ਪੇਪਰ ਮਿੱਲ ’ਚ ਪਾਣੀ ਦਾ ਟੈਂਕ ਸਾਫ ਕਰਦੇ ਜ਼ਹਿਰੀਲੀ ਗੈਸ ਚੜ੍ਹਨ ਨਾਲ 2 ਦੀ ਮੌਤ

7/9/2020 8:44:51 PM

ਲੁਧਿਆਣਾ/ਹੰਬੜਾਂ, (ਅਨਿਲ, ਸਤਨਾਮ)- ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਗੌਂਸਪੁਰ ’ਚ ਅੱਜ ਸ਼ਾਮ ਕਰੀਬ 4 ਵਜੇ ਪੇਪਰ ਮਿੱਲ ’ਚ ਪਾਣੀ ਦੇ ਟੈਂਕ ਦੀ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ।

ਹਾਦਸੇ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਵੈਸਟ ਸਮੀਰ ਵਰਮਾ, ਥਾਣਾ ਲਾਡੋਵਾਲ ਦੇ ਮੁਖੀ ਬਲਵਿੰਦਰ ਸਿੰਘ ਅਤੇ ਹੰਬੜਾਂ ਚੌਕੀ ਇੰਚਾਰਜ ਹਰਪਾਲ ਸਿੰਘ ਮੌਕੇ ’ਤੇ ਪੁੱਜੇ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਗੌਂਸਪੁਰ ’ਚ ਸ਼੍ਰੀ ਗਣੇਸ਼ ਪੇਪਰ ਮਿੱਲ ’ਚ ਸ਼ਾਮ ਕਰੀਬ 4 ਵਜੇ ਮੁਕੇਸ਼ ਕੁਮਾਰ (22) ਪੁੱਤਰ ਨਵਲ ਕੁਮਾਰ ਅਤੇ ਗੌਤਮ (21) ਪੁੱਤਰ ਸਦੇਸ਼ਵਰ ਪ੍ਰਸਾਦ ਪਾਣੀ ਦੇ ਟੈਂਕ ਦੀ ਸਫਾਈ ਕਰ ਰਹੇ ਸਨ ਅਤੇ ਟੈਂਕ ਦੀ ਸਫਾਈ ਕਰਦੇ ਹੋਏ ਦੋਵੇਂ ਨੌਜਵਾਨ ਦੀ ਜ਼ਹਿਰਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਉਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਪਹਿਲਾਂ ਦੋਵੇਂ ਨੌਜਵਾਨਾਂ ਨੂੰ ਹੰਬੜਾਂ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵੇਂ ਨੌਜਵਾਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਭਿਜਵਾ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਸਾਰੇ ਕੇਸ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਜਦੋਂ ਮਿੱਲ ਦੇ ਟੈਂਕ ਦੀ ਸਫਾਈ ਲਈ ਨੌਜਵਾਨਾਂ ਨੂੰ ਟੈਂਕ ’ਚ ਵਿਚ ਉਤਾਰਿਆ ਗਿਆ ਤਾਂ ਉਨ੍ਹਾਂ ਕੋਲ ਸੇਫਟੀ ਕਿੱਟ ਮੌਜੂਦ ਸੀ ਜਾਂ ਨਹੀਂ। ਜਿਸ ਸਬੰਧੀ ਸਾਰੇ ਪਹਿਲੂ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


Bharat Thapa

Content Editor Bharat Thapa