ਨੌਜਵਾਨੀ ਦਾ ਨਸ਼ਿਆਂ ਦੀ ਮਾਰ ਨਾਲ ਪ੍ਰਭਾਵਿਤ ਹੋਣਾ ਦੇਸ਼ ਤੇ ਸਮਾਜ ਲਈ ਵੱਡੀ ਚੁਣੌਤੀ

07/06/2022 10:29:27 AM

ਅੰਮ੍ਰਿਤਸਰ (ਬਿਊਰੋ) : ਪਿਛਲੇ ਕੁਝ ਦਹਾਕਿਆਂ ਤੋਂ ਨੌਜਵਾਨੀ ਦਾ ਨਸ਼ਿਆਂ ਦੀ ਮਾਰ ਨਾਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਾ ਦੇਸ਼ ਅਤੇ ਸਮਾਜ ਲਈ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ। ਕਿਸੇ ਸਮੇਂ ਸਭ ਤੋਂ ਵਿਕਸਿਤ ਸੂਬਿਆਂ ’ਚੋਂ ਇਕ ਮੰਨਿਆ ਜਾਂਦਾ ਪੰਜਾਬ ਬਹੁਤ ਲੰਮੇ ਸਮੇਂ ਤੋਂ ਨਸ਼ਿਆਂ ਦੀ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ। ਨਾਜਾਇਜ਼ ਤੇ ਮਾਰੂ ਨਸ਼ਿਆਂ ਨੇ ਪੰਜਾਬ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਬਹੁਤ ਸਾਰੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪ੍ਰੋ. ਸਰਚਾਂਦ ਸਿੰਘ ਖਿਆਲਾ ਵਲੋਂ ਕੀਤਾ ਗਿਆ ਹੈ।

ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਅਜਿਹਾ ਕੋਈ ਦਿਨ ਨਹੀਂ ਚੜ੍ਹਦਾ ਜਿਸ ਦਿਨ ਦੀ ਅਖ਼ਬਾਰ ’ਚ ਘੱਟੋ ਘੱਟ ਚਾਰ ਨੌਜਵਾਨਾਂ ਦੀ ਨਸ਼ਿਆਂ ਦੇ ਓਵਰ ਡੋਜ਼ ਨਾਲ ਬੇਵਕਤੀ ਮੌਤ ਅਤੇ ਚਾਰ ਥਾਈਂ ਕਰੋੜਾਂ ਦੇ ਨਸ਼ੀਲੇ ਪਦਾਰਥ ਫੜੇ ਜਾਣ ਦੀ ਖ਼ਬਰ ਨਾ ਛਪੀ ਹੋਵੇ। ਨਸ਼ਿਆਂ ਦੇ ਧੰਦੇ ਦੀਆਂ ਤਾਰਾਂ ਸਰਹੱਦ ਪਾਰ ਨਾਲ ਜੁੜੀਆਂ ਹੋਈਆਂ ਹਨ। ਸਾਡਾ ਰਵਾਇਤੀ ਦੁਸ਼ਮਣ ਦੇਸ਼ ਪਾਕਿਸਤਾਨ ਆਹਮੋ-ਸਾਹਮਣੇ ਦੀਆਂ ਲੜਾਈਆਂ ’ਚ ਭਾਰਤ ਤੋਂ ਬੁਰੀ ਤਰ੍ਹਾਂ ਮਾਤ ਖਾ ਚੁੱਕਿਆ ਹੈ। ਉਹ ਹੁਣ ਭਾਰਤ ਨੂੰ ਕਮਜ਼ੋਰ ਕਰਨ ਲਈ ਨਸ਼ਿਆਂ ਦਾ ਸਹਾਰਾ ਲੈ ਰਿਹਾ ਹੈ। ਨੌਜਵਾਨ ਸ਼ਕਤੀ ਨੂੰ ਤਬਾਹ ਕਰਨ ਹਿੱਤ ਸਰਹੱਦ ਪਾਰੋਂ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਇੱਧਰ ਨੂੰ ਭੇਜ ਰਿਹਾ ਹੈ। ਇਸ ਦੀ ਗ੍ਰਿਫ਼ਤ ’ਚੋਂ ਬਾਹਰ ਨਿਕਲ ਸਕਣਾ ਸਾਡੇ ਬੱਚਿਆਂ ਲਈ ਚੁਣੌਤੀ ਬਣ ਚੁੱਕੀ ਹੈ। 

ਚਿੰਤਾ ਵਾਲੀ ਗੱਲ ਤਾਂ ਇਹ ਹੈ ਕਿ ਕਈ ਮਾਮਲਿਆਂ ਵਿਚ ਸਿਆਸੀ ਆਗੂਆਂ ਵਲੋਂ ਇਸ ਨਾ ਪਾਕ ਧੰਦੇ ਦੀ ਪੁਸ਼ਤ ਪਨਾਹੀ ਦੇਖੀ ਜਾ ਰਹੀ ਹੈ ਤਾਂ ਦੂਜੇ ਪਾਸੇ ਇਹ ਧੰਦਾ ਕੇਵਲ ਮਰਦਾਂ ਤਕ ਸੀਮਤ ਨਹੀਂ ਰਿਹਾ। ਜਨਾਨੀਆਂ ਦੀ ਸਾਹਮਣੇ ਆਈ ਹਿੱਸੇਦਾਰੀ ਸਮਾਜ ਲਈ ਵੱਡੀ ਚੁਨੌਤੀ ਬਣ ਚੁੱਕੀ ਹੈ। ਸਾਡੀਆਂ ਸਰਕਾਰਾਂ ਦਾ ਲੰਮੇ ਸਮੇਂ ਤੋਂ ਟੀਚਾ ਨਸ਼ਿਆਂ ਨੂੰ ਖ਼ਤਮ ਕਰਨ ਦਾ ਰਿਹਾ ਹੈ। ਬੇਸ਼ੱਕ ਪਿਛਲੀ ਕਾਂਗਰਸ ਸਰਕਾਰ ਨੂੰ ਪੂਰੀ ਕੋਸ਼ਿਸ਼ ਦੇ ਬਾਵਜੂਦ ਇਸ ਕਾਰਜ ’ਚ ਕਾਮਯਾਬੀ ਨਹੀਂ ਮਿਲ ਸਕੀ। ਮਾਹਿਰਾਂ ਦਾ ਮੰਨਣਾ ਹੈ ਕਿ ਸਿਹਤ ਅਤੇ ਭਲਾਈ ਦੀਆਂ ਯੋਜਨਾਵਾਂ ਨਸ਼ਿਆਂ ਤੋਂ ਪ੍ਰਭਾਵਿਤ ਲੱਖਾਂ ਲੋਕਾਂ ਤੱਕ ਨਹੀਂ ਪਹੁੰਚਦੀਆਂ ਹਨ। 

ਪੰਜਾਬ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਕਿਰਤ ਸਭਿਆਚਾਰ ਦੀ ਥਾਂ ਮੁਫ਼ਤਖ਼ੋਰੀ ਅਤੇ ਨਸ਼ਿਆਂ ਨੇ ਲੈ ਲਈ ਹੈ। ਕਿਰਤ ਸੰਸਕ੍ਰਿਤੀ ਨੂੰ ਪ੍ਰਭਾਵਹੀਣ ਕਰਨ ’ਚ ਸਰਕਾਰਾਂ ਵੱਲੋਂ ਬਿਨਾ ਸੋਚੇ ਸਮਝੇ ਮੁਫਤ ਦੀਆਂ ਸਹੂਲਤਾਂ ਦੇਣੀਆਂ ਅਤੇ ਰੋਜ਼ਗਾਰ ਦੇ ਮੌਕਿਆਂ ਦਾ ਮਨਫ਼ੀ ਹੋ ਰਿਹਾ ਹੋਣਾ ਇਕ ਮਜ਼ਬੂਤ ਕਾਰਨ ਹੈ। ਝੂਠੇ ਵਾਅਦਿਆਂ ਤੋਂ ਅੱਕੀ ਜਨਤਾ ਨੇ ਵੱਡੀ ਸਿਆਸੀ ਤਬਦੀਲੀ ਲਿਆਉਂਦਿਆਂ ਸੂਬੇ ਦੀ ਵਾਗਡੋਰ ਆਪ ਨੂੰ ਸੌਂਪੀ ਹੈ। ‘ਆਪ’ ਦੀ ਸਰਕਾਰ ਨੂੰ ਨਸ਼ਿਆਂ ਨੂੰ ਖ਼ਤਮ ਕਰਨ ਦੀ ਗੰਭੀਰ ਚੁਨੌਤੀ ਵਿਰਾਸਤ ਵਿਚ ਮਿਲੀ ਹੈ। ਇਸ ਨੂੰ ਠੱਲ੍ਹ ਪਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਪ੍ਰਤੀ ਸਰਕਾਰ ਨੂੰ ਠੋਸ ਪਹਿਲ ਕਦਮੀ ਕਰਨ ਦੀ ਲੋੜ ਹੈ।


rajwinder kaur

Content Editor

Related News