ਨਸ਼ੇ ਵਾਲੇ ਪਦਾਰਥਾਂ ਸਮੇਤ ਕੀਤੇ 5 ਕਾਬੂ

09/26/2019 1:13:23 AM

ਪਟਿਆਲਾ/ਰਾਜਪੁਰਾ, (ਬਲਜਿੰਦਰ, ਮਸਤਾਨਾ, ਚਾਵਲਾ)- ਸਪੈਸ਼ਲ ਟਾਸਕ ਫੋਰਸ ਪਟਿਆਲਾ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਖਿਲਾਫ ਲਗਾਤਾਰ ਵਿੱਢੀ ਮੁਹਿੰਮ ਤਹਿਤ ਐੱਸ. ਟੀ. ਐੱਫ. ਟੀਮ ਪਟਿਆਲਾ ਵੱਲੋਂ ਤਿੰਨ ਵੱਖ-ਵੱਖ ਮੁਕੱਦਮਿਆਂ ਵਿਚ ਨਸ਼ੇ ਵਾਲੀਆਂ 7040 ਗੋਲੀਆਂ ਅਤੇ ਸਾਢੇ 54 ਕਿਲੋ ਭੁੱਕੀ ਬਰਾਮਦ ਕੀਤੀ ਹੈ।

ਸਪੈਸ਼ਲ ਟਾਸਕ ਫੋਰਸ ਪਟਿਆਲਾ ਰੇਂਜ ਦੇ ਉੱਪ ਕਪਤਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਐੱਸ. ਟੀ. ਐੱਫ. ਟੀਮ ਪਟਿਆਲਾ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ, ਸਹਾਇਕ ਥਾਣੇਦਾਰ ਸਤਿੰਦਰਪਾਲ ਸਿੰਘ ਅਤੇ ਸਿਪਾਹੀ ਅਮਨਦੀਪ ਕੌਰ ਐੱਸ. ਟੀ. ਐੱਫ. ਦੇ ਹੋਰ ਕਰਮਚਾਰੀਆਂ ਨਾਲ ਸ਼ਾਮਲ ਪੁਲਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਮੇਨ ਜੀ. ਟੀ. ਰੋਡ ਚੌੜਾ ਬਜ਼ਾਰ ਰਾਜਪੁਰਾ ਵਿਖੇ ਮੌਜੂਦ ਸਨ। 2 ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੇ ਹੱਥ ਵਿਚ ਫੜੇ ਲਿਫਾਫਿਆਂ ਨੂੰ ਸੁੱਟ ਕੇ ਭੱਜਣ ਲੱਗੇ। ਉਨ੍ਹਾਂ ਨੂੰ ਪੁਲਸ ਨੇ ਕਾਬੂ ਕਰ ਕੇ ਸੁੱਟੇ ਲਿਫਾਫੇ ਚੈੱਕ ਕੀਤੇ ਤਾਂ ਇਨ੍ਹਾਂ 'ਚੋਂ ਨਸ਼ੇ ਵਾਲੀਆਂ 6 ਹਜ਼ਾਰ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮਾਂ ਦੀ ਪਛਾਣ ਰਾਘੜ ਅਲੀ ਪੁੱਤਰ ਹਨੀਫ ਅਲੀ ਵਾਸੀ ਸਲੇਮਪੁਰ ਥਾਣਾ ਸਰਸਾਵਾ ਜ਼ਿਲਾ ਸਹਾਰਨਪੁਰ ਅਤੇ ਨਦੀਪ ਪੁੱਤਰ ਈਦੂ ਤਿਆਗੀ ਵਾਸੀ ਸੁਨਹਿਰਾ ਜ਼ਿਲਾ ਹਰਿਦੁਆਰ (ਉੱਤਰਾਖੰਡ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਕੇ ਥਾਣਾ ਸਿਟੀ ਰਾਜਪੁਰਾ ਵਿਖੇ ਮੁਕੱਦਮਾ ਦਰਜ ਕਰਵਇਆ ਗਿਆ ਹੈ।

ਉੱਪ ਕਪਤਾਨ ਪੁਲਸ ਨੇ ਦੱਸਿਆ ਕਿ ਇਕ ਹੋਰ ਮਾਮਲੇ 'ਚ ਐੱਸ. ਟੀ. ਐੱਫ. ਪਟਿਆਲਾ ਰੇਂਜ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ, ਸਹਾਇਕ ਥਾਣੇਦਾਰ ਕ੍ਰਿਸ਼ਨ ਸਿੰਘ, ਹੌਲਦਾਰ ਗੁਰਿੰਦਰ ਸਿੰਘ, ਐੱਸ. ਟੀ. ਐੱਫ. ਦੇ ਹੋਰ ਕਰਮਚਾਰੀਆਂ ਅਤੇ ਸਹਾਇਕ ਥਾਣੇਦਾਰ ਗੋਰਖ ਨਾਥ ਨੇ ਸਮੇਤ ਪੁਲਸ ਪਾਰਟੀ ਟੀ-ਪੁਆਇੰਟ ਜੰਡਾਲੀ ਕਲਾਂ ਅਹਿਮਦਗੜ੍ਹ ਨਾਕਾਬੰਦੀ ਕੀਤੀ ਹੋਈ ਸੀ। ਇਕ ਟੈਂਪੂ ਨੰਬਰ ਪੀ. ਬੀ. 11 ਬੀ. ਆਰ. 9730 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 54 ਕਿਲੋ 500 ਗਰਾਮ ਭੁੱਕੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਚਾਲਕ ਦੀ ਸ਼ਨਾਖਤ ਸ਼ੇਰ ਅਲੀ ਖਾਨ ਪੁੱਤਰ ਮੁਹੰਮਦ ਯੂਸਫ ਵਾਸੀ ਪਿੰਡ ਸਾਹੂ ਤਹਿਸੀਲ ਸਰਹਾਣ ਥਾਣਾ ਬਾਲੂ ਜ਼ਿਲ ਚੰਬਾ (ਹਿਮਾਚਲ ਪ੍ਰਦੇਸ਼) ਹਾਲ ਅਬਾਦ ਪਿੰਡ ਖੇੜਾ ਥਾਣਾ ਡੇਹਲੋਂ ਅਤੇ ਉਸ ਦੇ ਨਾਲ ਬੈਠੇ ਕਲੀਨਰ ਦੀ ਸ਼ਨਾਖਤ ਸੈਫ ਅਲੀ ਖਾਨ ਪੁੱਤਰ ਗੁਲਾਮ ਰਸੂਲ ਵਾਸੀ ਪਿੰਡ ਸਾਹੂ ਤਹਿ. ਸਰਹਾਣ ਥਾਣਾ ਬਾਲੂ ਜ਼ਿਲਾ ਚੰਬਾ (ਹਿਮਾਚਲ ਪ੍ਰਦੇਸ਼) ਹਾਲ ਅਬਾਦ ਗੁੱਜਰਾਂ ਦਾ ਡੇਰਾ ਪਿੰਡ ਮਾਹਮਦਪੁਰ ਥਾਣਾ ਸਦਰ ਵਜੋ ਹੋਈ ਹੈ।

ਡੀ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀ ਟਰੱਕ ਚਾਲਕ ਸ਼ੇਰ ਅਲੀ ਖਾਨ ਅਤੇ ਉਸ ਦੇ ਨਾਲ ਬੈਠੇ ਸੈਫ ਅਲੀ ਖਾਨ ਨੂੰ ਮੌਕੇ 'ਤੇ ਹੀ ਸਮੇਤ ਟੈਂਪੂ ਗ੍ਰਿਫਤਾਰ ਕਰ ਕੇ ਥਾਣਾ ਸਦਰ ਅਹਿਮਦਗੜ੍ਹ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ। ਇਸ ਮੁਕੱਦਮੇ ਇਸ ਟੈਂਪੂ ਦੇ ਮਾਲਕ ਕਾਸ਼ੀ ਪੁੱਤਰ ਗੁਲਾਮ ਰਸੂਲ ਵਾਸੀ ਪਿੰਡ ਸਾਹੂ ਤਹਿ. ਸਰਹਾਣ ਥਾਣਾ ਬਾਲੂ ਜ਼ਿਲਾ ਚੰਬਾ (ਹਿਮਾਚਲ ਪ੍ਰਦੇਸ਼) ਹਾਲ ਅਬਾਦ ਗੁੱਜਰਾਂ ਦਾ ਡੇਰਾ ਪਿੰਡ ਮਾਹਮਦਪੁਰ ਥਾਣਾ ਸਦਰ ਧੂਰੀ ਨੂੰ ਵੀ ਮੁਕੱਦਮੇ ਵਿਚ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ।

ਡੀ. ਐੱਸ. ਪੀ. ਹਰਵਿੰਰ ਸਿੰਘ ਨੇ ਦੱਸਿਆ ਕਿ ਇਕ ਹੋਰ ਮਾਮਲੇ ਵਿਚ ਐੱਸ. ਟੀ. ਐੱਫ. ਟੀਮ ਪਟਿਆਲਾ ਦੇ ਸਹਾਇਕ ਥਾਣੇਦਾਰ ਸੱਤਪਾਲ ਸਿੰਘ, ਸਹਾਇਕ ਥਾਣੇਦਾਰ ਰੂਪ ਸਿੰਘ ਅਤੇ ਐੱਸ. ਟੀ. ਐੱਫ. ਦੇ ਹੋਰ ਕਰਮਚਾਰੀਆਂ ਨਾਲ ਸ਼ਾਮਲ ਪੁਲਸ ਪਾਰਟੀ ਫੋਕਲ ਪੁਆਇੰਟ ਰਾਜਪੁਰਾ ਨਾਕਾ 'ਤੇ ਮੌਜੂਦ ਸਨ। ਇਕ ਮੋਨਾ ਵਿਅਕਤੀ ਮੋਟਰਸਾਈਕਲ 'ਤੇ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਮੋਟਰਸਾਈਕਲ ਪਿੱਛੇ ਮੋੜਨ ਲੱਗਾ। ਮੋਟਰਸਾਈਕਲ ਸਲਿੱਪ ਹੋਣ ਕਾਰਣ ਟੈਂਕੀ 'ਤੇ ਰੱਖਿਆ ਪਲਾਸਟਿਕ ਦਾ ਲਿਫਾਫਾ ਥੱਲੇ ਡਿੱਗ ਪਿਆ। ਇਸ ਵਿਚੋਂ ਗੋਲੀਆਂ ਦੇ ਪੱਤੇ ਨਜ਼ਰ ਆ ਰਹੇ ਸਨ। ਪੁਲਸ ਨੇ ਸਹਾਇਕ ਥਾਣੇਦਾਰ ਬਹਾਦਰ ਰਾਮ ਥਾਣਾ ਸਿਟੀ ਰਾਜਪੁਰਾ ਨਾਲ ਸ਼ਾਮਲ ਹੋ ਕੇ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਨਸ਼ੇ ਵਾਲੀਆਂ 2080 ਗੋਲੀਆਂ ਬਰਾਮਦ ਹੋਈਆਂ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਮਨਦੀਪ ਸਿੰਘ ਉਰਫ ਲਾਡੀ ਪੁੱਤਰ ਕੁਲਵੰਤ ਸਿੰਘ ਵਾਸੀ ਮੁਹੰਮਦੀਪੁਰ ਥਾਣਾ ਮੂਲੇਪੁਰ ਜ਼ਿਲਾ ਫਤਿਹਗੜ੍ਹ ਸਾਹਿਬ ਹਾਲ ਅਬਾਦ ਨੇੜੇ ਮਾਤਾ ਰਾਣੀ ਮੰਦਰ ਬਾਵਾ ਕਾਲੋਨੀ ਰਾਜਪੁਰਾ ਵਜੋਂ ਹੋਈ ਹੈ। ਉਸ ਨੂੰ ਮੌਕੇ 'ਤੇ ਹੀ ਸਮੇਤ ਮੋਟਰਸਾਈਕਲ ਗ੍ਰਿਫਤਾਰ ਕਰ ਕੇ ਥਾਣਾ ਸਿਟੀ ਰਾਜਪੁਰਾ ਜ਼ਿਲਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਨਸ਼ੇ ਦੀ ਸਪਲਾਈ ਲਾਈਨ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।


Bharat Thapa

Content Editor

Related News