ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਠੱਗੇ 18 ਲੱਖ

01/02/2020 8:06:36 PM

ਮੋਗਾ, (ਆਜ਼ਾਦ)- ਜਲੰਧਰ ਜ਼ਿਲੇ ਦੀ ਸਬ-ਡਵੀਜ਼ਨ ਨਕੋਦਰ ਨਿਵਾਸੀ ਇਕ ਨੌਜਵਾਨ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਪਿਉ-ਪੁੱਤਰ ਵੱਲੋਂ ਕਥਿਤ ਮਿਲੀਭੁਗਤ ਕਰ ਕੇ 18 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਗੌਰਵ ਜੈਨ ਪੁੱਤਰ ਪ੍ਰੇਮ ਕੁਮਾਰ ਨਿਵਾਸੀ ਮੁਹੱਲਾ ਬੋਗੜਾ (ਨਕੋਦਰ) ਨੇ ਕਿਹਾ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ। ਉਸ ਦਾ ਬੇਟਾ ਧਰੁਵ ਜੈਨ ਜੋ ਕਿ 12ਵੀਂ ਪਾਸ ਹੈ, ਵਿਦੇਸ਼ ਜਾਣ ਦਾ ਚਾਹਵਾਨ ਸੀ, ਜਿਸ 'ਤੇ ਸਾਡੀ ਮੁਲਾਕਾਤ ਨਰੇਸ਼ ਕੁਮਾਰ ਨਾਲ ਹੋਈ, ਜਿਸ ਦਾ ਬੇਟਾ ਰਾਜੀਵ ਮਹਿੰਦਰ ਪੱਥਰ ਦਾ ਕੰਮ ਕਰਦਾ ਹੈ, ਇਸ ਲਈ ਸਾਡੀ ਉਸ ਨਾਲ ਜਾਣ-ਪਛਾਣ ਸੀ ਤਾਂ ਮੈਨੂੰ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਬੇਟੇ ਰਾਜੀਵ ਮਹਿੰਦਰ ਨੇ ਪਹਿਲਾਂ ਕਈ ਲੜਕਿਆਂ ਨੂੰ ਮੋਗਾ ਦੇ ਇਕ ਟਰੈਵਲ ਏਜੰਟ ਰਾਹੀਂ ਅਮਰੀਕਾ ਭੇਜਿਆ ਹੈ। ਤੁਹਾਡੇ ਬੇਟੇ ਨੂੰ ਅਮਰੀਕਾ ਭੇਜਣ ਲਈ 25 ਲੱਖ ਰੁਪਏ ਖਰਚ ਆਉਣਗੇ, ਜਿਸ 'ਤੇ ਦਸੰਬਰ 2012 'ਚ ਆਪਣੇ ਬੇਟੇ ਧਰੁਵ ਜੈਨ, ਨਰੇਸ਼ ਕੁਮਾਰ, ਰਾਜੀਵ ਮਹਿੰਦਰ ਅਤੇ ਵੰਦਨਾ ਮਹਿੰਦਰ ਨੂੰ ਨਾਲ ਲੈ ਕੇ ਮੋਗਾ ਦੇ ਜੀ. ਟੀ. ਰੋਡ 'ਤੇ ਸਥਿਤ ਇਕ ਹੋਟਲ 'ਚ ਪੁੱਜੇ ਤਾਂ ਉਥੇ ਉਨ੍ਹਾਂ ਜਸਵੀਰ ਸਿੰਘ ਟਰੈਵਲ ਏਜੰਟ ਨਾਲ ਗੱਲਬਾਤ ਕੀਤੀ ਅਤੇ ਉਹ ਵੀ ਉਥੇ ਆ ਗਿਆ। ਉਨ੍ਹਾਂ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਸ ਦੇ ਬੇਟੇ ਨੂੰ ਜਲਦ ਹੀ ਅਮਰੀਕਾ ਭੇਜ ਦੇਣਗੇ ਨਹੀਂ ਤਾਂ ਪੈਸੇ ਵਾਪਸ ਕਰ ਦਿੱਤੇ ਜਾਣਗੇ। ਮੈਂ ਆਪਣੇ ਬੇਟੇ ਧਰੁਵ ਜੈਨ ਦੀ ਪਾਸਪੋਰਟ ਦੀ ਫੋਟੋ ਕਾਪੀ, ਜ਼ਰੂਰੀ ਦਸਤਾਵੇਜ਼ ਅਤੇ ਪੰਜ ਲੱਖ ਰੁਪਏ ਨਰੇਸ਼ ਕੁਮਾਰ ਅਤੇ ਉਸਦੇ ਬੇਟੇ ਰਾਜੀਵ ਮਹਿੰਦਰ ਨੂੰ ਦੇ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਹੌਲੀ-ਹੌਲੀ ਕਰ ਕੇ ਸਾਡੇ ਤੋਂ 18 ਲੱਖ ਰੁਪਏ ਲੈ ਲਏ ਪਰ ਉਨ੍ਹਾਂ ਨਾ ਤਾਂ ਮੇਰੇ ਬੇਟੇ ਨੂੰ ਅਮਰੀਕਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਦੋਂ ਅਸੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਦਸੰਬਰ 2018 ਤੱਕ 18 ਲੱਖ ਰੁਪਏ ਵਾਪਸ ਕਰ ਦੇਣਗੇ। ਇਸ ਸਬੰਧ 'ਚ ਉਨ੍ਹਾਂ ਇਕ ਹਲਫੀਆ ਬਿਆਨ ਵੀ ਦਿੱਤਾ ਪਰ ਉਨ੍ਹਾਂ ਪੈਸੇ ਵਾਪਸ ਨਹੀਂ ਕੀਤੇ ਅਤੇ ਟਾਲ-ਮਟੋਲ ਕਰਦੇ ਰਹੇ। ਇਸ ਤਰ੍ਹਾਂ ਮੁਲਜ਼ਮਾਂ ਨੇ ਮਿਲੀਭੁਗਤ ਕਰ ਕੇ ਸਾਡੇ ਨਾਲ ਧੋਖਾਦੇਹੀ ਕੀਤੀ ਹੈ।

ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ 'ਤੇ ਇਸ ਦੀ ਜਾਂਚ ਡੀ. ਐੱਸ. ਪੀ. ਡੀ. ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ। ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਨਰੇਸ਼ ਕੁਮਾਰ ਅਤੇ ਉਸ ਦੇ ਬੇਟੇ ਰਾਜੀਵ ਮਹਿੰਦਰ ਖਿਲਾਫ ਥਾਣਾ ਸਿਟੀ ਮੋਗਾ 'ਚ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਮੁਲਜ਼ਮ ਨਰੇਸ਼ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਜੇਕਰ ਜਸਵੀਰ ਸਿੰਘ ਟਰੈਵਲ ਏਜੰਟ ਦੀ ਇਸ ਮਾਮਲੇ 'ਚ ਸ਼ਮੂਲੀਅਤ ਪਾਈ ਗਈ ਤਾਂ ਉਸ ਖਿਲਾਫ ਵੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਮਾਮਲੇ ਦੀ ਅਗਲੇਰੀ ਜਾਂਚ ਹੌਲਦਾਰ ਜਗਮੋਹਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦ ਕਾਬੂ ਆਉਣ ਦੀ ਸੰਭਾਵਨਾ ਹੈ।


Bharat Thapa

Content Editor

Related News