ਬਠਿੰਡਾ ’ਚ ਚਾਚੇ ਦੇ ਪੁੱਤ ਸਣੇ ਦੋ ਨੂੰ ਗੋਲ਼ੀਆਂ ਨਾਲ ਭੁੰਨਣ ਦੀ ਵੀਡੀਓ ਆਈ ਸਾਹਮਣੇ, ਹੋਇਆ ਵੱਡਾ ਖ਼ੁਲਾਸਾ
Saturday, Nov 11, 2023 - 06:31 PM (IST)
ਭਗਤਾ ਭਾਈ (ਪਰਵੀਨ) : ਸ਼ੁੱਕਰਵਾਰ ਨੂੰ ਬਠਿੰਡੇ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂ ਵਿਖੇ ਗੁਰਸ਼ਰਨ ਸਿੰਘ (45) ਨਾਂ ਦੇ ਵਿਅਕਤੀ ਵੱਲੋਂ ਪਰਿਵਾਰਕ ਰੰਜ਼ਿਸ ਕਾਰਣ ਆਪਣੇ ਹੀ ਚਚੇਰੇ ਭਰਾ ਗੁਰਸ਼ਾਂਤ ਸਿੰਘ (40) ਅਤੇ ਉਸ ਦੇ ਪਿੰਡ ਦੇ ਹੀ ਦੋਸਤ ਭੋਲਾ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਾਰਦਾਤ ਤੋਂ ਬਾਅਦ ’ਚ ਕਾਤਲ ਨੇ ਖ਼ੁਦਕੁਸ਼ੀ ਕਰ ਲਈ। ਇਸ ਗੋਲੀਬਾਰੀ ਵਿਚ ਤਿੰਨ ਹੋਰ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਗੁਰਸ਼ਰਨ ਸਿੰਘ ਨੇ ਕਰੀਬ ਦੋ ਘੰਟਿਆਂ ’ਚ 40-50 ਰਾਊਂਡ ਫਾਇਰ ਕਰ ਦਿੱਤੇ। ਮੁਲਜ਼ਮ ਨੇ ਆਪਣੇ ਚਚੇਰੇ ਭਰਾ ਉੱਪਰ ਗੋਲੀਬਾਰੀ ਇਕ ਸੋਚੀ ਸਮਝੀ-ਸਾਜ਼ਿਸ਼ ਤਹਿਤ ਕੀਤੀ ਗਈ ਲੱਗਦੀ ਸੀ ਕਿਉਂਕਿ ਉਸ ਵੱਲੋਂ ਆੜ ਵਿਚ ਆਉਣ ਵਾਲੇ ਦਰੱਖਤਾਂ ਨੂੰ ਕੁਝ ਸਮਾਂ ਪਹਿਲਾਂ ਹੀ ਛਾਂਗ ਦਿੱਤਾ ਗਿਆ ਸੀ ਅਤੇ ਅੱਜ ਤੜਕਸਾਰ ਟੈਂਟ ਦਾ ਸਾਮਾਨ ਲੈ ਕੇ ਆਈ ਗੱਡੀ ਨੂੰ ਵੀ ਪਾਸੇ ਕਰਵਾ ਕੇ ਆਪ ਹੀ ਆਪਣੇ ਘਰ ਪਾਰਕ ਕਰਵਾਇਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਇਸ ਦਿਲ ਕੰਬਾਅ ਦੇਣ ਵਾਲੀ ਵਾਰਦਾਤ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿਚ ਕਾਤਲ ਗੁਰਸ਼ਰਨ ਸਿੰਘ ਫਿਲਮੀ ਸੀਨ ਵਾਂਗ ਘਰ ਦੀ ਛੱਤ ’ਤੇ ਲੁੱਕ ਕੇ ਗੋਲ਼ੀਬਾਰੀ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿਚ ਉਸ ਨੂੰ ਪੂਰੀ ਤਿਆਰੀ ਨਾਲ ਗੋਲ਼ੀਆਂ ਚਲਾਉਂਦਿਆਂ ਦੇਖਿਆ ਜਾ ਸਕਦਾ ਹੈ। ਸ਼ੁੱਕਰਵਾਰ ਸਵੇਰੇ ਜਦੋਂ ਮ੍ਰਿਤਕ ਗੁਰਸ਼ਾਂਤ ਸਿੰਘ ਆਪਣੇ ਚਾਚਾ ਮਨਿੰਦਰ ਸਿੰਘ ਨਿੰਦੀ ਦੀ ਪਹਿਲੀ ਬਰਸੀ ਮੌਕੇ ਰਖਵਾਏ ਗਏ ਪਾਠ ਦੇ ਭੋਗ ਮੌਕੇ ਮੱਥਾ ਟੇਕਣ ਲਈ ਪਹੁੰਚਿਆ ਤਾਂ ਗੁਰਸ਼ਰਨ ਸਿੰਘ ਨੇ ਉਸਨੂੰ ਨਿਸ਼ਾਨਾ ਬਣਾ ਲਿਆ। ਬਰਸੀ ਦੇ ਸਬੰਧ ’ਚ ਦੁੱਧ ਦੇਣ ਲਈ ਆਏ ਹੋਏ ਭੋਲਾ ਸਿੰਘ ਨੇ ਗੁਰਸ਼ਾਂਤ ਸਿੰਘ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰਸ਼ਰਨ ਸਿੰਘ ਨੇ ਉਸ ਨੂੰ ਵੀ ਢੇਰ ਕਰ ਦਿੱਤਾ।
ਇਹ ਵੀ ਪੜ੍ਹੋ : ਪਰਿਵਾਰ ਦੇ ਤਿੰਨ ਜੀਆਂ ਦਾ ਹੋਇਆ ਇਕੱਠਿਆਂ ਸਸਕਾਰ, ਨਹੀਂ ਦੇਖੇ ਜਾਂਦੇ ਸੀ ਵੈਣ
ਇਸ ਤੋਂ ਇਲਾਵਾ ਬਚਾਅ ਕਰਦੇ ਸਮੇਂ ਕਿਸਾਨ ਯੂਨੀਅਨ ਦੇ ਪਾਲਾ ਸਿੰਘ, ਤੇਜੀ ਸਿੰਘ ਅਤੇ ਘੋਨਾ ਸਿੰਘ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਮੋਹਿਤ ਅਗਰਵਾਲ ਅਤੇ ਥਾਣਾ ਮੁਖੀ ਜਗਦੀਪ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਹਮਲਾਵਰ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਲਈ ਜੁਆਬੀ ਫਾਇਰਿੰਗ ਕੀਤੀ। ਹਮਲਾਵਰ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਪੁਲਸ ਨੂੰ ਘੇਰਾਬੰਦੀ ਕਰਨ ’ਚ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਪੁਲਸ ਵੱਲੋਂ ਕੀਤੀ ਗਈ ਘੇਰਾਬੰਦੀ ਨੂੰ ਦੇਖਦਿਆਂ ਗੁਰਸ਼ਰਨ ਸਿੰਘ ਨੇ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਦਵਿੰਦਰ ਬੰਬੀਹਾ ਗੈਂਗ ਦੇ ਤਿੰਨ ਖ਼ਤਰਨਾਕ ਸ਼ਾਰਪ ਸ਼ੂਟਰ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8