ਜ਼ਮੀਨ ਦੀ ਗਲਤ ਰਜਿਸਟਰੀ ਕਰਵਾਉਣ ਦੇ ਦੋਸ਼ 'ਚ ਬੈਂਕ ਮੈਨੇਜ਼ਰ ਸਣੇ 5 ਨਾਮਜ਼ਦ
Monday, Sep 16, 2019 - 09:15 PM (IST)

ਮਾਨਸਾ, (ਸੰਦੀਪ ਮਿੱਤਲ)- ਜ਼ਿਲਾ ਪੁਲਸ ਮਾਨਸਾ ਨੇ ਆਡ-ਰਹਿਣ ਦੀ ਜ਼ਮੀਨ ਦੀ ਗਲਤ ਰਜਿਸਟਰੀ ਕਰਵਾਉਣ ਅਤੇ ਜ਼ਮੀਨ ਦੀ ਖਰੀਦਦਾਰੀ ਵੇਲੇ ਇਕਰਾਰਨਾਮੇ 'ਚ ਠੱਗੀ ਤੇ ਧੋਖਾਧੜੀ ਕਰਨ ਵਾਲੇ 5 ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਾਕੀ 3 ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਜ਼ਿਲਾ ਪੁਲਸ ਮੁਖੀ ਡਾ: ਨਰਿੰਦਰ ਭਾਰਗਵ ਨੇ ਦੱਸਿਆ ਕਿ ਮਿਤੀ 29 ਅਪ੍ਰੈਲ 2019 ਨੂੰ ਕੁਲਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕੁਲਾਣਾ
ਨੇ ਉਸ ਨਾਲ ਜ਼ਮੀਨ ਖਰੀਦਣ ਬਾਰੇ ਹੋਏ ਇਕਰਾਰਨਾਮੇ 'ਚ ਠੱਗੀ ਵੱਜਣ ਦੀ ਦਰਖਾਸ਼ਤ ਦਿੱਤੀ ਸੀ । ਜਿਸ ਦੀ ਮਾਨਸਾ ਪੁਲਸ ਵਲੋਂ ਬਰੀਕੀ ਨਾਲ ਪੜਤਾਲ ਕੀਤੀ ਗਈ। ਇਸ ਪੜਤਾਲ ਦੌਰਾਨ ਜਮੀਨ ਸਬੰਧੀ ਠੱਗੀ ਮਾਰਨ ਵਾਲੇ 5 ਦੋਸ਼ੀਆਂ ਵਿਰੁੱਧ ਥਾਣਾ ਸਿਟੀ ਬੁਢਲਾਡਾ ਦੀ ਪੁਲਸ ਨੇ ਧਾਰਾ 420,467,471,120- ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਿੰਨ੍ਹਾਂ 'ਚ 2 ਦੋਸ਼ੀਆਂ ਵਜ਼ੀਰ ਸਿੰਘ ਪੁੱਤਰ ਸੌਂਣ ਸਿੰਘ ਅਤੇ ਨਾਜ਼ਰ ਸਿੰਘ ਨੰਬਰਦਾਰ ਪੁੱਤਰ ਪ੍ਰੀਤਮ ਸਿੰਘ ਵਾਸੀਅਨ ਪਿੰਡ ਕੁਲਾਣਾ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਪੁਲਸ ਜਾਣਕਾਰੀ ਮੁਤਾਬਕ ਸੁਖਵਿੰਦਰ ਕੌਰ ਨੇ ਆਪਣੀ ਜ਼ਮੀਨ 1 ਕਨਾਲ 7 ਮਰਲੇ ਵਾਕਾ ਰਕਬਾ ਕੁਲਾਣਾ ਨੂੰ ਬੈਅ ਕਰਨ ਦਾ ਸੌਦਾ ਗਵਾਹਾਂ ਦੀ ਹਾਜ਼ਰੀ 'ਚ 1 ਲੱਖ ਰੁਪਏ 'ਚ ਦਰਖਾਸ਼ਤੀ ਕੁਲਦੀਪ ਸਿੰਘ ਨਾਲ ਕੀਤਾ ਸੀ ਅਤੇ 25 ਹਜ਼ਾਰ ਰੁਪਏ ਬਤੌਰ ਬਿਆਨਾਂ ਵਸੂਲ ਕਰ ਲਿਆ ਸੀ। ਰਜਿਸਟਰੀ ਕਰਾਉਣ ਦੀ ਤਾਰੀਖ 30 ਦਸੰਬਰ 2018 ਮੁਕੱਰਰ ਕੀਤੀ ਗਈ ਸੀ ਪਰ ਉਸ ਜ਼ਮੀਨ ਤੇ ਪੀ.ਏ.ਡੀ.ਬੀ. ਬੈਂਕ ਬੁਢਲਾਡਾ ਦਾ 35,000/-ਰੁਪਏ ਦਾ ਲੋਨ ਖੜਾ ਹੋਣ ਕਰਕੇ ਜ਼ਮੀਨ ਮਾਲ ਮਹਿਕਮੇ ਕੋਲ ਸੀ।
ਜ਼ਿਲਾ ਪੁਲਸ ਫਮੁਖੀ ਨੇ ਦੱਸਿਆ ਕਿ ਖਰੀਦਦਾਰ ਕੁਲਦੀਪ ਸਿੰਘ ਨੇ ਸੁਖਵਿੰਦਰ ਕੌਰ ਪਾਰਟੀ ਨੂੰ ਜ਼ਮੀਨ ਪਰ ਖੜੇ ਲੋਨ ਨੂੰ ਕਲੀਅਰ ਕਰਕੇ ਜਮੀਨ ਮਾਲ ਮਹਿਕਮਾ ਪਾਸੋ ਫੱਕ ਕਰਵਾ ਕੇ ਰਜਿਸਟਰੀ ਕਰਾਉਣ ਬਾਰੇ ਕਿਹਾ ਅਤੇ ਮਿਤੀ 30 ਅਪ੍ਰੈਲ 2019 ਤੱਕ ਆਪਸੀ ਸਹਿਮਤੀ ਨਾਲ ਰਜਿਸਟਰੀ ਕਰਾਉਣ ਦੀ ਤਾਰੀਖ ਵਧਾ ਲਈ ਜਦਕਿ ਦੋਸ਼ੀਆਂ ਨੇ ਆਪਸ 'ਚ ਹਮ-ਮਸਵਰਾ ਹੋ ਕੇ ਆਂਡ ਰਹਿਣ ਜ਼ਮੀਨ ਦੀ ਕਲੀਅਰੈਸ ਪੀ.ਏ.ਡੀ.ਬੀ. ਬੈਂਕ ਬੁਢਲਾਡਾ ਪਾਸੋ ਹਾਸਲ ਕਰਨ ਦੀ ਬਜਾਏ ਪੰਜਾਬ ਨੈਸ਼ਨਲ ਬੇਂਕ ਬੁਢਲਾਡਾ ਦੇ ਮੈਨੇਜਰ ਨਾਲ ਮਿਲ ਕੇ ਕਲੀਅਰੈਸ ਸਰਟੀਫਿਕੇਟ ਹਾਸਲ ਕਰਕੇ ਮਾਲ ਮਹਿਕਮਾ ਪਾਸੋ ਗਲਤ ਫੱਕ ਕਰਵਾਈ ਅਤੇ ਇਸ ਜ਼ਮੀਨ ਦੀ ਰਜਿਸਟਰੀ ਕੁਲਦੀਪ ਸਿੰਘ ਦੀ ਬਜਾਏ ਸੁਖਪਾਲ ਕੌਰ ਨੂੰ ਅੱਗੇ ਕਰਵਾ ਕੇ ਕੁਲਦੀਪ ਸਿੰਘ ਨਾਲ ਠੱਗੀ ਮਾਰੀ ਹੈ।
ਨਾਜਰ ਸਿੰਘ ਨੰਬਰਦਾਰ ਵੱਲੋਂ ਬਤੌਰ ਗਵਾਹ ਦਸਤਖਤ ਕੀਤੇ ਗਏ ਹਨ ਕਿ ਪੰਜਾਬ ਨੈਸ਼ਨਲ ਬੈਂਕ ਬੁਢਲਾਡਾ ਦੇ ਮੈਨੇਜਰ ਵਲੋਂ ਗਲਤ ਢੰਗ ਨਾਲ ਐਨ.ਓ.ਸੀ. ਹਾਸਲ ਕਰਕੇ ਮਹਿਕਮਾ ਮਾਲ ਦੇ ਰਿਕਾਰਡ 'ਚ ਖੁਦ ਦਸਤਖਤ ਕਰਕੇ ਜ਼ਮੀਨ ਨੂੰ ਗਲਤ ਢੰਗ ਨਾਲ ਫੱਕ ਕਰਵਾਇਆ ਗਿਆ ਹੈ। ਵਜ਼ੀਰ ਸਿੰਘ ਜੋ ਕਿ ਸੁਖਪਾਲ ਕੌਰ ਦਾ ਭਰਾ ਹੈ ਅਤੇ ਸੁਖਪਾਲ ਕੌਰ ਉਸ ਦੇ ਕੋਲ ਹੀ ਪਿੰਡ ਕੁਲਾਣਾ ਵਿਖੇ ਰਹਿ ਰਹੀ ਹੈ, ਉਸਨੂੰ ਕੁਲਦੀਪ ਸਿੰਘ ਨਾਲ ਪਹਿਲਾ ਹੋਏ ਬਿਆਨੇ ਬਾਰੇ ਜਾਣਕਾਰੀ ਸੀ ਪਰ ਜਾਣਕਾਰੀ ਹੁੰਦੇ ਹੋਏ ਵੀ ਗਲਤ ਗਵਾਹੀ ਦਿੱਤੀ। ਮੁਕੱਦਮੇ 'ਚ 2 ਦੋਸ਼ੀਆਂ ਵਜ਼ੀਰ ਸਿੰਘ ਪੁੱਤਰ ਸੌਂਣ ਸਿੰਘ ਅਤੇ ਨਾਜਰ ਸਿੰਘ ਨੰਬਰਦਾਰ ਪੁੱਤਰ ਪ੍ਰੀਤਮ ਸਿੰਘ ਵਾਸੀਆਂ ਕੁਲਾਣਾ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਰਹਿੰਦੇ ਦੋਸ਼ੀਆਂ ਸੁਖਵਿੰਦਰ ਕੌਰ (ਜ਼ਮੀਨ ਵੇਚਣ ਵਾਲਾ) ਪਤਨੀ ਲਛਮਣ ਸਿੰਘ ਵਾਸੀ ਪਿਊਰੀ ਜਿਲਾ ਸ੍ਰੀ ਮੁਕਤਸਰ ਸਾਹਿਬ, .ਸੁਖਪਾਲ ਕੌਰ ਉਰਫ ਸੁਖਦੀਪ ਕੌਰ ਪੁੱਤਰੀ ਸੌਣ ਸਿੰਘ ਵਾਸੀ ਕੁਲਾਣਾ, ਮਨੋਹਰ ਜਨੇਜਾ ਮੈਨੇਜਰ ਪੰਜਾਬ ਨੈਸਨਲ ਬੈਂਕ ਬ੍ਰਾਂਚ ਬੁਢਲਾਡਾ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।