31 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਸਮੱਗਲਰ ਕਾਬੂ
Friday, Apr 05, 2019 - 07:38 PM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਦੋ ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਕੇ ਭਾਰੀ ਮਾਤਰਾਂ 'ਚ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।ਜਾਣਕਾਰੀ ਦਿੰਦਿਆ ਨਿਹਾਲ ਸਿੰਘ ਵਾਲਾ ਦੇ ਡੀ. ਐੱਸ. ਪੀ. ਕੁਲਜਿੰਦਰ ਸਿੰਘ ਤੇ ਥਾਣਾ ਮੁਖੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਸਬ-ਇੰਸਪੈਕਟਰ ਹਰਬੰਸ ਲਾਲ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵਲੋਂ ਮੋਗਾ ਬਰਨਾਲਾ ਨੈਸ਼ਨਲ ਹਾਈਵੇ ਰੋਡ ਟੀ ਪੁਆਇੰਟ ਹਿੰਮਤਪੁਰਾ 'ਤੇ ਨਾਕਾ ਲਾ ਕੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ, ਜਿਸ ਦੌਰਾਨ ਬਰਨਾਲਾ ਸਾਇਡ ਤੋਂ ਤੇਜ਼ ਰਫਤਾਰ ਆ ਰਹੀ ਇਕ ਕਾਰ ਪੁਲਸ ਪਾਰਟੀ ਨੂੰ ਦੇਖ ਕੇ ਵਾਪਸ ਮੁੜਨ ਲੱਗੀ ਪਰ ਪੁਲਸ ਪਾਰਟੀ ਨੇ ਕਾਰ ਸਵਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਤੇ ਜਦੋਂ ਕਾਰ ਦੀ ਤਲਾਸ਼ੀ ਲੈਣੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਗੱਡੀ ਦੀ ਜਾਂਚ ਕੋਈ ਗਜ਼ਟਿਡ ਅਫਸਰ ਦੀ ਹਾਜ਼ਰੀ 'ਚ ਕੀਤੀ ਜਾਵੇ ਤਾਂ ਸਬ-ਇੰਸਪੈਕਟਰ ਹਰਬੰਸ ਲਾਲ ਨੇ ਇਸ ਸਬੰਧੀ ਤੁਰੰਤ ਥਾਣਾ ਮੁੱਖੀ ਅਤੇ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਨੂੰ ਇਸ ਮਾਮਲੇ ਸਬੰਧੀ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਕੁਲਜਿੰਦਰ ਸਿੰਘ ਤੇ ਥਾਣਾ ਮੁਖੀ ਪਰਮਜੀਤ ਕੁਮਾਰ ਮੌਕੇ 'ਤੇ ਪੁੱਜੇ ਤੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ 'ਚੋਂ ਪਲਾਸਟਿਕ ਦੇ ਗੱਟਿਆ 'ਚੋਂ ਭਾਰੀ ਗਿਣਤੀ 'ਚ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਇਨ੍ਹਾਂ ਗੋਲੀਆਂ ਦੀ ਕੁੱਲ ਗਿਣਤੀ 31 ਹਜ਼ਾਰ 206 ਪਾਈ ਗਈ ਤੇ ਕਾਬੂ ਕੀਤੇ ਗਏ ਦੋਵੇਂ ਨੌਜਵਾਨਾਂ ਦੀ ਪਛਾਣ ਸੁਖਦੇਵ ਸਿੰਘ ਵਾਸੀ ਮੱਝੂਕੇ ਥਾਣਾ ਭਦੌੜ ਜ਼ਿਲਾ ਬਰਨਾਲਾ ਤੇ ਕਿਸ਼ਮਿਸ ਗਰਗ ਵਾਸੀ ਤਪਾ ਮੰਡੀ ਜ਼ਿਲਾ ਬਰਨਾਲਾ ਵਜੋਂ ਹੋਈ। ਨੌਜਵਾਨਾਂ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਹੈ।