3 ਜ਼ਿਲਾ ਪ੍ਰੀਸ਼ਦਾਂ ਤੇ 22 ਬਲਾਕ ਸੰਮਤੀ ਸੀਟਾਂ ''ਤੇ 1 ਲੱਖ ਦੇ ਕਰੀਬ ਵੋਟਰ ਕਰਨਗੇ ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ

09/18/2018 5:17:39 PM

ਵੈਰੋਵਾਲ, ਖਡੂਰ ਸਾਹਿਬ (ਗਿੱਲ) : ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦਾਂ ਦੀਆਂ ਚੋਣਾਂ 19 ਸਤੰਬਰ ਨੂੰ ਪੰਜਾਬ ਭਰ ਹੋਣਗੀਆਂ। ਇਸੇ ਤਹਿਤ ਸਬ-ਡਵੀਜ਼ਨ ਖਡੂਰ ਸਾਹਿਬ ਵਿਖੇ ਚੋਣਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਬਲਾਕ ਸੰਮਤੀ ਖਡੂਰ ਸਾਹਿਬ ਦੇ 22 ਜ਼ੋਨਾਂ ਭਲਾਈਪੁਰ ਡੋਗਰਾਂ, ਖੋਜਕੀਪੁਰ, ਜਲਾਲਾਬਾਦ, ਭਲੋਜਲਾ, ਮੀਆਂਵਿੰਡ, ਨਾਗੋਕੇ, ਉਪਲ, ਭੂਤਵਿੰਡ, ਵੈਰੋਵਾਲ, ਮੁਗਲਾਣੀ, ਤੱਖਤੂਚੱਕ, ਹਰਦੋ ਸਰਲੀ, ਕੋਟਲੀ ਸਰੂਖਾ, ਏਕਲਗੱਡਾ, ਗੋਇੰਦਵਾਲ, ਖਡੂਰ ਸਾਹਿਬ, ਭਰੋਵਾਲ, ਖੁਵਾਸਪੁਰ, ਕੱਲਾ, ਬਾਣੀਆਂ, ਕੰਗ, ਵੈਈਂਪੁਈਂ, ਜਾਹਗੀਰ 'ਚੋਂ ਦੋ ਜ਼ੋਨਾਂ ਭਲਾਈਪੁਰ ਅਤੇ ਜਲਾਲਾਬਾਦ 'ਚੋਂ ਕਾਂਗਰਸੀ ਉਮੀਦਵਾਰ ਵਿਰੋਧੀਆਂ ਦੇ ਕਾਗਜ਼ ਰੱਦ ਹੋਣ ਕਾਰਣ ਜੇਤੂ ਕਰਾਰ ਦਿੱਤੇ ਗਏ ਸਨ। ਇਨ੍ਹਾਂ ਦੋ ਜ਼ੋਨਾਂ ਨੂੰ ਛੱਡ ਕੇ ਬਾਕੀ 20 ਜ਼ੋਨਾਂ ਦੇ ਉਮੀਦਵਾਰਾਂ ਦਰਮਿਆਨ ਮੁਕਾਬਲਾ ਹੋਵੇਗਾ। ਬਹੁਤੀਆਂ ਥਾਂਵਾਂ 'ਤੇ ਕਾਂਗਰਸ ਅਤੇ ਅਕਾਲੀ ਦਲ ਦਾ ਮੁਕਾਬਲਾ ਹੈ ਪਰ ਕੁਝ ਥਾਂਵਾਂ 'ਤੇ ਆਮ ਆਦਮੀ ਪਾਰਟੀ ਅਤੇ ਹੋਰ ਅਜ਼ਾਦ ਉਮੀਦਵਾਰ ਵੀ ਮੈਦਾਨ 'ਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 22 ਜ਼ੋਨਾਂ ਦੇ ਕੁੱਲ 98320 ਵੋਟਰ ਕਰਨਗੇ, ਜਿਨ੍ਹਾਂ 'ਚ ਲਗਭਗ 49.5 ਪ੍ਰਤੀਸ਼ਤ ਦੇ ਕਰੀਬ ਇਸਤਰੀ ਵੋਟਰ ਹਨ। 

ਇਸ ਅਧੀਨ ਪੈਂਦੇ 3 ਜ਼ਿਲਾ ਪ੍ਰੀਸ਼ਦ ਦੇ ਜ਼ੋਨਾਂ 'ਚ ਭਲਾਈਪੁਰ ਡੋਗਰਾਂ ਜ਼ੋਨ ਲਈ 36757 ਵੋਟਰ, ਗੋਇੰਦਵਾਲ ਸਾਹਿਬ ਜ਼ੋਨ ਲਈ 23044 ਵੋਟਰ ਅਤੇ ਖਡੂਰ ਸਾਹਿਬ ਜ਼ੋਨ ਲਈ 35745 ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰਕੇ ਇਨ੍ਹਾਂ 20 ਬਲਾਕ ਸੰਮਤੀ ਅਤੇ 3 ਜ਼ਿਲਾ ਪ੍ਰੀਸ਼ਦਾਂ ਦੇ ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ 122 ਪੋਲਿੰਗ ਬੂਥਾਂ 'ਤੇ ਵੋਟਿੰਗ ਕਰਕੇ ਕਰਨਗੇ, ਜਿਸਦੇ ਨਤੀਜੇ ਇਸੇ ਮਹੀਨੇ ਦੀ 22 ਸਤੰਬਰ ਨੂੰ ਆਉਣਗੇ। ਇਸ ਸਬੰਧੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਚੋਣ ਅਮਲੇ ਦੀਆਂ ਡਿਊਟੀਆਂ ਲਗਾਈਆਂ ਗਈਆ ਹਨ ਅਤੇ ਉਨ੍ਹਾਂ ਨੂੰ ਬੈਲੇਟ ਪੇਪਰ ਬਾਕਸ ਅਤੇ ਹੋਰ ਸਾਮਾਨ ਦੇ ਕੇ ਪੁਲਸ ਪਾਰਟੀਆਂ ਨਾਲ ਵੱਖ-ਵੱਖ ਬੂਥਾਂ ਲਈ ਰਵਾਨਾ ਕੀਤਾ ਗਿਆ।


Related News