ਵਿਆਹ ਸ਼ਾਦੀਆਂ ਕਰਨ ਦੇ ਢੰਗ ਭਾਵੇਂ ਬਦਲ ਗਏ ਪਰ ਪੁਰਾਣੇ ਰਸਮੋ-ਰਿਵਾਜ ਅੱਜ ਵੀ ਕਾਇਮ

12/17/2018 4:13:54 AM

ਤਰਨਤਾਰਨ,   (ਰਮਨ)-  ਧਰਤੀ ਤੇ ਸਮਾਜ ਚਲਦਾ ਰੱਖਣ ਲਈ ਮਰਦ-ਅੌਰਤ ਦਾ ਮੇਲ-ਮਿਲਾਪ ਇਕ ਕੁਦਰਤੀ ਵਰਤਾਰਾ ਹੈ। ਅੌਰਤ-ਮਰਦ ਵੀ ਇਕੱਠੇ ਰਹਿਣ ਲਈ ਉਨ੍ਹਾਂ ਦਾ ਇਕ ਬੰਧਨ ’ਚ ਬੱਝਣਾ ਜ਼ਰੂਰੀ ਹੈ। ਇਸ ਮਿਲਾਪ ਕਾਰਨ ਹੀ ਸ਼ਾਇਦ ਵਿਆਹ ਦੀ ਰਸਮ ਸ਼ੁਰੂ ਕੀਤੀ ਗਈ ਹੋਵੇਗੀ, ਸਾਡੇ ਵੱਡੇ-ਵਡੇਰਿਆਂ ਨੇ। ਪੁਰਾਣੇ ਸਮਿਅਾਂ ਵਿਚ ਵਿਆਹ ਕਰ ਕੇ ਲਡ਼ਕੇ/ਲਡ਼ਕੀ ਦੀ ਸਹਿਮਤੀ ਤੋਂ ਬਗੈਰ ਵਿਚੋਲੇ ਰਾਹੀਂ ਹੀ ਤਹਿ ਕਰ ਦਿੰਦੇ ਸਨ ਅਤੇ ਉਸ ਵਿਚ ਲਡ਼ਕੇ/ਲਡ਼ਕੀ ਦੀ ਸਹਿਮਤੀ ਜ਼ਰੂਰੀ ਨਹੀਂ ਸੀ ਹੁੰਦੀ। ਪੁਰਾਣੇ ਸਮਿਆਂ ਵਿਚ ਵਿਆਹਾਂ ’ਚ ਲਡ਼ਕੇ ਦੀ ਬਾਰਾਤ ਲਡ਼ਕੀ ਦੇ ਘਰ ਹਫਤਾ ਜਾਂ ਇਸ ਤੋਂ ਵੱਧ ਦਿਨ ਰਹਿੰਦੀ ਸੀ ਅਤੇ ਇਸ ਤਰ੍ਹਾਂ ਕਈ-ਕਈ ਦਿਨ ਰੌਣਕਾਂ ਲੱਗੀਅਾਂ ਰਹਿੰਦੀਅਾਂ ਸਨ। ਬੇਸ਼ੱਕ ਹੁਣ ਵਿਆਹ ਇਕ ਦਿਨ ਵਿਚ ਹੀ ਸਮਾਪਤ ਹੋ ਜਾਂਦੇ ਹਨ ਪਰ ਪੁਰਾਣੇ ਸਮੇਂ ਤੋਂ ਚੱਲੇ ਆ ਰਹੇ ਰੀਤੀ-ਰਿਵਾਜ ਅੱਜ ਵੀ ਪਹਿਲਾਂ ਦੀ ਤਰ੍ਹਾਂ ਪੂਰੇ ਕੀਤੇ ਜਾਂਦੇ ਹਨ, ਭਾਵੇਂ ਸਮੇਂ ਮੁਤਾਬਕ ਇਕ ਆਧੁਨਿਕ ਹੋ ਗਏ ਹਨ। ਵਿਆਹ ਤੋਂ ਕਈ-ਕਈ ਦਿਨ ਪਹਿਲਾਂ ਅੌਰਤਾਂ ਵਿਆਹ ਵਾਲੇ ਘਰ ਇਕੱਠੀਆਂ ਹੋ ਕੇ ਰਾਤ ਦੇ ਸਮੇਂ ਨੱਚਦੀਆਂ/ਟੱਪਦੀਆਂ ਤੇ ਖੌਰੂ ਪਾਉਂਦੀਆਂ ਹਨ। ਜਿਸ ਨੂੰ ਗਾਉਣ ਬਿਠਾਉਣਾ (ਅੱਜਕਲ ਲੇਡੀ ਸੰਗੀਤ) ਕਿਹਾ ਜਾਂਦਾ ਹੈ। ਪਿੰਡਾਂ ਵਿਚ ਇਹ ਰਸਮ ਅਜੇ ਵੀ ਚਲਦੀ ਹੈ, ਜਦਕਿ ਸ਼ਹਿਰਾਂ ਵਿਚ ਕੇਵਲ ਇਕ ਦਿਨ ਦਾ ਲੇਡੀ ਸੰਗੀਤ ਹੀ ਰਹਿ ਗਿਆ ਹੈ। ਇਸ ਰਸਮ ਵਿਚ ਜ਼ਿਆਦਾਤਰ ਵਿਆਹੀਆਂ ਅੌਰਤਾਂ ਹੀ ਸ਼ਰੀਕ ਹੁੰਦੀਆਂ ਹਨ ਤੇ ਕੁਆਰੀਆਂ ਕੁਡ਼ੀਆਂ ਨੂੰ ਦੂਰ ਰੱਖਿਆ ਜਾਂਦਾ ਹੈ, ਕਿਉਂਕਿ ਗੀਤ ਗਾਉਂਦੇ ਸਮੇਂ ਅੌਰਤਾਂ/ਮਰਦ ਦਾ ਰੂਪ ਧਾਰਨ ਕਰ ਕੇ ਕਈ ਵਾਰ (ਜ਼ਿਆਦਾਤਰ) ਅਸ਼ਲੀਲਤਾ ਦੀਆਂ ਹੱਦਾਂ ਪਾਰ ਕਰ ਜਾਂਦੀਆਂ ਹਨ। ਲਡ਼ਕੇ ਦੇ ਵਿਆਹ ’ਤੇ ਘੋਡ਼ੀਆਂ ਤੇ ਲਡ਼ਕੀ ਦੇ ਵਿਆਹ ’ਤੇ ਸੁਹਾਗ ਗਾਏ ਜਾਂਦੇ ਹਨ :
‘ਹਰੀਏ ਨੀ ਰਸ ਭਰੀਏ ਖਜ਼ੂਰੇ ਕਿੰਨੇ ਦਿੱਤਾ ਏਨੀ ਦੂਰ, ਬਾਬਲ ਤਾਂ ਮੇਰਾ ਕਈ ਦੇਸਾਂ ਦਾ ਰਾਜਾ, ਓਨੇ ਦਿੱਤਾ ਇੰਨੀ ਦੂਰ’ 
ਵੱਡੇ ਸ਼ਹਿਰਾਂ ’ਚ ਇਸ ਰਸਮ ਨੂੰ ਕੋਈ ਨਾਮੀ-ਗਰਾਮੀ ਗਾਇਕਾਂ ਨੂੰ ਬੁਲਾ ਕੇ ਜਾਂ ਡੀ. ਜੇ. ’ਤੇ ਹੀ ਗੀਤ-ਸੰਗੀਤ ਲਾ ਕੇ ਨੱਚ/ਟੱਪ ਕੇ ਰਸਮ ਪੂਰੀ ਕਰ ਲਈ ਜਾਂਦੀ ਹੈ।
ਵਿਆਹ ਤੋਂ ਇਕ ਦਿਨ ਪਹਿਲਾਂ ਮੁਹੱਲੇ/ਗਲੀ ਵਿਚ ਭਾਝੀ ਵੰਡਣ ਦੀ ਰਸਮ ਕੀਤੀ ਜਾਂਦੀ ਹੈ । ਜਿਸ ਵਿਚ ਵਿਆਹ ਵਾਲਾ ਪਰਿਵਾਰ ਖੁਸ਼ੀ ਨਾਲ ਪਤਾਸੇ/ਹੱਥ ਨਾਲ ਤਿਆਰ ਕੀਤੇ  ਲੱਡੂ, ਵੱਡੇ ਅਾਕਾਰ ਦੇ ਪੀਲੇ ਅਤੇ ਸਤਰੰਗੀ ਲੱਡੂ ਵੰਡੇ ਜਾਂਦੇ ਹਨ। ਸ਼ਹਿਰਾਂ ਵਿਚ ਮੱਠੇ ਵੰਡਣ ਦਾ ਵੀ ਰਿਵਾਜ ਹੈ । ਵਿਆਹ ਵਾਲੇ ਦਿਨ ਲਡ਼ਕੇ ਨੂੰ ਬੁਲਾ ਕੇ/ਗਾਨਾ ਬੰੰਨ੍ਹ ਕੇ ਉਸ ਤੋਂ ਚੱਪਣੀਆਂ ਤੁਡ਼ਾਈਆਂ ਜਾਂਦੀਆਂ ਹਨ । ਬਾਅਦ ਵਿਚ ਲਾਡ਼ੇ ਸਮੇਤ ਬਰਾਤੀ ਲਡ਼ਕੀ ਦੇ ਘਰ ਲਈ ਰਵਾਨਾ ਹੁੰਦੇ ਹਨ। ਵਿਆਹ ਵਾਲੇ ਦਿਨ ਲਡ਼ਕੀ ਨੂੰ ਇਸ਼ਨਾਨ ਕਰਵਾਉਣ ਤੋਂ ਪਹਿਲਾਂ ਵੱਟਣਾ ਵੱਟ ਕੇ ਨੁਹਾਇਆ ਜਾਂਦਾ ਹੈ। ਬਾਅਦ ਵਿੱਚ ਉਸ ਨੂੰ ਫੁਲਕਾਰੀ ਨਾਲ ਢੱਕ ਕੇ ਮਾਮਾ ਉਸ ਨੂੰ ਆਸ਼ੀਰਵਾਦ ਦਿੰਦਾ ਹੈ। ਇਸ ਤਰ੍ਹਾਂ ਉਸ ਨੂੰ ਅਨੰਦ ਕਾਰਜ ’ਤੇ ਬਿਠਾਉਣ ਲਈ ਕਈ ਵਾਰੀ ਮਾਮਾ ਚੁੱਕ ਕੇ ਲਿਜਾਂਦਾ ਹੈ। ਅਨੰਦ ਕਾਰਜ ਦੀ ਰਸਮ ਗੁਰਦਵਾਰੇ ਦਾ ਗ੍ਰੰਥੀ ਕਰਵਾਉਂਦਾ ਹੈ। ਉਪਰੰਤ ਲਡ਼ਕੇ ਦੇ ਕਿਸੇ ਦੌਸਤ/ਗਾਇਕ ਵਲੋਂ ਸਿਹਰਾ ਪਡ਼੍ਹਿਆ ਜਾਂਦਾ ਹੈ। ਜਦ ਕਿ ਲਡ਼ਕੀ ਦੀ ਕਿਸੇ ਸਹੇਲੀ ਵਲੋਂ ਸਿੱਖਿਆ ਪਡ਼੍ਹੀ ਜਾਂਦੀ ਹੈ। ਬਾਅਦ ’ਚ ਚਾਹ-ਪਾਣੀ (ਰੋਟੀ ਪਾਣੀ ਛਕਣ ਤੋਂ ਬਾਅਦ ਅਤੇ ਡੋਲੀ ਤੋਰਨ ਤੋਂ ਪਹਿਲਾਂ ਪਲੰਘ ’ਤੇ ਬੈਠਣ ਦੀ ਰਸਮ ਹੁੰਦੀ ਹੈ। ਲਡ਼ਕੀ ਤੇ ਲਡ਼ਕੇ ਨੂੰ ਪਲੰਘ/ਸੋਫੇ/ਕੁਰਸੀਆਂ ’ਤੇ ਬਿਠਾ ਕੇ ਆਪਸ ਵਿੱਚ ਮੂੰਹ-ਮਿੱਠਾ ਕਰਵਾਉਂਦੇ ਹਨ। ਲਡ਼ਕੇ ਦੀਅਾਂ ਸਾਲੀਅਾਂ /ਕੁਆਰੀਆਂ ਕੁਡ਼ੀਆਂ ਉਸ ਨੂੰ ਛੰਦ ਸੁਨਾਉਣ ਨੂੰ ਕਹਿੰਦੀਆਂ ਹਨ , ਜੋ ਕਿ ਲਡ਼ਕੇ ਦੇ ਦੌਸਤ ਉਸ ਨੂੰ 15 ਦਿਨ ਪਹਿਲਾਂ ਹੀ ਰਟਾ ਦਿੰਦੇ ਹਨ :
 ‘ਛੰਦ ਪਰਾਗੇ ਆਈਏ-ਜਾਈਏ ਛੰਦ ਪਰਾਗੇ ਤੀਲ, ਸੱਸ ਮੇਰੀ ਪੂਨਮ ਢਿੱਲੋਂ ਸਹੁਰਾ ਮੇਰੀ ਨੀਲ’  
 ®ਡੋਲੀ ਤੋਰਨ ਵੇਲੇ ਬਾਕੀ ਰਸਮਾਂ ਤੋਂ ਇਲਾਵਾ ਲਡ਼ਕੀ ਦੇ ਭਰਾ ਕਾਰ ਨੂੰ ਧੱਕਾ ਮਾਰ ਕੇ ਵਿਦਾ ਕਰਦੇ ਹਨ। ਵਿਆਹ ਤੋਂ ਬਾਅਦ ਲਡ਼ਕੇ ਘਰ ਪਹੁੰਚਣ ਤੇ ਲਡ਼ਕੇ ਦੀ ਮਾਤਾ ਜੋਡ਼ੇ ਤੋਂ ਪਾਣੀ ਵਾਰ ਕੇ ਖੁਦ ਪੀਂਦੀ ਹੈ। ਵਿਆਹ ਤੋਂ ਅਗਲੇ ਦਿਨ ਪਿੰਡ ’ਚ ਆਪਣੇ ਸਾਕ-ਸਬੰਧੀਆਂ ਨੂੰ ਰੋਟੀ ਖੁਆਉਣ ਦਾ ਇਕ ਰਿਵਾਜ ਹੈ। ਇਸ ਮੌਕੇ ਪਿੰਡ ਦੇ ਵਿਅਕਤੀ ਲਾਲ ਪਰੀ ਕੁਝ ਵਧੇਰੇ ਛੱਕ ਜਾਂਦੇ ਹਨ ਅਤੇ ਪਹਿਲਾਂ ਤੋਂ ਚਲਦੀ ਲਾਗ ਡਾਟ ਕਰਕੇ ਖਡ਼ਕਾ-ਖਡ਼ਕੀ ਹੋ ਜਾਂਦੀ ਹੈ। ਇਸੇ ਤਰ੍ਹਾਂ ਵਿਆਹ ਤੋਂ ਅਗਲੇ ਦਿਨ ਲਡ਼ਕੇ/ਲਡ਼ਕੀ ਨੂੰ ਇੱਕਠਿਅਾਂ ਬਿਠਾ ਕੇ ਇੱਕ ਥਾਲੀ ਵਿਚ ਕੱਚੀ ਲੱਸੀ ਪਾ ਕੇ ਅਤੇ ਕੋਈ ਮੁੰਦੀ/ਛੱਲਾ ਉਸ ਵਿੱਚ ਸੁੱਟ ਕੇ ਲਡ਼ਕੇ/ਲਡ਼ਕੀ ਨੂੰ ਲੱਭਣ ਲਈ ਕਿਹਾ ਜਾਂਦਾ ਹੈ। ਜਿਹਡ਼ਾ ਪਹਿਲਾਂ ਲੱਭ ਲਵੇ ਉਸ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ। ਇਸ ਨੂੰ ਕਲੀਰੇ ਖੇਡਣ ਦੀ ਰਸਮ ਵੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਲਡ਼ਕੀ/ਲਡ਼ਕੇ ਨੂੰ ਆਪਣੀ ਜ਼ਿੰਦਗੀ ਵਿਚ ਇੱਕ-ਮਿਕ ਕਰਨ ਲਈ ਖਿਚਡ਼ੀ-ਘਿਓ ਖੁਆਇਆ ਜਾਂਦਾ ਹੈ ਤਾਂ ਕਿ ਉਨ੍ਹਾਂ ਦੀ ਜ਼ਿੰਦਗੀ ਘਿਓ-ਖਿਚਡ਼ੀ ਵਾਂਗ ਰਚ-ਮਿਚ ਜਾਵੇ। ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਕੱਢਣ ਦਾ ਰਿਵਾਜ ਪ੍ਰਚਲਿਤ ਹੈ, ਕਿਉਂਕਿ ਇਸ ਰਸਮ ਵਿਚ ਅੌਰਤਾਂ ਸਿਰ ’ਤੇ ਗਾਗਰ ਰੱਖ ਕੇ ਉਸ ਉਪਰ ਇਕ ਹੋਰ ਬਰਤਨ ਵਿਚ ਗੁੰਨਿਆ ਆਟਾ ਰੱਖ ਕੇ ਵਿੱਚ ਦੀਵੇ/ਮੋਮਬੱਤੀ ਬਾਲ ਕੇ ਗਾਉਂਦੀਆਂ ਹੋਈਆਂ ਮੁਹੱਲੇ ਦਾ ਚੱਕਰ ਕੱਢਦੀਆਂ ਹਨ, ਜਾਣ-ਪਛਾਣ ਵਾਲੇ ਜਾਂ ਰਿਸ਼ਤੇਦਾਰ ਘਰ ਆਪਣੇ ਘਰ ਬੁਲਾਉਂਦੇ ਹਨ ਅਤੇ ਸ਼ਗਨ ਦੀ ਰਸਮ ਵੀ ਅਦਾ ਕਰਦੇ ਹਨ। ਰਸਤੇ ਵਿਚ ਖੁਸ਼ੀ ਵਿੱਚ ਮਸਤ ਹੋਈਆਂ ਅੌਰਤਾਂ/ਲਡ਼ਕੀ ਸੁੱਤੇ ਪਏ ਮਰਦਾਂ ਦੇ ਮੰਜੇ ਮੂਧੇ ਕਰਦੀਆਂ ਹੋਈਆਂ ਗਾਉਂਦੀਆਂ ਹੋਈਆਂ ਅੱਗੇ ਤੁਰੀ ਜਾਂਦੀਆਂ ਹਨ।  ਇਹ ਰਸਮ ਜ਼ਿਆਦਾ ਪ੍ਰਚਲਿਤ ਹੈ, ਤੇ ਪਹਿਲਾਂ ਦੀ ਤਰ੍ਹਾਂ ਨਵੇ ਅੰਦਾਜ਼ ਵਿੱਚ ਮਨਾਈ ਜਾਂਦੀ ਹੈ :
 “ਛਾਵਾ ਬਈ ਹੁਣ ਜਾਗੋ ਆਈ ਆ, ਬੱਲੇ ਬਈ ਹੁਣ ਜਾਗੋ ਆਈ ਆ” 
 “ਗੁਅਾਂਢੀਓ ਜਾਗਦੇ ਕੇ ਸੁੱਤੇ”
 


Related News