ਆਈ. ਸੀ. ਪੀ. ’ਤੇ ਕੁੱਲੀਆਂ ਦੀ ਹੜਤਾਲ, ਵਪਾਰੀਆਂ ਦਾ ਫ਼ਸਿਆ 50 ਕਰੋੜ ਦਾ ਮਾਲ

03/24/2023 11:04:18 AM

ਅੰਮ੍ਰਿਤਸਰ (ਨੀਰਜ)- ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਆਈ. ਸੀ. ਪੀ. ਅਟਾਰੀ ਇਨ੍ਹੀਂ ਦਿਨੀਂ ਇਕ ਫੈਕਟਰੀ ਵਾਂਗ ਬਣ ਕੇ ਰਹਿ ਗਈ ਹੈ। ਜਾਣਕਾਰੀ ਮੁਤਾਬਕ ਵਪਾਰੀਆਂ ਦਾ 50 ਕਰੋੜ ਤੋਂ ਵਧ ਦਾ ਮਾਲ ਪਾਕਿਸਤਾਨ ’ਚ ਫ਼ਸਿਆ ਹੋਇਆ ਹੈ, ਜਿਸ ਕਾਰਨ ਵਪਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਵਪਾਰੀਆਂ ਵੱਲੋਂ ਕੇਂਦਰ ਸਰਕਾਰ ਤੋਂ ਲੈ ਕੇ ਪੰਜਾਬ ਸਰਕਾਰ, ਕਸਟਮ ਵਿਭਾਗ ਅਤੇ ਲੈਂਡ ਪੋਰਟ ਅਥਾਰਟੀ ਨੂੰ ਵਾਰ-ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ।

ਜਾਣਕਾਰੀ ਅਨੁਸਾਰ ਮਜ਼ਦੂਰਾਂ ਦੀਆਂ ਕੀਮਤਾਂ ਵੱਧਣ ਕਾਰਨ ਆਈ. ਸੀ. ਪੀ .’ਤੇ ਕੰਮ ਕਰਨ ਵਾਲੇ ਕੁੱਲੀਆਂ ਵਲੋਂ 13 ਮਾਰਚ ਤੋਂ ਹੜਤਾਲ ਕੀਤੀ ਜਾ ਰਹੀ ਹੈ, ਜੋ ਅੱਜ ਸੱਤਵੇਂ ਦਿਨ ਵਿਚ ਪਹੁੰਚ ਗਈ ਹੈ। ਅਫ਼ਗਾਨਿਸਤਾਨ ਵਲੋਂ ਆਯਾਤ ਕੀਤੇ ਜਾਣ ਵਾਲੇ ਸੁੱਕੇ ਮੇਵੇ ਅਤੇ ਹੋਰ ਵਸਤੂਆਂ ਹੜਤਾਲ ਕਾਰਨ ਪਾਕਿਸਤਾਨ ਵਿਚ ਫਸ ਗਈਆਂ ਹਨ ਅਤੇ ਵਸਤਾਂ ਨਾਲ ਲੱਦੇ ਟਰੱਕ ਪਾਕਿਸਤਾਨੀ ਆਈ. ਸੀ. ਟੀ. ਵਿਚ ਖੜ੍ਹੇ ਹਨ। ਇੰਨਾ ਹੀ ਨਹੀਂ ਪਾਕਿਸਤਾਨ ਕਸਟਮ ਵੱਲੋਂ ਭਾਰਤੀ ਕਸਟਮਜ਼ ’ਤੇ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਮਾਲ ਨੂੰ ਤੁਰੰਤ ਪ੍ਰਭਾਵ ਨਾਲ ਉਤਾਰਨ ਲਈ ਦਬਾਅ ਪਾਇਆ ਜਾ ਰਿਹਾ ਹੈ, ਪਰ ਕੁੱਲੀ ਇਸ ਗੱਲ ’ਤੇ ਅੜੇ ਹੋਏ ਹਨ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਜਾਰੀ ਰਹੇਗੀ।

ਇਹ ਵੀ ਪੜ੍ਹੋ- ਬਾਬਾ ਬਕਾਲਾ ਸਾਹਿਬ ਕੋਰਟ 'ਚ ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਪੇਸ਼ੀ, ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

ਕੁੱਲੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਹਰ ਨਗ 20 ਰੁਪਏ ਪ੍ਰਤੀ ਵਾਧਾ ਕੀਤਾ ਜਾਵੇ ਪਰ ਵਪਾਰੀ ਵਰਗ ਅਜਿਹਾ ਵਾਧਾ ਦੇਣ ਦੀ ਸਥਿਤੀ ’ਚ ਨਹੀਂ ਹੈ ਅਤੇ ਕੁੱਲੀਆਂ ਨੂੰ ਹੜਤਾਲ ਖ਼ਤਮ ਕਰਨ ਦੀ ਅਪੀਲ ਕਰ ਰਿਹਾ ਹੈ, ਪਰ ਜਿਹੜੇ ਹਾਲਾਤ ਆਈ. ਸੀ. ਪੀ. ਬਣੇ ਹੋਏ ਹਨ, ਉਸ ਨੂੰ ਲੈ ਕੇ ਵਪਾਰੀਆਂ ਵਿਚ ਭਾਰੀ ਰੋਸ ਹੈ, ਕਿਉਂਕਿ ਵਾਰ-ਵਾਰ ਹੜਤਾਲਾਂ ਹੋਣ ਕਾਰਨ ਵਪਾਰੀਆਂ ਦਾ ਭਾਰੀ ਮਾਲੀ ਨੁਕਸਾਨ ਹੁੰਦਾ ਹੈ ਅਤੇ ਲੈਂਡ ਪੋਰਟ ਅਥਾਰਟੀ ਦੇ ਗੋਦਾਮਾਂ ਵਿੱਚ ਪਏ ਸਾਮਾਨ ਦੀ ਲਿਫ਼ਟਿੰਗ ਕਾਰਨ ਵਪਾਰੀਆਂ ਨੂੰ ਭਾਰੀ ਜੁਰਮਾਨੇ ਭੁਗਤਣੇ ਪੈਂਦੇ ਹਨ। ਇਸ ਦੇ ਲਈ ਕਈ ਵਾਰ ਵਪਾਰੀਆਂ ਨੇ ਮਾਨਯੋਗ ਹਾਈਕੋਰਟ ਤੱਕ ਵੀ ਪਹੁੰਚ ਕੀਤੀ ਹੈ, ਜਿਸ 'ਚ ਵਪਾਰੀਆਂ ਨੂੰ ਹਾਈਕੋਰਟ ਤੋਂ ਵੀ ਰਾਹਤ ਮਿਲੀ ਹੈ।

ਪੁਲਵਾਮਾ ਹਮਲੇ ਤੋਂ ਬਾਅਦ ਲਗਾ ਦਿੱਤੀ ਗਈ ਸੀ 200 ਫ਼ੀਸਦੀ ਕਸਟਮ ਡਿਊਟੀ

ਪਾਕਿਸਤਾਨੀ ਅੱਤਵਾਦੀਆਂ ਵੱਲੋਂ ਜੰਮੂ-ਕਸ਼ਮੀਰ ’ਚ ਪੁਲਵਾਮਾ ਹਮਲਾ ਕੀਤਾ ਗਿਆ ਸੀ ਤਾਂ ਭਾਰਤ ਸਰਕਾਰ ਵੱਲੋਂ ਰਾਤੋ-ਰਾਤ ਪਾਕਿਸਤਾਨ ਤੋਂ ਆਯਾਤ ਹੋਣ ਵਾਲੇ ਸਾਮਾਨ ’ਤੇ 200 ਫੀਸਦੀ ਕਸਟਮ ਡਿਊਟੀ ਲਗਾ ਦਿੱਤੀ ਗਈ ਸੀ, ਜਿਸ ਕਾਰਨ ਵਪਾਰੀਆਂ ਨੂੰ ਭਾਰੀ ਨੁਕਸਾਨ ਹੋਇਆ ਸੀ, ਕਿਉਂਕਿ ਇਸ ਹੁਕਮ ਤੋਂ ਪਹਿਲਾਂ ਹੀ ਵਪਾਰੀਆਂ ਨੇ ਕਰੋੜਾਂ ਰੁਪਏ ਦੇ ਮਾਲ ਦੇ ਆਰਡਰ ਦੇ ਦਿੱਤੇ ਸਨ, ਉਸ ਸਮੇਂ ਵੀ ਲੈਂਡ ਪੋਰਟ ਅਥਾਰਟੀ ਵੱਲੋਂ ਵਪਾਰੀਆਂ ਨੂੰ ਬਿਨਾਂ ਕਿਸੇ ਕਾਰਨ ਕਰੋੜਾਂ ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ, ਪਰ ਫਿਰ ਵੀ ਵਪਾਰੀਆਂ ਨੇ ਹਾਈਕੋਰਟ ਦੀ ਸ਼ਰਨ ਲਈ ਅਤੇ ਇਸ ਤੋਂ ਬਾਅਦ ਕੇਂਦਰ ਸਰਕਾਰ ਦੀ ਦਖ਼ਲਅੰਦਾਜ਼ੀ ਨਾਲ ਵਪਾਰੀਆਂ ’ਤੇ ਲਗਾਇਆ ਗਿਆ ਜੁਰਮਾਨਾ ਤਾਂ ਮੁਆਫ਼ ਕਰ ਦਿੱਤਾ ਗਿਆ ਸੀ ਪਰ ਕੁੱਲੀਆਂ ਦੀ ਹੜਤਾਲ ਕਾਰਨ ਅੱਜ ਵੀ ਸਥਿਤੀ ਉਹੀ ਬਣੀ ਹੋਈ ਹੈ ਅਤੇ ਵਪਾਰੀ ਆਈ. ਸੀ. ਪੀ. ਅਟਾਰੀ ਤੋਂ ਇਲਾਵਾ ਕਿਸੇ ਹੋਰ ਅੰਤਰਰਾਸ਼ਟਰੀ ਪੋਰਟ 'ਤੇ ਕਾਰੋਬਾਰ ਕਰਨ ਵੱਲ ਸੋਚ ਰਹੇ ਹਨ।

ਤਮਾਸ਼ਬੀਨ ਬਣੇ ਲੈਂਡ ਪੋਰਟ ਅਥਾਰਟੀ ਅਤੇ ਕਸਟਮ ਵਿਭਾਗ ਦੇ ਅਧਿਕਾਰੀ

ਇਕ ਪਾਸੇ ਜਿੱਥੇ ਕੁਲੀਆਂ ਦੀ ਹੜਤਾਲ ਕਾਰਨ ਵਪਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਆਈ. ਸੀ. ਪੀ. ਮੌਕੇ ’ਤੇ ਤਾਇਨਾਤ ਲੈਂਡ ਪੋਰਟ ਅਥਾਰਟੀ ਅਤੇ ਕਸਟਮ ਵਿਭਾਗ ਦੇ ਅਧਿਕਾਰੀ ਤਮਾਸ਼ਬੀਨ ਬਣੇ ਹੋਏ ਹਨ। ਪਿਛਲੇ ਇਕ ਹਫ਼ਤੇ ਤੋਂ ਚੱਲ ਰਹੀ ਹੜਤਾਲ ਨੂੰ ਸੁਲਝਾਉਣ ਦੀ ਬਜਾਏ ਸਭ ਕੁਝ ਰੱਬ ਦੇ ਭਰੋਸੇ ’ਤੇ ਛੱਡ ਦਿੱਤਾ ਗਿਆ ਹੈ, ਜਿਸ ਕਾਰਨ ਵਪਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਹਾਲ ਹੀ ਵਿਚ ਵਪਾਰੀ ਆਗੂ ਅਨਿਲ ਮਹਿਰਾ ਵੱਲੋਂ ਕੇਂਦਰ ਸਰਕਾਰ ਨੂੰ ਵੀ ਇਨ੍ਹਾਂ ਲਾਪ੍ਰਵਾਹੀ ਵਾਲੇ ਅਫ਼ਸਰਾਂ ਸਬੰਧੀ ਜਾਣੂ ਕਰਵਾਇਆ ਗਿਆ ਹੈ, ਜਿਸ ਵਿਚ ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਸਰਕਾਰ ਵੱਲੋਂ ਕੋਈ ਵੱਡੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ’ਚ ਘੱਟ ਇਨਰੋਲਮੈਂਟ ਨੂੰ ਲੈ ਕੇ ਸਰਕਾਰ ਸਖ਼ਤ, ਇਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਨੋਟਿਸ ਜਾਰੀ

ਰਿਸ਼ਵਤ ਦੀ ਕਮਾਈ ਦੇ ਪੈਸੇ ਇੱਕਠੇ ਕਰਨ ’ਚ ਲੱਗੇ ਹੋਏ ਹਨ ਕਸਟਮ ਦੇ ਕੁਝ ਅਫ਼ਸਰ

ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਕਸਟਮ ਵਿਭਾਗ ਦੇ ਕੁਝ ਅਧਿਕਾਰੀ ਵੀ ਰਿਸ਼ਵਤ ਦੀ ਰਕਮ ਵਸੂਲਣ ’ਚ ਲੱਗੇ ਹੋਏ ਹਨ। ਭਾਵੇਂ ਪਾਕਿਸਤਾਨ ਨਾਲ ਦਰਾਮਦ ਬੰਦ ਹੋਣ ਕਾਰਨ ਬਹੁਤ ਘੱਟ ਗਿਣਤੀ ਵਿਚ ਟਰੱਕ ਆ ਰਹੇ ਹਨ ਅਤੇ ਸਿਰਫ਼ ਅਫ਼ਗਾਨਿਸਤਾਨ ਤੋਂ ਹੀ ਟਰੱਕ ਆਉਂਦੇ ਹਨ ਪਰ ਫਿਰ ਵੀ ਕੁਝ ਭ੍ਰਿਸ਼ਟ ਅਧਿਕਾਰੀ ਦਰਾਮਦ ਵਸਤਾਂ ਵਿੱਚ ਪ੍ਰਤੀ ਨਗ ਰਿਸ਼ਵਤ ਲੈਣ ਤੋਂ ਗੁਰੇਜ਼ ਨਹੀਂ ਕਰਦੇ।

ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਅਨਿਲ ਮਹਿਰਾ

ਆਈ. ਸੀ. ਪੀ. ਪਿਛਲੇ ਇਕ ਹਫ਼ਤੇ ਤੋਂ ਅਟਾਰੀ ਵਿਖੇ ਚੱਲ ਰਹੀ ਹੜਤਾਲ ਬਾਰੇ ਵਪਾਰੀ ਆਗੂ ਅਨਿਲ ਮਹਿਰਾ ਨੇ ਕਿਹਾ ਕਿ ਕਿਸੇ ਦੀ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਈ. ਸੀ. ਪੀ ਅਟਾਰੀ ਇੱਕ ਅੰਤਰਰਾਸ਼ਟਰੀ ਪੋਰਟ ਹੈ ਪਰ ਇੱਥੋਂ ਦੀ ਹਾਲਤ ਇੱਕ ਛੋਟੀ ਫੈਕਟਰੀ ਵਰਗੀ ਹੈ, ਜਿੱਥੇ ਕਿਸੇ ਵੀ ਸਮੇਂ ਹੜਤਾਲ ਹੋ ਜਾਂਦੀ ਹੈ ਅਤੇ ਅੰਤਰਰਾਸ਼ਟਰੀ ਵਪਾਰ ਠੱਪ ਹੋ ਜਾਂਦਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News