ਮੋਗਾ ਜ਼ਿਲ੍ਹੇ ''ਚ ਕੋਰੋਨਾ ਦੇ 36 ਨਵੇਂ ਮਾਮਲੇ ਆਏ ਸਾਹਮਣੇ, 1 ਦੀ ਮੌਤ

09/13/2020 2:07:15 AM

ਮੋਗਾ,(ਸੰਦੀਪ ਸ਼ਰਮਾ)- ਜ਼ਿਲ੍ਹੇ ਵਿਚ ਕੋਵਿਡ-19 ਨਾਲ ਪੀੜਤ ਮੋਗਾ ਨਿਵਾਸੀ ਇਕ 70 ਸਾਲਾ ਵਿਅਕਤੀ ਦੀ ਅੱਜ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਮੌਤ ਹੋਣ ਉਪਰੰਤ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰਨ ਵਾਲਿਆਂ ਦੀ ਕੁੱਲ ਗਿਣਤੀ 47 ਹੋ ਗਈ ਹੈ, ਉਥੇ ਅੱਜ ਵੀ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਆ ਚੁੱਕੇ ਇਲਾਜ ਅਧੀਨ ਅਤੇ ਕੁਆਰੰਟਾਈਨ ਕੀਤੇ ਗਏ ਕੋਰੋਨਾ ਜੰਗ ਜਿੱਤਣ ਵਾਲੇ 1242 ਲੋਕਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ, ਉਥੇ ਅੱਜ ਜ਼ਿਲੇ ਵਿਚ 36 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਅੰਕੜਾ 1802 ਤੱਕ ਪਹੁੰਚ ਗਿਆ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਅਨੁਸਾਰ ਜ਼ਿਲੇ ਵਿਚ ਅੱਜ ਆਏ ਪਾਜ਼ੇਟਿਵ ਮਾਮਲਿਆਂ ਵਿਚ 28 ਮਰੀਜ਼ ਆਰ. ਟੀ. ਪੀ. ਸੀ. ਆਰ., 6 ਮਰੀਜ਼ ਐਂਟੀਜਨ ਅਤੇ 2 ਟਰੂਅ ਨਾਟ ਦੇ ਜ਼ਰੀਏ ਕੀਤੀ ਗਈ ਜਾਂਚ ਦੌਰਾਨ ਪਾਜ਼ੇਟਿਵ ਪਾਏ ਗਏ ਹਨ, ਉਥੇ ਹੁਣ ਸਿਹਤ ਵਿਭਾਗ ਨੂੰ 280 ਲੋਕਾਂ ਦੀ ਰਿਪੋਰਟ ਦੀ ਉਡੀਕ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਅੱਜ ਤੱਕ ਕੀਤੇ ਗਏ ਕੋਰੋਨਾ ਟੈਸਟਾਂ ਵਿਚੋਂ 34,292 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।

ਹੁਣ ਤੱਕ 491 ਹਨ ਐਕਟਿਵ ਮਾਮਲੇ, ਅੱਜ 470 ਸ਼ੱਕੀ ਲੋਕਾਂ ਦੇ ਲਏ ਸੈਂਪਲ : ਡਾ. ਬਾਜਵਾ

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਪਹਿਲਾਂ ਪਾਜ਼ੇਟਿਵ ਆ ਚੁੱਕੇ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੇ ਸੰਪਰਕ ਵਿਚ ਆਉਣ ਵਾਲਿਆਂ ਸਮੇਤ ਆਪਣੀ ਜਾਂਚ ਕਰਵਾਉਣ ਦੇ ਇੱਛੁਕ ਨਵੇਂ ਸ਼ੱਕੀ ਲੋਕਾਂ ਦੇ ਅੱਜ ਵੀ ਕੁੱਲ 470 ਲੋਕਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ, ਉਥੇ ਹੀ ਅੱਜ ਜ਼ਿਲੇ ਵਿਚ 491 ਮਰੀਜ਼ ਐਕਟਿਵ ਹਨ। ਉਨ੍ਹਾਂ ਦੱਸਿਆ ਕਿ ਅੱਜ ਸਾਹਮਣੇ ਆਉਣ ਵਾਲੇ ਮਰੀਜ਼ਾਂ ਵਿਚ ਕਸਬਾ ਕੋਟ ਈਸੇ ਖਾਂ, ਦਸਮੇਸ਼ ਨਗਰ, ਸ਼ਹੀਦ ਭਗਤ ਸਿੰਘ ਨਗਰ, ਰਾਮਾ ਕਾਲੋਨੀ, ਬਸਤੀ ਪੱਤੀ ਕੋਠੇ ਮੁਹੱਬਤ, ਸੰਤ ਨਗਰ, ਕੁਲਾਰ ਨਗਰ, ਗੀਤਾ ਕਾਲੋਨੀ ਦੇ ਨਾਲ-ਨਾਲ ਬਿਲਾਸਪੁਰ, ਪਿੰਡ ਰਾਊਕੇ ਕਲਾਂ, ਮਾਹਲਾ ਖੁਰਦ, ਕਸਬਾ ਬਾਘਾ ਪੁਰਾਣਾ, ਪਿੰਡ ਡਰੋਲੀ ਭਾਈ ਸਮੇਤ ਕੁਝ ਹੋਰ ਇਲਾਕਿਆਂ ਨਾਲ ਸਬੰਧਤ ਮਰੀਜ਼ ਸ਼ਾਮਲ ਹਨ।


Bharat Thapa

Content Editor

Related News