ਦੋ ਸੱਤਾਧਾਰੀ ਪਾਰਟੀਆਂ ਖੇਡ ਰਹੀਆਂ ਹਨ ਸਿਆਸੀ ਨੂਰਾ ਕੁਸ਼ਤੀ: ਗਿਆਨੀ ਹਰਪ੍ਰੀਤ ਸਿੰਘ

Saturday, Aug 23, 2025 - 05:40 PM (IST)

ਦੋ ਸੱਤਾਧਾਰੀ ਪਾਰਟੀਆਂ ਖੇਡ ਰਹੀਆਂ ਹਨ ਸਿਆਸੀ ਨੂਰਾ ਕੁਸ਼ਤੀ: ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ (ਸਰਬਜੀਤ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਤੇ ਪੰਜਾਬ ਦੀ ਸੱਤਾ ਧਿਰ ਵੱਲੋਂ ਖੇਡੀ ਜਾ ਰਹੀ ਸਿਆਸੀ ਨੂਰਾ ਕੁਸ਼ਤੀ ਨੂੰ ਬੰਦ ਕਰਨ ਅਤੇ ਦੋਹਾਂ ਹੀ ਸੱਤਾਧਾਰੀ ਪਾਰਟੀਆਂ ਨੂੰ ਸੂਬੇ ਨਾਲ ਜੁੜੇ ਮਸਲੇ ਹੱਲ ਕਰਨ ਵੱਲ ਧਿਆਨ ਦੇਣ ਦੀ ਲੋੜ ਤੋਂ ਜਾਣੂ ਕਰਵਾਇਆ ਹੈ। ਸ਼੍ਰੋਮਣੀ ਅਕਾਲੀ ਦਲ (ਬਾਗੀ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਸਿਆਸੀ ਡਰਾਮੇ ਹੇਠ ਪੰਜਾਬ ਦੇ ਲੋਕਾਂ ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਦੋਵੇਂ ਸੱਤਾ ਧਿਰ ਨਾਲ ਜੁੜੀਆਂ ਪਾਰਟੀਆਂ ਆਪਣੀ ਕੋਸ਼ਿਸ਼ 'ਚ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਤਾਜ਼ਾ ਹਾਲਾਤ ਤੋਂ ਹਰ ਕੋਈ ਚਿੰਤਤ ਹੈ। ਹਰ ਖੇਤਰ 'ਚ ਸੂਬੇ ਦੀ ਹਾਲਤ ਬਦ ਤੋਂ ਬਦਤਰ ਹੈ। ਇਨ੍ਹਾਂ ਹਾਲਾਤਾਂ ਤੇ ਗੰਭੀਰਤਾ ਨਾਲ ਫੈਸਲਾ ਲੈਣ ਦੀ ਬਜਾਏ ਸਿਆਸੀ ਨੂਰਾ ਕੁਸ਼ਤੀ ਦਾ ਰਸਤਾ ਅਖ਼ਤਿਆਰ ਕੀਤਾ ਗਿਆ।

ਇਹ ਵੀ ਪੜ੍ਹੋ-ਪੰਜਾਬ ਦੀ ਵੱਡੀ ਦਾਣਾ ਮੰਡੀ 'ਚ ਲੱਗੀਆਂ ਵਿਸ਼ੇਸ਼ ਪਾਬੰਦੀਆਂ, ਆੜ੍ਹਤੀਆ ਐਸੋਸੀਏਸ਼ਨ ਨੇ ਬਣਾਏ ਨਵੇਂ ਨਿਯਮ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੋਵਾਂ ਸਰਕਾਰਾਂ ਦੀ ਬੇਰੁੱਖੀ ਦੇ ਕਾਰਨ ਪੰਜਾਬ ਦੇ ਕਿਸਾਨ ਪ੍ਰੇਸ਼ਾਨ ਹੈ। ਕੋਈ ਉਦਯੋਗਿਕ ਨੀਤੀ ਨਾ ਬਣਨ ਨਾਲ ਸੂਬੇ 'ਚੋਂ ਵੱਡੇ ਉਦਯੋਗਿਕ ਪਲਾਟ ਬਾਹਰ ਜਾ ਰਹੇ ਹਨ। ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਆਲਮ 'ਚੋਂ ਗੁਜਰਨਾ ਪੈ ਰਿਹਾ ਹੈ, ਕੋਈ ਨਵੀਆਂ ਨੌਕਰੀਆਂ ਦੇ ਉਪਰਾਲੇ ਨਹੀਂ ਕੀਤੇ ਜਾ ਰਹੇ, ਨਸ਼ਿਆਂ ਨੂੰ ਠੱਲ ਪਵੇ, ਇਸ ਦਾ ਪੱਕਾ ਹੱਲ ਨਹੀਂ ਹੋ ਸਕਿਆ, ਗੈਂਗਸਟਰ ਵਾਦ ਦਾ ਬੋਲਬਾਲਾ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਜਿਸ ਨਾਲ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰਾਂ ਟੁੱਟ ਚੁੱਕੀ ਹੈ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਪਣੇ ਮੈਨੀਫੈਸਟੋ ਦਾ ਵਾਅਦੇ ਅਨੁਸਾਰ 'ਆਪ' ਸਰਕਾਰ ਬੀਬੀਆਂ ਨੂੰ 1100 ਰੁਪਏ ਮਹੀਨਾ ਦੇਣ ਤੋਂ ਭੱਜ ਚੁੱਕੀ ਹੈ ਅਤੇ ਨਾ ਹੀ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਗਈ। ਇਸ ਦੇ ਨਾਲ ਸ਼ਗਨ ਸਕੀਮ 1,25,000 ਰੁਪਏ ਦੀ ਗੱਲ ਲਗਭਗ ਕੋਰੀ ਨਾਂਹ ਦੇ ਬਰਾਬਰ ਹੈ।

ਇਹ ਵੀ ਪੜ੍ਹੋ- ਹੋਟਲ 'ਚ ਮੁੰਡੇ ਤੇ ਕੁੜੀਆਂ ਦੀ ਵਾਇਰਲ ਵੀਡੀਓ ਨੇ ਮਚਾਈ ਤਰਥੱਲੀ 

ਕੇਂਦਰ ਅਤੇ ਸੂਬਾ ਸਰਕਾਰ ਦੀ ਆਪਸੀ ਮਿਲੀਭੁਗਤ ਕਾਰਨ ਬੰਦੀ ਸਿੰਘਾਂ ਦੇ ਅਹਿਮ ਮਸਲੇ 'ਤੇ ਕੋਈ ਫੈਸਲਾ ਨਹੀਂ ਕੀਤਾ ਜਾ ਰਿਹਾ। ਬੀਬੀਐਮਬੀ ਦਾ ਕੰਟਰੋਲ ਪੰਜਾਬ ਨੂੰ ਮਿਲੇ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅੱਜ ਪੰਜਾਬ ਦੇ ਹਰ ਹਿੱਸੇ ਤੋਂ ਵੱਡੀ ਗਿਣਤੀ 'ਚ ਪੰਜਾਬੀ ਕੈਨੇਡਾ, ਅਮਰੀਕਾ ਵਰਗੇ ਮੁਲਕਾਂ 'ਚ ਵਸੇ ਹਨ, ਇਸ ਕਰਕੇ ਪੰਜਾਬ ਤੋਂ ਕੈਨੇਡਾ ਅਤੇ ਅਮਰੀਕਾ ਲਈ ਤੁਰੰਤ ਫਲਾਈਟ ਸ਼ੁਰੂ ਕਰਨੀਆਂ ਚਾਹੀਦੀਆਂ ਹਨ। ਪੰਜਾਬ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਤੁਰੰਤ ਪੰਜਾਬ ਦੇ ਸਾਰੇ ਏਅਰਪੋਰਟ ਨੂੰ ਡਰਾਈ ਪੋਰਟ ਐਲਾਨ ਕੀਤਾ ਜਾਵੇ ਅਤੇ ਗੁਆਂਢੀ ਮੁਲਕਾਂ ਨਾਲ ਵਪਾਰਕ ਸਬੰਧ ਸੁਖਾਲੇ ਕੀਤੇ ਜਾਣ।

ਇਹ ਵੀ ਪੜ੍ਹੋ- ਪੰਜਾਬ 'ਚ 27 ਤਰੀਖ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਆਰਡੀਐੱਫ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ, ਤਾਂ ਜੋ ਇਸ ਪੈਸੇ ਨਾਲ ਦਿਹਾਤੀ ਖੇਤਰਾਂ ਦੀ ਲਿੰਕ ਸੜਕਾਂ ਦੀ ਹਾਲਤ ਸੁਧਾਰੀ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਲੋੜ ਹੈ ਇਨ੍ਹਾਂ ਦਿੱਲੀ ਦੇ ਹੁਕਮਰਾਨਾਂ ਦੇ ਇਸ਼ਾਰਿਆਂ 'ਤੇ ਚਲਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਚਲਦਾ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News