ਮੁੜ ਸੁਰਖੀਆਂ 'ਚ ਬਠਿੰਡਾ ਜੇਲ੍ਹ, ਦੋ ਗੈਂਗਸਟਰਾਂ ਨੇ ਅਫ਼ਸਰਾਂ ਨੂੰ ਦਿੱਤੀ ਜਾਨੋਂ ਮਾਰ ਦੇਣ ਦੀ ਧਮਕੀ

Wednesday, Aug 24, 2022 - 01:00 PM (IST)

ਮੁੜ ਸੁਰਖੀਆਂ 'ਚ ਬਠਿੰਡਾ ਜੇਲ੍ਹ, ਦੋ ਗੈਂਗਸਟਰਾਂ ਨੇ ਅਫ਼ਸਰਾਂ ਨੂੰ ਦਿੱਤੀ ਜਾਨੋਂ ਮਾਰ ਦੇਣ ਦੀ ਧਮਕੀ

ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਬੰਦ 2 ਗੈਂਗਸਟਰਾਂ ਵੱਲੋਂ ਅਫ਼ਸਰਾਂ ਨੂੰ ਧਮਕੀ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੇ ਪਿੰਡ ਗੋਬਿੰਦਪੁਰਾ ਦੀ ਕੇਂਦਰੀ ਜੇਲ੍ਹ 'ਚ ਬੈਰਕ ਦੀ ਤਲਾਸ਼ੀ ਲੈਣ ਦੇ ਵਿਰੋਧ 'ਚ ਦੋ ਗੈਂਗਸਟਰਾਂ ਨੇ ਅਫ਼ਸਰਾਂ ਨੂੰ ਧਮਕੀਆਂ ਦਿੱਤੀਆਂ। ਉਨ੍ਹਾਂ ਦੋਵਾਂ ਦੀ ਪਛਾਣ ਸੁਖਪ੍ਰੀਤ ਸਿੰਘ ਅਤੇ ਹਰਸਿਮਰਨ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਜੇਲ੍ਹ ਅਧਿਕਾਰੀ ਉਨ੍ਹਾਂ ਦੀ ਬੈਰਕ ਦੀ ਤਲਾਸ਼ੀ ਲੈਣ ਆਏ ਤਾਂ ਪਹਿਲਾਂ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਚੱਲਦਿਆਂ ਅਫ਼ਸਰਾਂ ਨਾਲ ਉਨ੍ਹਾਂ ਦਾ ਬਹਿਸ ਹੋ ਗਈ। ਇਸ ਦੌਰਾਨ ਉਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ।

ਇਹ ਵੀ ਪੜ੍ਹੋ- 7 ਲੱਖ ਕਰਜ਼ਾ, ਨਰਮੇ 'ਤੇ ਚਿੱਟੇ ਮੱਛਰ ਦਾ ਹਮਲਾ ਤੇ ਹੁਣ ਲੰਪੀ ਸਕਿਨ, ਦੁਖੀ ਕਿਸਾਨ ਨੇ ਅੱਕ ਕੇ ਕੀਤੀ ਖ਼ੁਦਕੁਸ਼ੀ

ਇਸ 'ਤੇ ਸਖ਼ਤੀ ਦਿਖਾਉਂਦਿਆਂ ਜੇਲ੍ਹ ਸੁਪਰੀਡੇਂਟ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਦੇ ਆਧਾਰ 'ਤੇ ਗੈਂਗਸਟਰ ਸੁਖਪ੍ਰੀਤ ਸਿੰਘ ਅਤੇ ਹਰਸਿਮਰਨ ਸਿੰਘ ਖ਼ਿਲਾਫ਼ ਥਾਣਾ ਕੈਂਟ 'ਚ ਮਾਮਲਾ ਦਰਜ ਕਰ ਲਿਆ ਗਿਆ। ਜੇਲ੍ਹ ਵਿਚ ਗੈਂਗਸਟਰਾਂ ਦੀ ਗੁੰਡਾਗਰਦੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚ ਜੇਲ੍ਹ ’ਚ ਬੰਦ ਗੈਂਗਟਰਾਂ ਵਲੋਂ ਜੇਲ੍ਹ ਅਮਲੇ ਨੂੰ ਨਾ ਸਿਰਫ਼ ਧਮਕਾਇਆ ਗਿਆ ਸਗੋਂ ਹੱਥੋ-ਪਾਈ ਤੱਕ ਕੀਤੀ ਜਾ ਚੁੱਕੀ ਹੈ। ਬੀਤੇ ਦਿਨੀਂ ਵੀ 2 ਹਵਾਲਾਤੀਆਂ ਦੀ ਲੜਾਈ ਹੋ ਗਈ ਸੀ। ਇਸ ਤੋਂ ਇਲਾਵਾ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ 'ਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਤਾਂ ਜਾਰੀ ਹੈ ਹੀ ਤੇ ਇਹ ਜੇਲ੍ਹ ਵੀ ਕਈ ਵਾਰ ਮੋਬਾਇਲ ਮਿਲੇ ਜਾਣ 'ਤੇ ਚਰਚਾ ਆ ਚੁੱਕੀ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News