ਬੇਮੌਸਮੀ ਮੀਂਹ ਨੇ ਅੰਨਦਾਤੇ ਦੀਆਂ ਆਸਾਂ ’ਤੇ ਫੇਰਿਆ ਪਾਣੀ
Sunday, Mar 26, 2023 - 12:02 PM (IST)
ਰਈਆ (ਹਰਜੀਪ੍ਰੀਤ)- ਰਈਆ ਦੇ ਪਿੰਡਾ ਵਿਚ ਹੋਈ ਭਾਰੀ ਬੇਮੌਸਮੀ ਮੀਂਹ ਤੋਂ ਬਾਅਦ ’ਚ ਚੱਲੇ ਝੱਖੜ ਨਾਲ ਐਨ ਪੱਕਣ ਕਿਨਾਰੇ ਪਹੁੰਚੀ ਕਣਕ ਦੀ ਫ਼ਸਲ ਨੂੰ ਜ਼ਮੀਨ ’ਤੇ ਵਿਛਾ ਦਿੱਤਾ ਹੈ, ਜਿਸ ਨਾਲ ਅੰਨਦਾਤੇ ਦੀਆਂ ਸਧਰਾਂ ’ਤੇ ਪਾਣੀ ਫਿਰ ਗਿਆ ਹੈ ਕਿਉਂਕਿ ਕਣਕ ਦੇ ਜ਼ਮੀਨ ’ਤੇ ਵਿਛ ਜਾਣ ਨਾਲ ਵੱਡੇ ਪੱਧਰ ’ਤੇ ਝਾੜ ਘਟ ਜਾਣ ਦੀ ਸੰਭਾਵਨਾ ਹੈ। ਜੇ ਮੌਸਮ ਸਹੀ ਰਹਿੰਦਾ ਤਾਂ 13 ਅਪ੍ਰੈਲ ਨੇੜੇ ਇਹ ਫ਼ਸਲ ਤਿਆਰ ਹੋ ਕੇ ਮੰਡੀਆਂ ’ਚ ਪਹੁੰਚ ਜਾਣੀ ਸੀ ਪਰ ਕੁਦਰਤ ਨੂੰ ਸ਼ਾਇਦ ਅੰਨਦਾਤੇ ਦੀਆਂ ਖੁਸ਼ੀਆਂ ਮਨਜ਼ੂਰ ਨਹੀਂ ਸਨ।
ਇਹ ਵੀ ਪੜ੍ਹੋ- ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ
ਇਹ ਫ਼ਸਲ ਅਜਿਹੇ ਸਮੇਂ ਬਰਬਾਦ ਹੋਈ ਹੈ, ਜਦੋਂ ਤੱਕ ਕਿਸਾਨਾਂ ਵੱਲੋਂ ਫ਼ਸਲ ਦੇ ਪੱਕਣ ਤੋਂ ਪਹਿਲਾਂ ਤੱਕ ਦੇ ਸਾਰੇ ਖਰਚੇ ਕੀਤੇ ਜਾ ਚੁੱਕੇ ਸਨ ਅਤੇ ਹੁਣ ਵੇਲਾ ਸੀ ਫ਼ਸਲ ਵੇਚ ਕੇ ਆਈ ਲਾਗਤ ਕੱਟ ਕੇ ਆਪਣੇ ਪਰਿਵਾਰ ਦੇ ਸਾਰੇ ਖਰਚੇ ਅਤੇ ਅਗਲੀ ਫ਼ਸਲ ਦੇ ਖਰਚੇ ਵੀ ਕਰਨੇ ਸਨ ਪਰ ਅੰਨਦਾਤੇ ਦੀਆਂ ਦਿਲ ਦੀਆਂ ਦਿਲ ’ਚ ਹੀ ਰਹਿ ਗਈਆਂ।
ਇਹ ਵੀ ਪੜ੍ਹੋ- ਪੰਜਾਬ ਦੇ ਮੌਜੂਦਾ ਹਾਲਾਤ 'ਤੇ ਵਿਚਾਰ ਚਰਚਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗੀ ਵਿਸ਼ੇਸ਼ ਇਕੱਤਰਤਾ
ਇਥੇ ਵਰਨਣਯੋਗ ਹੈ ਕਿ ਕਿਸਾਨ ਪਹਿਲਾਂ ਹੀ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਹੋ ਕੇ ਖੁਦਕੁਸ਼ੀਆਂ ਕਰ ਰਿਹਾ ਹੈ। ਹੁਣ ਉਸ ਦੀਆਂ ਮੁਸ਼ਕਲਾਂ ’ਚ ਹੋਰ ਵਾਧਾ ਹੋ ਗਿਆ ਹੈ। ਸਰਕਾਰਾਂ ਵੱਲੋਂ ਇਨ੍ਹਾਂ ਦੀ ਬਾਂਹ ਫੜਨ ਦੀ ਬਜਾਏ ਝੂਠੇ ਲਾਰਿਆਂ ਨਾਲ ਹੀ ਡੰਗ ਟਪਾਇਆ ਜਾਂਦਾ ਰਿਹਾ ਹੈ। ਵੱਖ-ਵੱਖ ਕਿਸਾਨ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਰਵਿੰਦਰ ਸਿੰਘ ਛੱਜਲਵੱਢੀ, ਗੁਰਮੇਜ ਸਿੰਘ ਤਿਮੋਵਾਲ, ਹਰਪ੍ਰੀਤ ਸਿੰਘ ਬੁਟਾਰੀ, ਕੁਲਵੰਤ ਸਿੰਘ ਭਲਾਈਪੁਰ ਡੋਗਰਾਂ, ਦਲਬੀਰ ਸਿੰਘ ਬੇਦਾਦਪੁਰ ਆਦਿ ਆਗੂਆਂ ਦਾ ਕਹਿਣਾ ਹੈ ਕਿ ਭਾਵੇਂ ਮੁੱਖ ਮੰਤਰੀ ਨੇ ਖ਼ਰਾਬ ਹੋਈ ਫ਼ਸਲ ਦੀਆਂ ਗਿਰਦਾਵਰੀਆਂ ਦੇ ਹੁਕਮ ਕਰ ਦਿੱਤੇ ਹਨ ਪਰ ਬਹੁਤੀ ਵਾਰ ਇਹ ਹੁਕਮ ਕਾਗਜ਼ਾਂ ’ਚ ਹੀ ਰਹਿ ਜਾਂਦੇ ਹਨ। ਇਨ੍ਹਾਂ ਨੂੰ ਸਹੀ ਅਰਥਾਂ ’ਚ ਅਮਲ ’ਚ ਲਿਆਂਦੇ ਜਾਣ ਦੀ ਲੋੜ ਹੈ। ਇਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ੇ ਦੇ ਕੇ ਉਨ੍ਹਾਂ ਦੀ ਬਾਂਹ ਫੜੀ ਜਾਵੇ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਅਜਨਾਲਾ ਅਦਾਲਤ 'ਚ ਪੇਸ਼ੀ, 6 ਅਪ੍ਰੈਲ ਤੱਕ ਨਿਆਇਕ ਹਿਰਾਸਤ 'ਚ ਭੇਜਿਆ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।