960 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਨਸ਼ੇ ਵਾਲੀਆਂ 1500 ਗੋਲੀਆਂ ਸਣੇ 5 ਕਾਬੂ

08/26/2019 4:43:23 AM

ਸਮਾਣਾ, (ਦਰਦ)- ਸੀ. ਆਈ. ਏ. ਸਟਾਫ ਸਮਾਣਾ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿਚ ਹਰਿਆਣਾ ਤੋਂ ਸਮੱਗਲਿੰਗ ਕਰ ਕੇ ਇਕ ਛੋਟੇ ਹਾਥੀ, ਟੈਂਪੂ ਅਤੇ 2 ਕਾਰਾਂ ਵਿਚ ਲਿਆਂਦੀਆਂ ਜਾ ਰਹੀਆਂ ਨਸ਼ੇ ਵਾਲੀਆਂ 1500 ਗੋਲੀਆਂ, ਹਰਿਆਣਾ ਮਾਰਕਾ ਦੇਸੀ ਨਾਜਾਇਜ਼ ਸ਼ਰਾਬ ਦੀਆਂ 960 ਬੋਤਲਾਂ ਸਣੇ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਸੀ. ਆਈ. ਏ. ਸਟਾਫ ਸਮਾਣਾ ਦੇ ਏ. ਐੱਸ. ਆਈ. ਕੁਲਦੀਪ ਸਿੰਘ ਧਨੋਆ ਵੱਲੋਂ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਮਾਈਸਰ ਮੰਦਰ ਸਡ਼ਕ ਨੇਡ਼ੇ ਪੰਜਾਬ-ਹਰਿਆਣਾ ਹੱਦ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮਿਲੀ ਗੁਪਤਾ ਸੂਚਨਾ ਦੇ ਅਾਧਾਰ ’ਤੇ ਹਰਿਆਣਾ ਹੱਦ ਵੱਲੋਂ ਆ ਰਹੀ ਕਾਰ ਦੀ ਤਲਾਸ਼ੀ ਦੌਰਾਨ 780 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ। ਕਾਰ ਚਾਲਕ ਬਿੰਦਰ ਸਿੰਘ ਪੁੱਤਰ ਦਾਰਾ ਸਿੰਘ ਅਤੇ ਦਾਰਾ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਜੋਲਿਆ ਥਾਣਾ ਭਵਾਨੀਗਡ਼੍ਹ ਜ਼ਿਲਾ ਸੰਗਰੂਰ ਨੂੰ ਕਾਬੂ ਕਰ ਲਿਆ ਹੈ। ਪੁਲਸ ਅਧਿਕਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਦਾਰਾ ਸਿੰਘ ਨੇ ਦੱਸਿਆ ਕਿ ਸਮਾਣਾ, ਪਾਤਡ਼ਾਂ ਅਤੇ ਨਾਭਾ ਵਿਚ 20 ਕੁਇੰਟਲ ਤੋਂ ਜ਼ਿਆਦਾ ਭੁੱਕੀ ਸਮੱਗਲਿੰਗ ਦੇ ਤਿੰਨ ਵੱਖ-ਵੱਖ ਮਾਮਲਿਆਂ ਵਿਚ ਉਹ ਸਜ਼ਾਯਾਫਤਾ ਹੈ। ਅੱਜਕਲ ਉਹ ਜੇਲ ’ਚੋਂ ਛੁੱਟੀ ਆਇਆ ਹੈ।

ਇਕ ਹੋਰ ਮਾਮਲੇ ਵਿਚ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ ਜਸਵੰਤ ਸਿੰਘ ਵੱਲੋਂ ਪੁਲਸ ਪਾਰਟੀ ਸਣੇ ਘੱਗਰ ਪੁਲ ਪਿੰਡ ਰਸੋਲੀ ਨੇਡ਼ੇ ਨਾਕਾਬੰਦੀ ਕੀਤੀ ਹੋਈ ਸੀ ਕਿ ਪਿੰਡ ਚਿੱਚਡ਼ਵਾਲ ਵੱਲੋਂ ਆ ਰਹੀ ਇਕ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਦੀ ਤਲਾਸ਼ੀ ਲਈ। ਇਸ ਦੌਰਾਨ 180 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਕਾਰ ਚਾਲਕ ਗੁਰਨਾਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕੁਆ ਡੇਰੀ ਥਾਣਾ ਪਾਤਡ਼ਾਂ ਨੂੰ ਕਾਬੂ ਕਰ ਲਿਆ ਹੈ। ਇਕ ਹੋਰ ਮਾਮਲੇ ਵਿਚ ਪਾਤਡ਼ਾਂ-ਨਰਵਾਣਾ ਸਡ਼ਕ ’ਤੇ ਪੁਲ ਡਰੇਨ ਖਾਸਪੁਰ ਵਿਖੇ ਨਾਕਾਬੰਦੀ ਦੌਰਾਨ ਛੋਟੇ ਹਾਥੀ (ਟੈਂਪੂ) ਵਿਚੋਂ 1500 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਸੁਰਜੀਤ ਸਿੰਘ ਵਾਸੀ ਪਿੰਡ ਦੁਤਾਲ ਅਤੇ ਸ਼ਿੰਗਾਰਾ ਸਿੰਘ ਪ੍ਰੀਤ ਨਗਰ ਪਾਤਡ਼ਾਂ ਵਜੋਂ ਹੋਈ ਹੈ।


Bharat Thapa

Content Editor

Related News