ਲੱਖਾਂ ਰੁਪਏ ਦੀ ਹੈਰੋਇਨ ਸਣੇ 3 ਕਾਬੂ, 1 ਫਰਾਰ

09/09/2019 6:38:14 PM

ਮੋਗਾ (ਆਜ਼ਾਦ)-ਪੁਲਸ ਨੇ ਲੱਖਾਂ ਰੁਪਏ ਦੀ ਹੈਰੋਇਨ ਸਣੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਦਕਿ 1 ਫਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਿਟੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਜਦੋਂ ਥਾਣਾ ਸਦਰ ਦੇ ਮੁਖੀ ਇੰਸ. ਜਗਤਾਰ ਸਿੰਘ ਪੁਲਸ ਪਾਰਟੀ ਸਣੇ ਇਲਾਕੇ 'ਚ ਗਸ਼ਤ ਕਰਦਿਆਂ ਬੁੱਕਣ ਵਾਲਾ ਰੋਡ 'ਤੇ ਜਾ ਰਹੇ ਸਨ ਤਾਂ ਸ਼ੱਕ ਦੇ ਆਧਾਰ 'ਤੇ ਮੋਟਰਸਾਈਕਲ ਸਵਾਰ ਕੀਮਤੀ ਲਾਲ ਵਾਸੀ ਪਿੰਡ ਸਿੰਘਾਂ ਵਾਲਾ ਨੂੰ ਰੋਕਿਆ ਅਤੇ ਤਲਾਸ਼ੀ ਲੈਣ 'ਤੇ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਕੀਮਤ ਤਿੰਨ ਲੱਖ ਦੇ ਕਰੀਬ ਹੈ। ਥਾਣਾ ਮੁਖੀ ਜਗਤਾਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁੱਛਗਿੱਛ ਕਰਨ 'ਤੇ ਉਸ ਨੇ ਦੱਸਿਆ ਕਿ ਉਕਤ ਹੈਰੋਇਨ ਉਹ ਦਿੱਲੀ ਵਿਖੇ ਇਕ ਵਿਦੇਸ਼ੀ ਨੀਗਰੋ ਤੋਂ ਲੈ ਕੇ ਆਉਂਦਾ ਸੀ। ਮੁਲਜ਼ਮ ਨੂੰ ਅੱਜ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ੀ ਨੀਗਰੋ ਦੀ ਪਛਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਸੀ.ਆਈ.ਏ. ਸਟਾਫ ਮੋਗਾ ਦੇ ਮੁਖੀ ਇੰਸ. ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਚਮਕੌਰ ਸਿੰਘ ਪੁਲਸ ਪਾਰਟੀ ਸਣੇ ਇਲਾਕੇ 'ਚ ਗਸ਼ਤ ਕਰਦਿਆਂ ਪਿੰਡ ਮਹਿਣਾ ਕੋਲ ਜਾ ਰਹੇ ਸਨ ਤਾਂ ਮੋਟਰਸਾਈਕਲ ਚਾਲਕ ਸਤਨਾਮ ਸਿੰਘ ਉਰਫ ਬਿੱਟੀ ਵਾਸੀ ਕਰਤਾਰ ਨਗਰ ਮੋਗਾ ਨੂੰ 25 ਗ੍ਰਾਮ ਹੈਰੋਇਨ, ਜਿਸ ਦੀ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ, ਸਣੇ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਉਕਤ ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਉਕਤ ਹੈਰੋਇਨ ਦਿੱਲੀ ਵਾਸੀ ਇਕ ਨੀਗਰੋ ਤੋਂ ਲੈ ਕੇ ਆਉਂਦਾ ਸੀ। ਪੁਲਸ ਨੇ ਉਸ ਕੋਲੋਂ 400 ਰੁਪਏ ਭਾਰਤੀ ਕਰੰਸੀ ਵੀ ਬਰਾਮਦ ਕੀਤੀ। ਸਤਨਾਮ ਸਿੰਘ ਖਿਲਾਫ ਵੱਖ-ਵੱਖ ਥਾਣਿਆਂ 'ਚ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲੇ ਦਰਜ ਹਨ ਅਤੇ ਉਹ ਇਕ ਮਾਮਲੇ 'ਚੋਂ ਜ਼ਮਾਨਤ 'ਤੇ ਰਿਹਾ ਹੋ ਕੇ ਆਇਆ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਸਤਨਾਮ ਸਿੰਘ ਉਰਫ ਬਿੱਟੂ ਅਤੇ ਨੀਗਰੋ ਵਾਸੀ ਦਿੱਲੀ ਖਿਲਾਫ ਥਾਣਾ ਮਹਿਣਾ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਡੀ.ਐੱਸ.ਪੀ. ਸਿਟੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਜਦੋਂ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਪੁਲਸ ਪਾਰਟੀ ਸਣੇ ਇਲਾਕੇ 'ਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਪਵਿੱਤਰ ਸਿੰਘ ਉਰਫ ਭੀਮਾ ਵਾਸੀ ਨਜ਼ਦੀਕ ਮੱਲ ਸਿੰਘ ਗੁਰਦੁਆਰਾ ਪੁਰਾਣਾ ਮੋਗਾ ਨੂੰ 5 ਗ੍ਰਾਮ ਹੈਰੋਇਨ ਅਤੇ 200 ਰੁਪਏ ਭਾਰਤੀ ਕਰੰਸੀ ਸਣੇ ਕਾਬੂ ਕੀਤਾ। ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Karan Kumar

Content Editor

Related News