ਲੁੱਟ ਦੀ ਨੀਅਤ ਨਾਲ ਘਰ ''ਚ ਦਾਖ਼ਲ ਹੋਏ ਤਿੰਨ ਹਥਿਆਰਬੰਦ ਲੁਟੇਰੇ, 32 ਬੋਰ ਪਿਸਤੌਲ ਸਮੇਤ 2 ਕਾਬੂ, ਇਕ ਫ਼ਰਾਰ

Sunday, Jan 28, 2024 - 01:23 PM (IST)

ਤਰਨਤਾਰਨ(ਰਮਨ)- ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਰਹਿੰਦੇ ਪੰਡਿਤ ਦੇ ਘਰ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਹਥਿਆਰਬੰਦ ਦੋ ਨੌਜਵਾਨਾਂ ਨੂੰ ਲੋਕਾਂ ਵਲੋਂ ਕਾਬੂ ਕਰਦੇ ਹੋਏ ਪੁਲਸ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਪਾਸੋਂ ਇਕ ਬੱਤੀ ਬੋਰ ਪਿਸਤੌਲ ਅਤੇ ਦੋ ਜਿੰਦਾ ਰੌਂਦ ਬਰਾਮਦ ਕਰਦੇ ਹੋਏ ਫ਼ਰਾਰ ਤੀਸਰੇ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਮੌਕੇ ਜਿੱਥੇ ਪੁਲਸ ਵਲੋਂ ਥਾਂ-ਥਾਂ ਨਾਕੇਬੰਦੀ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ ਉੱਥੇ ਹੀ ਹਥਿਆਰਬੰਦ ਨੌਜਵਾਨਾਂ ਵਲੋਂ ਘਰ ਵਿਚ ਦਾਖ਼ਲ ਹੋ ਲੁੱਟਣ ਦੀ ਕੋਸ਼ਿਸ਼ ਇਕ ਵੱਡਾ ਸਵਾਲ ਖੜਾ ਕਰ ਰਹੀ ਹੈ।

ਇਹ ਵੀ ਪੜ੍ਹੋ : ਅਣਪਛਾਤੇ ਵਿਅਕਤੀ ਵੱਲੋਂ ਮਹਿਲਾ ਵਧੀਕ ਸੈਸ਼ਨ ਜੱਜ ’ਤੇ ਹਮਲਾ, ਡਟ ਕੇ ਮੁਕਾਬਲਾ ਕਰਨ ’ਤੇ ਮੁਲਜ਼ਮ ਹੋਇਆ ਫ਼ਰਾਰ

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਿੱਥੇ ਗਣਤੰਤਰ ਦਿਵਸ ਮੌਕੇ ਜ਼ਿਲ੍ਹੇ ਭਰ ਵਿਚ ਪੁਲਸ ਵਲੋਂ ਨਾਕੇਬੰਦੀ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ ਉਸੇ ਸਮੇਂ ਦਿਨ ਦਿਹਾੜੇ ਤਿੰਨ ਲੁਟੇਰੇ ਹਥਿਆਰਾਂ ਦੀ ਨੋਕ ਉੱਪਰ ਇਕ ਪੰਡਿਤ ਦੇ ਘਰ ਦਾਖ਼ਲ ਹੋ ਗਏ। ਇਸ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਵਲੋਂ ਹਿੰਮਤ ਵਿਖਾਉਂਦੇ ਹੋਏ ਦੋ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਜਦਕਿ ਤੀਸਰਾ ਮੋਟਰਸਾਈਕਲ ਦੀ ਮਦਦ ਨਾਲ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ।

ਇਹ ਵੀ ਪੜ੍ਹੋ : ਛੋਟੇ ਹਾਥੀ ਅਤੇ ਟਰੱਕ ਦੀ ਟੱਕਰ ’ਚ ਇਕ ਦੀ ਮੌਤ, ਇਕ ਜ਼ਖ਼ਮੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਡਿਤ ਅਸ਼ੋਕ ਕੁਮਾਰ ਭਾਰਗਵ ਬੰਡਾਲੇ ਵਾਲੇ ਪੁੱਤਰ ਨੱਥੂ ਰਾਮ ਭਾਰਗਵ ਨਿਵਾਸੀ ਗਲੀ ਝਾਈ ਵਾਲੀ ਖਾਲਸਾਪੁਰ ਰੋਡ ਤਰਨਤਾਰਨ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਸਥਾਨਕ ਸ਼ਨੀਦੇਵ ਮੰਦਰ ਦਾ ਮੁੱਖ ਸੇਵਾਦਾਰ ਹੈ। ਉਨ੍ਹਾਂ ਦੱਸਿਆ ਕਿ ਬੀਤੇ ਕੱਲ ਕਰੀਬ 12 ਵਜੇ ਦੁਪਹਿਰ ਜਦੋਂ ਉਸ ਦੀ ਪਤਨੀ ਮੰਜੂ ਬਾਲਾ ਭਾਰਗਵ ਅਤੇ ਬੇਟਾ ਅਗਰਿਮ ਭਾਰਗਵ ਘਰ ਵਿਚ ਮੌਜੂਦ ਸਨ ਤਾਂ ਉਸ ਨੂੰ ਘਬਰਾਈ ਹੋਈ ਪਤਨੀ ਵਲੋਂ ਫੋਨ ਕੀਤਾ ਗਿਆ ਕਿ ਕੁਝ ਨੌਜਵਾਨ ਘਰ ਵਿਚ ਦਾਖਲ ਹੋਏ ਹਨ ਜਿਨ੍ਹਾਂ ਨੇ ਉਸਦੇ ਪੁੱਤਰ ਨੂੰ ਗੰਨ ਪੁਆਇੰਟ ਉੱਪਰ ਲੈ ਲਿਆ ਹੈ। ਇਸ ਦੌਰਾਨ ਪੰਡਿਤ ਅਸ਼ੋਕ ਕੁਮਾਰ ਭਾਰਗਵ ਜਲਦੀ ਵਿਚ ਆਪਣੇ ਘਰ ਪੁੱਜੇ ਅਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਹਿੰਮਤ ਕਰਦੇ ਹੋਏ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਦਕਿ ਇਕ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਕਾਰ ਤੇ ਬੱਸ ਦੀ ਟੱਕਰ ’ਚ ਨੌਜਵਾਨ ਦੀ ਮੌਤ, 2 ਬੱਚੇ ਗੰਭੀਰ ਜ਼ਖ਼ਮੀ

ਇਸ ਦੌਰਾਨ ਪੁਲਸ ਨੂੰ ਦਿੱਤੀ ਗਈ ਸੂਚਨਾ ਤੋਂ ਬਾਅਦ ਮੌਕੇ ’ਤੇ ਪੁੱਜੇ ਥਾਣਾ ਸਿਟੀ ਤਰਨਤਰਨ ਦੇ ਏ.ਐੱਸ.ਆਈ ਕਰਨੈਲ ਸਿੰਘ ਨੇ ਸਮੇਤ ਪੁਲਸ ਪਾਰਟੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ.ਐੱਸ.ਆਈ ਕਰਨੈਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਪੁੱਤਰ ਸੁਖਵਿੰਦਰ ਸਿੰਘ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਅਤੇ ਹਰਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਪਾਸੋਂ ਇਕ 32 ਬੋਰ ਪਿਸਤੌਲ ਅਤੇ ਦੋ ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ ਜਦਕਿ ਇਨ੍ਹਾਂ ਦੇ ਫ਼ਰਾਰ ਸਾਥੀ ਪ੍ਰਿੰਸ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਮਕਬੂਲਪੁਰਾ ਅੰਮ੍ਰਿਤਸਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਿਲ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News