ਚੌਥੇ ਦਿਨ ਨਹਿਰ ''ਚੋਂ ਮਿਲੀ ਨੌਜਵਾਨ ਦੀ ਲਾਸ਼, ਜਲਾਲਤ ਤੋਂ ਦੁਖੀ ਹੋ ਕੇ ਚੁੱਕਿਆ ਸੀ ਖ਼ੌਫਨਾਕ ਕਦਮ

Sunday, Jun 08, 2025 - 11:59 PM (IST)

ਚੌਥੇ ਦਿਨ ਨਹਿਰ ''ਚੋਂ ਮਿਲੀ ਨੌਜਵਾਨ ਦੀ ਲਾਸ਼, ਜਲਾਲਤ ਤੋਂ ਦੁਖੀ ਹੋ ਕੇ ਚੁੱਕਿਆ ਸੀ ਖ਼ੌਫਨਾਕ ਕਦਮ

ਗੁਰਦਾਸਪੁਰ, (ਗੁਰਪ੍ਰੀਤ ਚਾਵਲਾ)- ਗੁਰਦਾਸਪੁਰ ਦੇ ਬੱਬੇਹਾਲੀ ਪੁੱਲ ਤੋਂ ਵੀਰਵਾਰ ਦੀ ਰਾਤ 11 ਵਜੇ ਦੇ ਕਰੀਬ ਇੱਕ ਨੌਜਵਾਨ ਵੱਲੋਂ ਆਪਣੀ ਦੁਕਾਨ ਦੇ ਸਾਹਮਣੇ ਦੇ ਦੁਕਾਨਦਾਰ ਵੱਲੋਂ ਜਲੀਲ ਕਰਨ ਤੋਂ ਬਾਅਦ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ ਗਈ ਸੀ। 

21 ਸਾਲ ਦਾ ਨੌਜਵਾਨ ਰਣਦੀਪ ਸਿੰਘ ਜੋ ਗੱਡੀਆਂ 'ਤੇ ਸਪੀਕਰ ਲਗਾਉਣ ਦਾ ਕੰਮ ਕਰਦਾ ਸੀ, ਨੇ ਨਹਿਰ 'ਚ ਛਾਲ ਮਾਰਨ ਤੋਂ ਪਹਿਲਾਂ ਲਾਈਵ ਹੋ ਕੇ ਦੋਸ਼ ਲਗਾਇਆ ਸੀ ਕਿ ਉਸ ਦੀ ਦੁਕਾਨ ਦੇ ਸਾਹਮਣੇ ਦੇ ਕਰਿਆਨੇ ਦੇ ਦੁਕਾਨਦਾਰ ਨਿਸ਼ਾਨ ਸਿੰਘ ਵੱਲੋਂ ਉਸ ਨੂੰ ਉਸ ਵੇਲੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਗਈਆਂ ਤੇ ਜਲੀਲ ਕੀਤਾ ਗਿਆ ਜਦੋਂ ਉਹ ਇੱਕ ਟਰੈਕਟਰ 'ਤੇ ਸਪੀਕਰ ਲਗਾ ਰਿਹਾ ਸੀ ਅਤੇ ਉੱਚੀ ਆਵਾਜ਼ ਕਰਕੇ ਸਪੀਕਰ ਨੂੰ ਚੈੱਕ ਕਰ ਰਿਹਾ ਸੀ। ਬਾਅਦ ਵਿਚ ਪੁਲਸ ਵੱਲੋਂ ਥਾਣਾ ਤਿਬੜ ਵਿਖੇ ਨਿਸ਼ਾਨ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। 

ਗੋਤਾਖੋਰ ਲਗਾਤਾਰ ਰਣਦੀਪ ਸਿੰਘ ਦੀ ਲਾਸ਼ ਨੂੰ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਲਾਸ਼ ਚੌਥੇ ਦਿਨ ਛਾਲ ਮਾਰਨ ਵਾਲੇ ਪੁੱਲ ਤੋਂ ਕਰੀਬ ਇਕ ਕਿਲੋਮੀਟਰ ਦੂਰੀ 'ਤੇ ਬਰਾਮਦ ਹੋਈ ਹੈ। ਬਾਬਾ ਦੀਪ ਸਿੰਘ ਸੇਵਾ ਵੈਲਫੇਅਰ ਸੋਸਾਇਟੀ ਗੜਦੀਵਾਲ ਦੀ ਟੀਮ ਦੇ ਗੋਤਾ ਖੋਰ ਬੋਟ ਸਮੇਤ ਮੌਕੇ 'ਤੇ ਪਹੁੰਚ ਕੇ ਲਗਾਤਾਰ ਨੌਜਵਾਨ ਰਣਦੀਪ ਸਿੰਘ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਵਿੱਚ ਕਰੀਬ 69 ਘੰਟੇ ਬਾਅਦ ਉਹਨਾਂ ਨੂੰ ਸਫਲਤਾ ਮਿਲੀ।

ਮ੍ਰਿਤਕ ਰਣਦੀਪ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਰਣਦੀਪ ਸਿੰਘ ਤਿੰਨਾਂ ਭੈਣਾਂ ਦਾ ਕੱਲਾ-ਕੱਲਾ ਭਰਾ ਸੀ, ਜੋ ਆਪਣੀ ਦੁਕਾਨ ਦੇ ਨੇੜੇ ਦੇ ਦੁਕਾਨਦਾਰ ਵੱਲੋਂ ਬੋਲੇ ਗਏ ਅਪਸ਼ਬਦਾਂ ਅਤੇ ਗਾਲਾਂ ਨੂੰ ਨਾ ਝੱਲ ਸਕਿਆ ਤੇ ਇਸ ਗੱਲ ਨੂੰ ਦਿਲ 'ਤੇ ਲਾ ਬੈਠਾ। ਦੇਰ ਰਾਤ ਵੀਡੀਓ ਬਣਾ ਕੇ ਉਸਨੇ ਕਈ ਦੋਸਤਾਂ ਨੂੰ ਪਾਈ ਤੇ ਨਹਿਰ ਵਿੱਚ ਛਾਲ ਮਾਰ ਦਿੱਤੀ। ਤਿੰਨ ਦਿਨਾਂ ਤੋਂ ਲਗਾਤਾਰ ਉਸਦੇ ਪਰਿਵਾਰ ਵਾਲੇ ਉਸ ਦੀ ਲਾਸ਼ ਲੱਭ ਰਹੇ ਸਨ ਜੋ ਅੱਜ ਮਿਲੀ ਹੈ। 

ਉਹਨਾਂ ਦੱਸਿਆ ਕਿ ਦੋਸ਼ੀ ਨਿਸ਼ਾ ਸਿੰਘ ਫਰਾਰ ਹੋ ਗਿਆ ਹੈ ਪਰ ਉਸ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਰਣਦੀਪ ਦੇ ਪਰਿਵਾਰ ਨੂੰ ਇਨਸਾਫ਼ ਦੇਣਾ ਚਾਹੀਦਾ ਹੈ। ਉੱਥੇ ਹੀ ਬਾਬਾ ਦੀਪ ਸਿੰਘ ਸੇਵਾ ਵੈਲਫੇਅਰ ਸੋਸਾਇਟੀ ਗੜਦੀਵਾਲ ਦੇ ਟੀਮ ਮੈਂਬਰ ਗੋਤਾਖੌਰ ਸਾਬਾ ਨੇ ਦੱਸਿਆ ਕਿ ਕਾਫੀ ਮੁਸ਼ੱਕਤ ਨਾਲ ਰਣਦੀਪ ਸਿੰਘ ਦੀ ਲਾਸ਼ ਮਿਲੀ ਹੈ। ਸੋਸਾਇਟੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਉਹਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਬੋਟ ਅਤੇ ਗੋਤਾਖੋਰਾਂ ਦੀ ਸੇਵਾ ਮੁਫਤ ਦਿੱਤੀ ਜਾਂਦੀ ਹੈ ਅਤੇ ਇਸ ਦੇ ਲਈ ਸਰਕਾਰ ਕੋਲੋਂ ਕੁਝ ਨਹੀਂ ਮਿਲਦਾ।


author

Rakesh

Content Editor

Related News