ਨਕਲੀ ਨੋਟ ਬਣਾਉਣ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫਤਾਰ

02/03/2020 11:14:01 PM

ਸਿਰਸਾ, (ਲਲਿਤ)— ਸਿਰਸਾ ਪੁਲਸ ਨੇ ਨਕਲੀ ਨੋਟ ਬਣਾਉਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ 1 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਬੱਬੂ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਝਨੀਰ ਮਾਨਸਾ ਅਤੇ ਬਲਜੀਤ ਪੁੱਤਰ ਹਰਨਾਮ ਵਾਸੀ ਸਿਰਸਾ ਵਜੋਂ ਹੋਈ ਹੈ। ਦੋਵੇਂ ਦੋਸ਼ੀ ਮਜ਼ਦੂਰੀ ਕਰਦੇ ਸਨ ਪਰ ਅਮੀਰ ਬਣਨ ਦੇ ਚੱਕਰ 'ਚ ਨਕਲੀ ਨੋਟ ਛਾਪਣ ਲੱਗ ਪਏ। ਸ਼ਹਿਰ ਦੇ ਥਾਣਾ ਇੰਚਾਰਜ ਰਾਜ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਸ਼ਹਿਰ 'ਚ ਨਕਲੀ ਨੋਟ ਬਣਾਉਣ ਵਾਲਾ ਗਿਰੋਹ ਹੈ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਜਗਦੰਬੇ ਪੇਪਰ ਮਿੱਲ ਖ਼ੇਤਰ 'ਚ ਛਾਪਾ ਮਾਰ ਕੇ ਉਥੋਂ 2 ਮੁਲਜ਼ਮਾਂ ਨੂੰ ਨਕਲੀ ਨੋਟਾਂ ਸਣੇ ਗ੍ਰਿਫਤਾਰ ਕੀਤਾ। ਮੁਲਜ਼ਮਾਂ ਨੇ ਪ੍ਰਿੰਟਰ ਅਤੇ ਸਕੈਨਰ ਦੀ ਮਦਦ ਨਾਲ ਨਕਲੀ ਨੋਟਾਂ ਦੀ ਛਪਾਈ ਕੀਤੀ। ਪੁਲਸ ਪੁੱਛਗਿੱਛ 'ਚ ਬਲਜੀਤ ਨੇ ਦੱਸਿਆ ਕਿ ਉਸ ਨੇ ਯੂ-ਟਿਊਬ 'ਤੇ ਇਸ ਦਾ ਵੀਡੀਓ ਦੇਖਿਆ। ਫਿਰ ਨੋਟਾਂ ਦੀ ਛਪਾਈ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ 500 ਦੇ ਨੋਟਾਂ ਦੀ ਛਪਾਈ ਸਹੀ ਨਹੀਂ ਹੋਈ ਪਰ ਬਾਅਦ 'ਚ ਨੋਟ ਸਹੀ ਛਪਣ ਲੱਗ ਪਏ। ਉਨ੍ਹਾਂ ਨੇ ਨੋਟ ਛਾਪ ਕੇ ਬਾਜ਼ਾਰ 'ਚ ਦੁਕਾਨਾਂ 'ਤੇ ਵੀ ਚਲਾਏ। ਥਾਣਾ ਇੰਚਾਰਜ ਨੇ ਕਿਹਾ ਕੀ ਪੁਲਸ ਪੁੱਛਗਿੱਛ ਜਾਰੀ ਹੈ। ਗਿਰੋਹ ਦੇ ਬਾਕੀ ਮੈਂਬਰਾਂ ਦਾ ਵੀ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।


KamalJeet Singh

Content Editor

Related News