ਇਕੋਂ ਪਰਿਵਾਰ ਦੇ 15 ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਉਣ ''ਤੇ ਇਲਾਕੇ ਨੂੰ ਐਲਾਨਿਆਂ ਕੰਟੇਨਮੈਂਟ ਜ਼ੋਨ

06/10/2020 7:54:39 PM

ਕੋਟਕਪੂਰਾ,(ਨਰਿੰਦਰ ਬੈੜ੍ਹ)- ਇਕ ਦਿਨ ਪਹਿਲਾਂ ਕੋਟਕਪੂਰਾ 'ਚ ਇਕ ਹੀ ਪਰਿਵਾਰ ਦੇ 13 ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਦੀਆਂ ਹਦਾਇਤਾਂ 'ਤੇ ਸਿਵਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਹਰਕਤ ਵਿਚ ਆਇਆ ਹੋਇਆ ਹੈ। ਇਸ ਪਰਿਵਾਰ ਨਾਲ ਸਬੰਧਤ ਦੋ ਮੈਂਬਰ ਪਹਿਲਾਂ ਪਾਜ਼ੇਟਿਵ ਆ ਚੁੱਕੇ ਹਨ ਅਤੇ ਹੁਣ ਇਸ ਪਰਿਵਾਰ ਦੇ ਕੋਰੋਨਾ ਪਾਜ਼ੇਟਿਵ ਮੈਂਬਰਾਂ ਦੀ ਕੁੱਲ ਗਿਣਤੀ 15 ਹੋ ਚੁੱਕੀ ਹੈ।
ਇਕੋ ਗਲੀ ਵਿਚ ਅਚਾਨਕ ਇੰਨੀ ਵੱਡੀ ਗਿਣਤੀ ਵਿਚ ਵਿਅਕਤੀਆਂ ਦੇ ਪਾਜ਼ੇਟਿਵ ਆ ਜਾਣ ਕਾਰਣ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਅਤੇ ਸਿਹਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਵਲੋਂ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਕਾਰਵਾਈ ਆਰੰਭ ਕਰ ਦਿੱਤੀ ਗਈ। ਪਤਾ ਲੱਗਣ 'ਤੇ ਐੱਸ.ਡੀ.ਐੱਮ. ਕੋਟਕਪੂਰਾ ਮੇਜਰ ਅਮਿਤ ਸਰੀਨ, ਡੀ.ਐੱਸ.ਪੀ. ਕੋਟਕਪੂਰਾ ਬਲਕਾਰ ਸਿੰਘ ਸੰਧੂ, ਐੱਸ.ਐੱਮ.ਓ. ਡਾ. ਹਰਕੰਵਲਜੀਤ ਸਿੰਘ, ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਅਤੇ ਐੱਸ.ਐੱਚ.ਓ. ਥਾਣਾ ਸਿਟੀ ਰਾਜਵੀਰ ਸਿੰਘ ਸਮੇਤ ਸਿਹਤ ਵਿਭਾਗ ਅਤੇ ਪੁਲਸ ਵਿਭਾਗ ਦੇ ਵੱਡੀ ਗਿਣਤੀ 'ਚ ਅਧਿਕਾਰੀ ਅਤੇ ਕਰਮਚਾਰੀ ਤੁਰੰਤ ਮੌਕੇ 'ਤੇ ਪੁੱਜੇ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ ਨੂੰ ਤੁਰੰਤ ਐਂਬੁਲੈਂਸ ਰਾਹੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਆਈਸੋਲੇਟ ਕਰਨ ਲਈ ਲਿਜਾਇਆ ਗਿਆ।
ਜ਼ਿਕਰਯੋਗ ਹੈ ਕਿ ਇਸ ਪਰਿਵਾਰ ਦੇ ਦੋ ਮੈਂਬਰ ਪਹਿਲਾਂ ਹੀ ਪਾਜ਼ੇਟਿਵ ਆਉਣ ਕਾਰਣ ਵਿਭਾਗ ਵਲੋਂ ਪਰਿਵਾਰ ਦੇ ਸਮੂਹ ਮੈਂਬਰਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਸਨ, ਕਿਉਂਕਿ ਇਸ ਪਰਿਵਾਰ ਦੇ ਇਕ ਮੈਂਬਰ ਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਸੀ। ਹੁਣ ਸਿਹਤ ਵਿਭਾਗ ਨੂੰ ਆਸ਼ੰਕਾ ਹੈ ਕਿ ਇਸ ਪਰਿਵਾਰ ਦੇ ਮੈਂਬਰ ਚੰਡੀਗੜ੍ਹ ਵਿਚ ਹੀ ਵਾਇਰਸ ਦਾ ਸ਼ਿਕਾਰ ਹੋਏ ਹੋਣਗੇ ਅਤੇ ਉਸਤੋਂ ਬਾਅਦ ਇਕ-ਦੂਜੇ ਦੇ ਸੰਪਰਕ ਵਿਚ ਆਉਣ ਕਾਰਣ ਬਾਕੀ ਮੈਂਬਰ ਵੀ ਇਸ ਨਾਲ ਪੀੜ੍ਹਤ ਹੋ ਗਏ। ਜਾਣਕਾਰੀ ਅਨੁਸਾਰ ਇਸ ਪਰਿਵਾਰ ਦਾ ਇਕ ਮੈਂਬਰ ਪਿਛਲੇ ਮਹੀਨੇ ਆਪਣੇ ਘਰ ਵਿਚ ਹੀ ਅਚਾਨਕ ਡਿੱਗ ਪਿਆ ਸੀ ਅਤੇ ਉਸਨੂੰ ਲੱਗੀ ਗੰਭੀਰ ਸੱਟ ਦੇ ਚਲਦਿਆਂ ਪਹਿਲਾਂ ਉਸਦਾ ਇਲਾਜ ਬਠਿੰਡਾ ਤੋਂ ਕਰਵਾਇਆ ਗਿਆ, ਜਿੱਥੋਂ ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉਸਦੇ ਲੱਗੀ ਹੋਈ ਸੱਟ ਨੂੰ ਵੇਖਦੇ ਹੋਏ ਪੀ.ਜੀ.ਆਈ. ਪ੍ਰਸ਼ਾਸਨ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ, ਜਿਸ ਕਾਰਣ ਥਾਣਾ ਸਿਟੀ ਦਾ ਇਕ ਏ.ਐੱਸ.ਆਈ. ਪਰਿਵਾਰ ਦੇ ਦੋ ਮੈਂਬਰਾਂ ਨਾਲ ਚੰਡੀਗੜ੍ਹ ਗਿਆ ਸੀ ਇਸ ਤੋਂ ਬਾਅਦ ਹੀ ਪੁਲਸ ਕਾਰਵਾਈ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕੀਤਾ ਗਿਆ ਸੀ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਪੁਲਸ ਕਰਮਚਾਰੀਆਂ ਦੀ ਰੋਟੀਨ ਸੈਂਪਲਿੰਗ ਦੌਰਾਨ ਉਕਤ ਏ.ਐੱਸ.ਆਈ. ਕੋਰੋਨਾ ਪਾਜ਼ੇਟਿਵ ਆਇਆ ਸੀ। ਇਸ ਤੋਂ ਬਾਅਦ ਉਸਦੇ ਨਾਲ ਗਏ ਦੋ ਪਰਿਵਾਰਕ ਮੈਂਬਰਾਂ ਦੇ ਸੈਂਪਲ ਲੈਣ 'ਤੇ ਉਨ੍ਹਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ।
ਹੁਣ ਤੱਕ 6169 ਸੈਂਪਲ ਲੈਬ ਭੇਜੇ ਗਏ: ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਫਰੀਦਕੋਟ ਵਲੋਂ ਕੋਵਿਡ-19 ਤਹਿਤ ਅੱਜ ਤੱਕ 6169 ਸੈਂਪਲ ਲੈਬ ਵਿਚ ਭੇਜੇ ਜਾ ਚੁੱਕੇ ਹਨ, ਜਿੰਨ੍ਹਾਂ ਵਿਚੋਂ 351 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ, ਉਨ੍ਹਾਂ ਦੱਸਿਆ ਕਿ ਪ੍ਰਾਪਤ ਨਤੀਜਿਆਂ 'ਚੋਂ 5637 ਰਿਪੋਰਟਾਂ ਨੇਗੇਟਿਵ ਆਈਆਂ ਹਨ ਅਤੇ 61 ਵਿਅਕਤੀਆਂ ਨੂੰ ਤੰਦਰੁਸਤ ਹੋਣ 'ਤੇ ਹਸਪਤਾਲ ਤੋਂ ਡਿਸਚਾਰਜ ਕੀਤੇ ਜਾਣ ਤੋਂ ਬਾਅਦ ਹੁਣ ਜ਼ਿਲੇ ਵਿਚ ਐਕਟਿਵ ਕੇਸਾਂ ਦੀ ਗਿਣਤੀ ਹੁਣ 25 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੇਸ ਇਕ-ਦੂਸਰੇ ਦੇ ਸੰਪਰਕ ਵਿਚ ਆਉਣ ਕਾਰਣ ਕੋਰੋਨਾ ਪਾਜ਼ੇਟਿਵ ਆਏ ਹਨ। ਉਨ੍ਹਾਂ ਹੋਰ ਦੱਸਿਆ ਕਿ ਅੱਜ ਸਮੁੱਚੇ ਜ਼ਿਲੇ ਵਿਚ 257 ਕੋਰੋਨਾ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ।
ਇਲਾਕਾ ਸੀਲ- ਉਪ ਮੰਡਲ ਮੈਜਿਸਟ੍ਰੇਟ ਮੇਜਰ ਅਮਿਤ ਸਰੀਨ ਵਲੋਂ ਇਕ ਹੀ ਪਰਿਵਾਰ ਦੇ 15 ਮੈਂਬਰ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ਵਾਲੀ ਮਹਿੰਗਾ ਰਾਮ ਸਟਰੀਟ ਨੇੜੇ ਗੁਰਦੁਆਰਾ ਪਰਵਾਨਾ ਜੀ ਮੁਕਤਸਰ ਰੋਡ ਨੂੰ 22 ਜੂਨ ਕੰਨਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਅਤੇ ਇਸ ਗਲੀ ਨੂੰ ਪੂਰੀ ਤਰ੍ਹਾਂ ਸੀਲ ਕਰਦੇ ਹੋਏ ਡਰੇਨ ਵਿਭਾਗ ਦੇ ਐੱਸ.ਡੀ.ਓ. ਜਗਸੀਰ ਸਿੰਘ ਅਤੇ ਖੇਤੀਬਾੜੀ ਵਿਭਾਗ ਅਫਸਰ ਨਵਪ੍ਰੀਤ ਸਿੰਘ ਸਪੈਸ਼ਲ ਡਿਊਟੀ ਮੈਜਿਸਟ੍ਰੇਟ ਤਾਈਨਾਤ ਕਰ ਦਿੱਤਾ ਗਿਆ। ਇੰਨ੍ਹਾਂ ਦੋਵਾਂ ਅਧਿਕਾਰੀਆਂ ਵਲੋਂ ਇਸ ਗਲੀ ਦੇ ਵਸਨੀਕਾਂ ਨੂੰ ਰੋਜ਼ਾਨਾ ਲੋੜਾਂ ਵਾਲੇ ਸਾਮਾਨ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ।
ਖਾਣ-ਪੀਣ ਵਾਲੀਆਂ ਰੇਹੜੀਆਂ 'ਤੇ ਪਾਬੰਦੀ : ਕੋਟਕਪੂਰਾ ਸ਼ਹਿਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਅਚਾਨਕ ਵੱਧਣ ਨੂੰ ਧਿਆਨ ਵਿਚ ਰੱਖਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਮੇਜਰ ਅਮਿਤ ਸਰੀਨ ਵਲੋਂ ਸ਼ਹਿਰ ਵਿਚ ਰੇਹੜੀ ਲਗਾ ਕੇ ਫਾਸਟ ਅਤੇ ਜੰਕ ਫੂਡ, ਗੋਲ-ਗੱਪੇ, ਦਹੀ-ਭੱਲੇ, ਟਿੱਕੀ ਅਤੇ ਜੂਸ ਆਦਿ ਵੇਚਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇੰਨ੍ਹਾਂ ਆਦੇਸ਼ਾਂ ਅਨੁਸਾਰ ਇਹ ਵਿਅਕਤੀ ਅਗਲੇ ਆਦੇਸ਼ਾਂ ਤੱਕ ਸਿਰਫ ਸਾਮਾਨ ਪੈਕ ਕਰ ਕੇ ਹੀ ਘਰਾਂ ਵਿਚ ਸਪਲਾਈ ਕਰ ਸਕਦੇ ਹਨ ਅਤੇ ਕੋਈ ਵੀ ਰੇਹੜੀ ਬਾਜ਼ਾਰਾਂ ਅਤੇ ਗਲੀਆਂ 'ਚ ਨਹੀਂ ਲਾਈ ਜਾਵੇਗੀ।
ਸਿਹਤ ਵਿਭਾਗ ਦੀ ਟੀਮ ਨੇ ਲਏ ਸੈਂਪਲ : ਇਸ ਦੌਰਾਨ ਐੱਸ.ਐੱਮ.ਓ. ਡਾ. ਹਰਕੰਵਲਜੀਤ ਸਿੰਘ ਅਤੇ ਨੋਡਲ ਅਫਸਰ ਡਾ. ਪੰਕਜ ਬਾਂਸਲ ਦੀ ਨਿਗਰਾਨੀ ਹੇਠ ਸਿਹਤ ਵਿਭਾਗ ਦੀ ਟੀਮ, ਜਿਸ ਵਿਚ ਡਾ. ਸਰਬਦੀਪ ਸਿੰਘ ਰੋਮਾਣਾ ਅਤੇ ਫਾਰਮੇਸੀ ਅਫਸਰ ਸੰਜੀਵ ਸਿੰਗਲਾ ਸ਼ਾਮਲ ਸਨ ਵਲੋਂ ਗਲੀ ਨਾਲ ਸਬੰਧਤ 142 ਵਿਅਕਤੀਆਂ ਦੇ ਸੈਂਪਲ ਲਏ ਗਏ। ਡਾ. ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਸੈਂਪਲਾਂ ਦੀ ਰਿਪੋਰਟ ਆਉਣ ਤੱਕ ਹਰ ਵਿਅਕਤੀ ਨੂੰ ਇਕਾਂਤਵਾਸ ਵਿਚ ਹੀ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਜ਼ਰੂਰਤ ਅਨੁਸਾਰ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Bharat Thapa

Content Editor

Related News