ਸ਼ਹਿਰ ’ਚ ਪਿਆ 62 ਐੱਮ. ਐੱਮ. ਮੀਂਹ

Sunday, Sep 23, 2018 - 06:57 AM (IST)

ਸ਼ਹਿਰ ’ਚ ਪਿਆ 62 ਐੱਮ. ਐੱਮ. ਮੀਂਹ

ਚੰਡੀਗਡ਼੍ਹ, (ਰੋਹਿਲਾ)- ਸਤੰਬਰ ਮਹੀਨਾ ਮਾਨਸੂਨ ਦੇ ਵਾਪਸ ਜਾਣ ਦਾ ਹੁੰਦਾ ਹੈ ਪਰ ਮਾਨਸੂਨ ਜਾਂਦੇ-ਜਾਂਦੇ ਵੀ ਲੋਕਾਂ ਨੂੰ ਆਪਣਾ ਅਹਿਸਾਸ ਕਰਵਾ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਸਤੰਬਰ ਦੇ ਅੰਤ  ਤਕ ਮਾਨਸੂਨ ਦੀ ਵਿਦਾਇਗੀ ਹੋ ਜਾਂਦੀ ਹੈ  ਪਰ ਇਸ ਮੀਂਹ ਨੂੰ ਮਾਨਸੂਨ ਦਾ ਆਖਰੀ ਮੀਂਹ ਕਹਿਣਾ ਮੁਸ਼ਕਲ ਹੈ। ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਦੱਸਿਆ ਕਿ ਚੰਡੀਗਡ਼੍ਹ ’ਚ ਅਗਲੇ ਦੋ-ਤਿੰਨ ਦਿਨ ਮੀਂਹ ਇੰਝ ਹੀ ਜਾਰੀ ਰਹੇਗਾ। ਉਥੇ ਹੀ ਮੌਸਮ ਵਿਗਿਆਨੀਆਂ ਅਨੁਸਾਰ ਐਤਵਾਰ ਨੂੰ ਮੀਂਹ ਦਾ ਭਿਆਨਕ ਕਹਿਰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਐਤਵਾਰ ਨੂੰ ਸ਼ਨੀਵਾਰ ਤੋਂ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ।
 ਸ਼ਨੀਵਾਰ ਤਡ਼ਕੇ 3 ਵਜੇ  ਸ਼ੁਰੂ ਹੋਇਆ ਮੀਂਹ ਦੇਰ ਸ਼ਾਮ ਤਕ ਜਾਰੀ ਸੀ। ਸਾਰਾ ਦਿਨ ਲਗਾਤਾਰ ਜਾਰੀ ਰਹੇ ਮੀਂਹ ਨਾਲ ਮੌਸਮ ਵਿਚ ਠੰਢਕ ਘੁਲ ਗਈ, ਜਿਸ  ਕਾਰਨ ਸ਼ਹਿਰ ਦੇ ਤਾਪਮਾਨ ’ਚ ਸਿੱਧਾ 9 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ।  ਜਿਥੇ ਸ਼ੁੱਕਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਸ਼ਨੀਵਾਰ ਨੂੰ ਉਹ 26.2 ਡਿਗਰੀ ਸੈਲਸੀਅਸ ’ਤੇ ਜਾ ਪੁੱਜਾ, ਜਦਕਿ ਸਾਰਾ ਦਿਨ 62 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ। 
 ਇਸ ਮਾਨਸੂਨ ਦਾ 817 ਐੱਮ. ਐੱਮ. ਪਿਆ ਮੀਂਹ 
 ਖਬਰ ਲਿਖਣ ਤਕ ਇਸ ਮਾਨਸੂਨ ਦਾ ਕੁਲ ਮੀਂਹ 817 ਐੱਮ. ਐੱਮ. ਮਿਣਿਆ ਗਿਆ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਵੱਧ  ਹੈ  ਪਰ ਮੌਸਮ ਵਿਭਾਗ ਅਨੁਸਾਰ ਮਾਨਸੂਨ ਵਿਚ ਜਿੰਨਾ ਮੀਂਹ ਪੈਣਾ ਚਾਹੀਦਾ ਹੈ, ਉਸਦੇ ਮੁਕਾਬਲੇ 22 ਐੱਮ. ਐੱਮ. ਮੀਂਹ ਘੱਟ ਪਿਆ ਹੈ। ਵਿਭਾਗ ਅਨੁਸਾਰ ਮਾਨਸੂਨ ਦੌਰਾਨ ਅੌਸਤ 839 ਐੱਮ. ਐੱਮ.  ਮੀਂਹ ਪੈਣਾ ਚਾਹੀਦਾ ਹੈ। ਇਸ ਵਾਰ ਸਤੰਬਰ ਮਹੀਨੇ ਵਿਚ 141 ਐੱਮ. ਐੱਮ. ਮੀਂਹ ਪਿਆ ਹੈ, ਜੋ ਕਿ ਪਿਛਲੇ ਤਿੰਨ ਸਾਲਾਂ ਦੇ ਮੁਕਾਬਲੇ ਵੱਧ ਦਰਜ ਕੀਤਾ ਗਿਆ ਹੈ। ਉਥੇ ਹੀ ਇਸ ਮਾਨਸੂਨ ਸੀਜ਼ਨ ਨੇ ਪਿਛਲੇ ਅੱਠ ਸਾਲਾਂ ਦਾ ਰਿਕਾਰਡ ਤੋਡ਼ ਦਿੱਤਾ ਹੈ।   
 


Related News