ਸਮੱਗਲਿੰਗ ਲਈ ਲਿਜਾਈਆਂ ਜਾ ਰਹੀਆਂ ਗਊਆਂ ਨਾਲ ਭਰਿਆ ਟਰੱਕ ਫੜਿਆ
Monday, Aug 11, 2025 - 04:43 PM (IST)

ਜੰਡਿਆਲਾ ਗੁਰੂ (ਸ਼ਰਮਾ, ਸੁਰਿੰਦਰ)-ਗਊ ਰੱਖਿਆ ਦਲ ਪੰਜਾਬ ਦੇ ਉਪ ਪ੍ਰਧਾਨ ਜੈ ਗੋਪਾਲ ਲਾਲੀ ਅਤੇ ਹੋਰ ਮੈਂਬਰਾਂ ਨੇ ਸਮੱਗਲਿੰਗ ਕਰ ਕੇ ਬਾਹਰਲੇ ਸੂਬਿਆਂ ਨੂੰ ਲਿਜਾਏ ਜਾ ਰਹੇ ਗਊਆਂ ਦੇ ਭਰੇ ਟਰੱਕ ਨੂੰ ਫ਼ੜ ਕੇ ਪੁਲਸ ਹਵਾਲੇ ਕੀਤਾ। ਜੈ ਗੋਪਾਲ ਲਾਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਅਜਨਾਲਾ ਵੱਲੋਂ ਗਾਊਆਂ ਨਾਲ ਭਰਿਆ ਟਰੱਕ ਸਮੱਗਲਿੰਗ ਲਈ ਅਸਾਮ ਵੱਲ ਨੂੰ ਜਾ ਰਿਹਾ ਹੈ। ਜਦੋਂ ਉਨ੍ਹਾਂ ਨੇ ਆਪਣੇ ਦਲ ਦੇ ਬਾਕੀ ਮੈਂਬਰਾਂ ਨੂੰ ਨਾਲ ਲੈ ਕੇ ਉਸ ਟਰੱਕ ਦਾ ਪਿੱਛਾ ਕੀਤਾ ਤਾਂ ਡਰਾਈਵਰ ਨੇ ਟਰੱਕ ਭਜਾ ਲਿਆ ਪਰ ਉਨ੍ਹਾਂ ਨੇ ਆਪਣੇ ਦਲ ਅਤੇ ਪੁਲਸ ਦੀ ਮੁਸਤੈਦੀ ਨਾਲ ਟਰੱਕ ਨੂੰ ਜੰਡਿਆਲਾ ਗੁਰੂ ਦੇ ਲਾਗੇ ਘੇਰ ਲਿਆ। ਉਨ੍ਹਾਂ ਦੱਸਿਆ ਕਿ ਟਰੱਕ ਵਿਚ ਗਾਵਾਂ ਭਰ ਭਰ ਕੇ ਤਰਸਯੋਗ ਹਾਲਤ ਵਿੱਚ ਰੱਖੀਆਂ ਹੋਈਆਂ ਸੀ ਅਤੇ ਉੱਪਰ ਤਰਪਾਲ ਦੇ ਨਾਲ ਪਰਦਾ ਕੀਤਾ ਹੋਇਆ ਸੀ, ਜਿਸ ਨਾਲ ਉਨ੍ਹਾਂ ਨੂੰ ਅੰਦਰ ਹਵਾ ਵੀ ਨਹੀਂ ਲੱਗ ਰਹੀ ਸੀ ਅਤੇ ਉਹ ਪਿਆਸ ਨਾਲ ਵੀ ਬੇਹਾਲ ਹੋਈਆਂ ਪਈਆਂ ਸਨ।
ਇਸ ਬਾਰੇ ਜੰਡਿਆਲਾ ਗੁਰੂ ਪੁਲਸ ਨੂੰ ਸੂਚਿਤ ਕੀਤਾ। ਜੰਡਿਆਲਾ ਗੁਰੂ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਟਰੱਕ ਨੂੰ ਆਪਣੇ ਹਿਰਾਸਤ ਵਿਚ ਲੈ ਲਿਆ ਗਿਆ । ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਗਊਆਂ ਨਾਲ ਭਰਿਆ ਟਰੱਕ ਨਿੱਜਰਪੁਰਾ ਦੇ ਲਾਗਿਓਂ ਕਾਬੂ ਕੀਤਾ ਗਿਆ। ਇਸ ਟਰੱਕ ਨਾਲ ਜਾਣ ਵਾਲੇ ਦੋ ਵਿਅਕਤੀ ਫੜ ਲਏ ਗਏ ਹਨ ਅਤੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਭੇਜ ਦਿੱਤੀਆਂ ਹਨ। ਮੁਲਜ਼ਮਾਂ ਵਿਰੁੱਧ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।