ਕਾਰ ਤੇ ਬੁਲਟ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ, ਤਿੰਨ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ
Saturday, Sep 27, 2025 - 04:38 PM (IST)

ਗੁਰਦਾਸਪੁਰ (ਹਰਮਨ)-ਬੀਤੀ ਸ਼ਾਮ ਗੁਰਦਾਸਪੁਰ ਸ਼ਹਿਰ ਦੇ ਥਾਣਾ ਸਿਟੀ ਦੇ ਬਾਹਰ ਇੱਕ ਕਾਰ ਅਤੇ ਬੁਲਟ ਮੋਟਰਸਾਈਕਲ ਦਰਮਿਆਨ ਭਿਆਨਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਬੁਲਟ ਸਵਾਰ ਤਿੰਨ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ, ਜਿਨਾਂ ਨੂੰ ਤੁਰੰਤ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਸਾਹਮਣੇ ਹਿੱਸੇ ਦੇ ਪਰਖੱਚੇ ਉੱਡ ਗਏ ਅਤੇ ਬੁਲਟ ਮੋਟਰਸਾਈਕਲ ਦਾ ਭਾਰੀ ਨੁਕਸਾਨ ਹੋਣ ਦੇ ਨਾਲ-ਨਾਲ ਨੇੜੇ ਖੜੀ ਇੱਕ ਹੋਰ ਕਾਰ ਵੀ ਲਪੇਟ ਵਿੱਚ ਆ ਗਈ, ਜਿਸ ਕਾਰਨ ਉਕਤ ਕਾਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ਤੋਂ ਫੜਿਆ ਗਿਆ ਵੱਡਾ ਗੈਂਗਸਟਰ, ਦਿੱਲੀ ਲੈ ਗਈ ਪੁਲਸ
ਹਾਦਸੇ ਵਿਚ ਜ਼ਖ਼ਮੀ ਹੋਏ ਦਿਲਕਸ਼ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਉਹ ਪੁਰਾਣਾ ਸ਼ਾਲਾ ਨਾਲ ਸੰਬੰਧਿਤ ਹੈ ਅਤੇ ਆਪਣੇ ਦੋ ਸਾਥੀਆਂ ਨਾਲ ਕੁਝ ਜ਼ਰੂਰੀ ਸਾਮਾਨ ਲੈਣ ਲਈ ਆਪਣੇ ਬੁਲਟ ਮੋਟਰਸਾਈਕਲ 'ਤੇ ਗੁਰਦਾਸਪੁਰ ਵਿਖੇ ਆਇਆ ਸੀ। ਇਸ ਦੌਰਾਨ ਜਦੋਂ ਉਹ ਥਾਣਾ ਸਿਟੀ ਦੇ ਨੇੜਿਓਂ ਲੰਘ ਰਹੇ ਸਨ ਤਾਂ ਅਚਾਨਕ ਇੱਕ ਕਾਰ ਨੇ ਗਲਤ ਦਿਸ਼ਾ ਵਿੱਚ ਆ ਕੇ ਉਨ੍ਹਾਂ 'ਚ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਲੱਤ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ ਅਤੇ ਉਸਦੇ ਇੱਕ ਸਾਥੀ ਦਾ ਚੂਲਾ ਟੁੱਟਣ ਨਾਲ-ਨਾਲ ਦੂਸਰੇ ਸਾਥੀ ਦੇ ਵੀ ਕਾਫੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਗੈਂਗਵਾਰ ਦਾ ਖਦਸ਼ਾ, ਗੋਪੀ ਘਣਸ਼ਿਆਮਪੁਰੀਆ ਵੱਲੋਂ ਜੱਗੂ ਨੂੰ ਚਿਤਾਵਨੀ, ਕਿਹਾ ਹੁਣ...
ਉਸ ਨੇ ਕਿਹਾ ਕਿ ਕਾਰ ਚਾਲਕ ਨੂੰ ਕੋਈ ਵੀ ਸੁੱਧ ਬੁੱਧ ਨਹੀਂ ਸੀ ਜਿਸ ਨੇ ਕਾਰ ਅਤੇ ਆਪਣਾ ਸੰਤੁਲਨ ਖੋਹ ਕੇ ਇਹ ਹਾਦਸਾ ਕੀਤਾ ਹੈ। ਉਸ ਨੇ ਪੁਲਸ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦਾ ਭਾਰੀ ਨੁਕਸਾਨ ਕਰਨ ਵਾਲੇ ਇਸ ਕਾਰ ਚਾਲਕ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਥਾਣਾ ਸਿਟੀ ਵਿਖੇ ਤੈਨਾਤ ਕਾਂਸਟੇਬਲ ਗੁਰਕੀਰਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਥਾਣਾ ਸਿਟੀ ਵਿਖੇ ਆਪਣੀ ਡਿਊਟੀ ਖ਼ਤਮ ਹੋਣ ਦੇ ਬਾਅਦ ਆਪਣੀ ਆਲਟੋ ਕਾਰ ਵਿੱਚ ਆ ਕੇ ਬੈਠਾ ਹੀ ਸੀ ਕਿ ਇਕ ਸਵਿਫਟ ਡਿਜਾਇਰ ਕਾਰ ਅਤੇ ਬੁਲਟ ਦੀ ਟੱਕਰ ਹੋ ਗਈ। ਇਸ ਟੱਕਰ ਕਾਰਨ ਮੋਟਰਸਾਈਕਲ ਉਨ੍ਹਾਂ ਦੀ ਕਾਰ ਵਿੱਚ ਵੀ ਆ ਕੇ ਵੱਜ ਗਿਆ ਜਿਸ ਕਾਰਨ ਉਨ੍ਹਾਂ ਦੀ ਕਾਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਦੇ DC ਦੇ ਵੱਡੇ ਹੁਕਮ, ਇਨ੍ਹਾਂ ਕਿਸਾਨਾਂ ਨੂੰ ਨਹੀਂ ਦਿੱਤੀ ਜਾਵੇਗੀ ਠੇਕੇ 'ਤੇ ਪੰਚਾਇਤੀ ਜ਼ਮੀਨ
ਹਾਦਸੇ ਦੀ ਜੋਰਦਾਰ ਆਵਾਜ਼ ਸੁਣ ਕੇ ਥਾਣਾ ਸਿਟੀ ਵਿੱਚ ਮੌਜੂਦ ਪੁਲਸ ਮੁਲਾਜ਼ਮ ਅਤੇ ਅਧਿਕਾਰੀ ਵੀ ਤੁਰੰਤ ਬਾਹਰ ਆ ਗਏ ਜਿਸ ਦੌਰਾਨ ਸਬ ਇੰਸਪੈਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਆਵਾਜ਼ ਸੁਣ ਕੇ ਉਨ੍ਹਾਂ ਨੇ ਬਾਹਰ ਕੇ ਮੌਕਾ ਦੇਖਿਆ ਹੈ ਜਿਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਕਾਫੀ ਸੱਟਾਂ ਲੱਗੀਆਂ ਹਨ ਅਤੇ ਵਾਹਨ ਵੀ ਕਾਫੀ ਨੁਕਸਾਨੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਏ ਨੌਜਵਾਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਅਤੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਸਿਟੀ ਦੇ ਮੁਖੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਅਜੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਜ਼ਖ਼ਮੀਆਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8