:11:06 PM

ਸੰਗਰੂਰ (ਸਿੰਗਲਾ) : ਆਮ ਆਦਮੀ ਪਾਰਟੀ ਵੱਲੋਂ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦਿਆਂ ਸੂਬੇ ਭਰ ’ਚ ਆਪਣੇ ਵੱਖ-ਵੱਖ ਵਿੰਗਾਂ ’ਚ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਨਿਯੁਕਤੀਆਂ ਤਹਿਤ ਹੀ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਸੰਗਰੂਰ ਤੋਂ ‘ਆਪ’ ਆਗੂ ਨਰਿੰਦਰ ਕੌਰ ਭਰਾਜ ਨੂੰ ਜ਼ਿਲ੍ਹਾ ਸੰਗਰੂਰ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਹੈ ਅਤੇ ਉਹ ਲਗਾਤਾਰ ਤੀਸਰੀ ਵਾਰ ਜ਼ਿਲ੍ਹਾ ਯੂਥ ਪ੍ਰਧਾਨ ਐਲਾਨੇ ਗਏ ਹਨ। ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇਸ ਨਿਯੁਕਤੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਸੰਗਰੂਰ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਇਸ ਜ਼ਿੰਮੇਵਾਰੀ ਲਈ ਉਹ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦੇ ਹਨ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਹਮੇਸ਼ਾ ਤਨਦੇਹੀ ਨਿਭਾਉਣਗੇ ਅਤੇ ਸੰਗਰੂਰ ਜਿਲ੍ਹੇ ਦੇ ਯੂਥ ਨੂੰ ਨਾਲ ਲੈ ਕੇ ਪੰਜਾਬ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨਗੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ’ਚ ਨਾ ਭੱਜਣਾ ਪਵੇ।ਉਨ੍ਹਾਂ ਕਿਹਾ ਕਿ ਉਹ ਨਸ਼ੇ ਅਤੇ ਬੇਰੋਜ਼ਗਾਰੀ ਵਰਗੇ ਗੰਭੀਰ ਮੁੱਦੇ ਨੂੰ ਲੈ ਕੇ ਬੜੇ ਚਿੰਤਤ ਹਨ, ਜੋ ਸਾਡੀ ਜਵਾਨੀ ਲਈ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ।

ਇਸ ਮੌਕੇ ਬੁੱਧੀਜੀਵੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਹੋਣ ’ਤੇ ਅਵਤਾਰ ਈਲਵਾਲ ਅਤੇ ਸਾਬਕਾ ਸਰਵਿਸਮੈਨ ਵਿੰਗ ਸੰਗਰੂਰ ਦੇ ਜ਼ਿਲ੍ਹਾ ਜੁਆਇੰਟ ਸੈਕਟਰੀ ਨਿਯੁਕਤ ਕੀਤੇ ਜਾਣ ’ਤੇ ਨਿਰਮਲ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਆਪ’ ਆਗੂ ਹਰਿੰਦਰ ਸ਼ਰਮਾ, ਸਿਕੰਦਰ ਸਿੰਘ, ਕਰਮਜੀਤ ਨਾਗੀ, ਅਮਰੀਕ ਸਿੰਘ, ਮਨਜੀਤ ਕਾਕਾ, ਭੁਪਿੰਦਰ ਬਿੱਲਾ, ਬਲਵਿੰਦਰ ਸੇਰੋ, ਦੇਵੀ ਲਾਲ, ਨੀਰਜ ਸ਼ਰਮਾ, ਗਗਨਦੀਪ ਖਾਲਸਾ, ਭੋਲਾ ਸਿੰਘ, ਜਗਤਾਰ ਸਿੰਘ, ਦੀਪੂ ਭਾਰਤੀ, ਹਰਦੀਪ ਸਿੰਘ, ਮੋੜ ਸਿੱਧੂ, ਗੁਰਦੇਵ ਸਿੰਘ, ਹਰਜੀਤ ਸਿੰਘ, ਸੁਖਵਿੰਦਰ ਸਿੰਘ, ਨੋਨੀ, ਰਾਕੇਸ਼ ਕੁਮਾਰ ਹਾਜ਼ਰ ਰਹੇ।


Anuradha

Content Editor

Related News