ਖਾਲੇ ’ਚ ਮਿਲੀ ਨਵਜਾਤ ਬੱਚੀ ਨੂੰ ਸਰਪੰਚ ਨੇ ਗੋਦ ਲਿਆ, ਹਰ ਪਾਸੇ ਹੋ ਰਹੀ ਤਾਰੀਫ਼
Thursday, Mar 17, 2022 - 12:42 PM (IST)
ਮੰਡੀ ਲਾਧੂਕਾ (ਸੰਧੂ, ਸੁਖਵਿੰਦਰ ਥਿੰਦ) : ਸਾਡੇ ਸਮਾਜ ’ਚ ਭਾਵੇਂ ਲੜਕੇ ਅਤੇ ਲੜਕੀ ਵਿਚਕਾਰ ਭੇਦਭਾਵ ਨੂੰ ਲੈ ਕੇ ਸਮੇਂ-ਸਮੇਂ ’ਤੇ ਉਪਰਾਲੇ ਕੀਤੇ ਜਾਂਦੇ ਹਨ ਪਰ ਅਜੇ ਵੀ ਰੂੜੀਵਾਦੀ ਸੋਚ ਰੱਖਣ ਵਾਲੇ ਲੋਕ ਨਵਜਾਤ ਬੱਚੀਆਂ ਨੂੰ ਖੁੱਲ੍ਹੇ ਅਸਮਾਨ ’ਚ ਛੱਡਣ ਤੋਂ ਗੁਰੇਜ ਨਹੀਂ ਕਰ ਰਹੇ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਉਪਮੰਡਲ ਦੇ ਅਧੀਨ ਪੈਂਦੇ ਪਿੰਡ ਲੱਖੇ ਕੇ ਉਤਾੜ ’ਚ ਸਾਹਮਣੇ ਆਇਆ ਜਿੱਥੇ ਤੜਕਸਾਰ ਖਾਲੇ ’ਚ ਲਾਵਾਰਸ ਹਾਲਤ ’ਚ ਇਕ ਨਵਜਾਤ ਬੱਚੀ ਮਿਲੀ। ਹਾਲਾਂਕਿ ਇਹ ਸੱਪਸ਼ਟ ਨਹੀਂ ਕਿ ਆਖਿਰਕਾਰ ਨਵਜਾਤ ਬੱਚੀ ਦੀ ਮਾਂ ਨੇ ਕਿਸ ਵਜ੍ਹਾ ਕਾਰਨ ਉਸਨੂੰ ਲਾਵਾਰਸ ਹਾਲਤ ’ਚ ਛੱਡਿਆ। ਦੂਜੇ ਪਾਸੇ ਪਿੰਡ ਦੇ ਮੌਜੂਦਾ ਸਰਪੰਚ ਨੇ ਲਾਵਾਰਸ ਹਾਲਤ ’ਚ ਮਿਲੀ ਨਵਜਾਤ ਬੱਚੀ ਨੂੰ ਅਪਣਾ ਲਿਆ ਹੈ ਅਤੇ ਉਸਦਾ ਪਾਲਣ ਪੋਸ਼ਣ ਕਰਨ ਦੀ ਵੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ : ਬਠਿੰਡਾ ਦੇ ਥਾਣੇ 'ਚ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੇ ਮਾਮਲੇ 'ਚ ਵਿਭਾਗ ਦੀ ਵੱਡੀ ਕਾਰਵਾਈ
ਜਾਣਕਾਰੀ ਅਨੁਸਾਰ ਸਵੇਰੇ ਕਰੀਬ 7 ਵਜੇ ਤੱਕ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਪੈਂਦੇ ਪਿੰਡ ਲੱਖੇ ਕੇ ਉਤਾੜ ਕੋਲ ਪਿੰਡ ਦਾ ਸਰਪੰਚ ਦੇਸ ਰਾਜ ਆਪਣੇ ਕੁੱਝ ਸਾਥੀਆਂ ਨਾਲ ਜਾ ਰਿਹਾ ਸੀ ਤਾਂ ਇਕ ਖਾਲੇ ’ਚ ਨਵਜਾਤ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਸਰਪੰਚ ਦੇਸ ਰਾਜ ਨੇ ਦੱਸਿਆ ਬੱਚੀ ਦੇ ਉਪਰ ਪਰਾਲੀ ਪਾਈ ਹੋਈ ਸੀ ਅਤੇ ਉਸਦੀਆਂ ਅੱਖਾਂ ਅਤੇ ਮੂੰਹ ’ਚ ਥੋੜੀ ਮਿੱਟੀ ਪੈ ਚੁੱਕੀ ਸੀ। ਉਨ੍ਹਾਂ ਤੁਰੰਤ ਮੁੱਢਲੀ ਸਹਾਇਤਾ ਵਜੋਂ ਬੱਚੀ ਦੀਆਂ ਅੱਖਾਂ ਨੂੰ ਸਾਫ ਕੀਤਾ ਅਤੇ ਬੱਚੀ ਨੂੰ ਘਰ ਲੈ ਕੇ ਆ ਗਏ ਜਿੱਥੇ ਉਨ੍ਹਾਂ ਬੱਚੀ ਨੂੰ ਦੁੱਧ ਪਿਲਾਇਆ ਅਤੇ ਬਾਅਦ ’ਚ ਬੱਚੀ ਨੂੰ ਲੈ ਕੇ ਸਿਵਿਲ ਹਸਪਤਾਲ ਫਾਜ਼ਿਲਕਾ ਆ ਗਏ। ਸਰਪੰਚ ਦੇਸ ਰਾਜ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੀ ਨੂੰ ਅਪਨਾ ਲਿਆ ਹੈ ਅਤੇ ਇਸ ਨਾਲ ਸਬੰਧਤ ਉਹ ਸਿਵਿਲ ਹਸਪਤਾਲ ਅਤੇ ਪ੍ਰਸ਼ਾਸਨ ਤੋਂ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਪੂਰੀ ਕਰਵਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਬੱਚੀ ਨੂੰ ਉਹ ਇਕ ਵਧੀਆ ਪਾਲਣ ਪੋਸ਼ਣ ਦੇਣਗੇ ਅਤੇ ਬੱਚੀ ਨੂੰ ਕਿਸੇ ਵੀ ਪ੍ਰਕਾਰ ਕੋਈ ਵੀ ਕਮੀ ਨਹੀਂ ਆਵੇਗੀ। ਉਧਰ ਸਰਪੰਚ ਵਲੋਂ ਨਵਜਾਤ ਬੱਚੀ ਨੂੰ ਅਪਨਾਏ ਜਾਣ ਤੋਂ ਬਾਅਦ ਸਰਪੰਚ ਦੀ ਪਿੰਡ ਹੀ ਨਹੀਂ ਬਲਕਿ ਇਲਾਕੇ ਅੰਦਰ ਪ੍ਰਸ਼ੰਸਾ ਹੋ ਰਹੀ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਵੱਲੋਂ ਭਗਵੰਤ ਮਾਨ ਨੂੰ ਸ਼ੁੱਭ ਇੱਛਾਵਾਂ, ਟਵੀਟ ਕਰ ਆਖੀ ਵੱਡੀ ਗੱਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ