ਗੜ੍ਹੇਮਾਰੀ ਕਾਰਨ ਬਲਾਕ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਇਕ ਹਜ਼ਾਰ ਏਕੜ ਝੋਨੇ ਦੀ ਫਸਲ ਹੋਈ ਬਰਬਾਦ
Friday, Oct 05, 2018 - 03:37 PM (IST)

ਵੈਰੋਵਾਲ, ਖਡੂਰ ਸਾਹਿਬ (ਗਿੱਲ) : ਜ਼ਿਲਾ ਤਰਨਤਾਰਨ ਦੇ ਬਲਾਕ ਖਡੂਰ ਸਾਹਿਬ ਅਧੀਨ ਆਉਂਦੇ ਪਿੰਡਾਂ ਜਹਾਂਗੀਰ, ਏਕਲਗੱਡਾ, ਏਕਲਗੱਡਾ ਖੁਰਦ, ਧਾਰੜ ਆਦਿ ਵਿਖੇ ਬੀਤੀ ਕੱਲ ਭਾਰੀ ਗੜ੍ਹੇਮਾਰੀ ਹੋਈ ਹੈ, ਜਿਸ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਦੇ ਕਰੀਬ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਜਹਾਂਗੀਰ ਅਤੇ ਏਕਲਗੱਡਾ ਦੇ ਕਿਸਾਨਾਂ ਨੇ ਦੱਸਿਆ ਕੇ ਬੁੱਧਵਾਰ ਹੋਈ ਗੜ੍ਹੇਮਾਰੀ ਨੇ ਉਨ੍ਹਾਂ ਦੀ ਝੋਨੇ ਦੀ ਪੱਕੀ ਫਸਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।
ਕਿਸਾਨਾਂ ਨੇ ਦੱਸਿਆ ਕੇ ਬੀਤੇ ਦਿਨੀਂ ਭਾਰੀ ਮੀਂਹ ਅਤੇ ਤੇਜ਼ ਹਨੇਰੀ ਨੇ ਵੀ ਉਨ੍ਹਾਂ ਦੀ ਫਸਲ ਦਾ ਨੁਕਸਾਨ ਕੀਤਾ ਸੀ ਪਰ ਇਸ ਗੜ੍ਹੇਮਾਰੀ ਨੇ ਉਨ੍ਹਾਂ ਦੀ ਇਸ ਝੋਨੇ ਦੀ ਫਸਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਕੇ ਰੱਖ ਦਿੱਤਾ ਹੈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਇਸ ਗੜ੍ਹੇਮਾਰੀ ਨੇ ਉਨ੍ਹਾਂ ਦੀ ਝੋਨੇ ਦੀ ਫਸਲ ਦੀਆਂ ਮੁੰਜਰਾਂ ਪੂਰੀ ਤਰ੍ਹਾਂ ਝਾੜ ਦਿੱਤੀਆਂ ਹਨ। ਇਸ ਸੰਬੰਧੀ ਮਾਣਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੀ ਮੌਕਾ ਦੇਖ ਚੁੱਕੇ ਹਨ ਅਤੇ ਉਨ੍ਹਾਂ ਵਲੋਂ ਇਸ ਹੋਏ ਇਸ ਨੁਕਸਾਨ ਸੰਬੰਧੀ ਰਿਪੋਰਟ ਤਿਆਰ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਮੌਕੇ ਇਕੱਤਰ ਹੋਏ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਸੂਬਾ ਸਰਕਾਰ ਪਾਸੋਂ ਮੰਗ ਕੀਤੀ ਕੇ ਉਨ੍ਹਾਂ ਨੂੰ ਪ੍ਰਤੀ ਏਕੜ 40 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਏ ਤਾਂ ਜੋ ਉਹ ਸਰਕਾਰ ਵਲੋਂ ਮਿਲੀ ਸਹਾਇਤਾ ਰਾਸ਼ੀ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ। ਇਸ ਮੌਕੇ ਗੁਰਮੇਜ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ ਆਦਿ ਕਿਸਾਨ ਮੌਜੂਦ ਸਨ।