ਔਰਤ ਦੀਆਂ ਵਾਲੀਆਂ ਖੋਹਣ ਵਾਲੇ ਦੋ ਲੁੱਟੇਰਿਆਂ ਨੂੰ ਪੁਲਸ ਨੇ ਕੀਤਾ ਕਾਬੂ, ਮੋਟਰਸਾਈਕਲ ਵੀ ਹੋਇਆ ਬਰਾਮਦ
Thursday, May 04, 2023 - 06:26 PM (IST)

ਪਠਾਨਕੋਟ (ਸ਼ਾਰਦਾ)- ਪਠਾਨਕੋਟ ਪੁਲਸ ਨੇ ਇੱਕ ਤਿੱਖੀ ਕਾਰਵਾਈ ਕਰਦੇ ਹੋਏ ਸ਼ਹਿਰ 'ਚ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਬਦਨਾਮ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਦੋਂ ਪੀੜਤਾ ਨੀਲਮ ਕੁਮਾਰੀ ਦੁਪਹਿਰ ਦਾ ਖਾਣਾ ਖਾਣ ਲਈ ਘਰ ਜਾ ਰਹੀ ਸੀ ਤਾਂ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਸਵਾਰ ਦੋ ਮੁੰਡਿਆਂ ਨੇ ਉਸ ਨੂੰ ਨਿਸ਼ਾਨਾ ਬਣਾਇਆ। ਇਕ ਮੁੰਡੇ ਨੇ ਝਪਟਮਾਰ ਕੀਤੀ ਅਤੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸਦੀ 4 ਗ੍ਰਾਮ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਸਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰੋਬਿਨ ਅਤੇ ਵਿਸ਼ਾਲ ਵਾਸੀ ਸੁਜਾਨਪੁਰ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ, ਜਿਨ੍ਹਾਂ ਨੂੰ ਪਠਾਨਕੋਟ ਪੁਲਸ ਨੇ ਕਾਬੂ ਕਰ ਲਿਆ ਹੈ। ਚੋਰਾਂ ਵੱਲੋਂ ਚੋਰੀ ਕੀਤਾ ਸੋਨਾ ਅਤੇ ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਕਿਸਾਨ ਭਲਾਈ ਵਿਭਾਗ ਦੀ ਚੰਗੀ ਪਹਿਲਕਦਮੀ, ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚੋਗਾਵਾਂ ਤੋਂ ਕੀਤੀ ਸ਼ੁਰੂਆਤ
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਠਾਨਕੋਟ ਦੇ ਸੀਨੀਅਰ ਪੁਲਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਛੋਟੇ ਅਪਰਾਧਾਂ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਜ਼ਿਲ੍ਹੇ ਦੀ ਹਰ ਸਬ-ਡਵੀਜ਼ਨ ਵਿੱਚ ਪੁਲਸ ਦੀਆਂ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 24 ਘੰਟੇ ਚੌਕਸੀ ਬਣਾਈ ਰੱਖਣ ਲਈ ਸਾਰੇ ਪ੍ਰਮੁੱਖ ਅਤੇ ਮਹੱਤਵਪੂਰਨ ਪੁਆਇੰਟਾਂ ਨੂੰ ਉੱਚ ਤਕਨੀਕ ਵਾਲੇ ਸੀਸੀਟੀਵੀ ਕੈਮਰਿਆਂ ਨਾਲ ਲੈਸ ਕੀਤਾ ਗਿਆ ਹੈ। ਉਕਤ ਘਟਨਾ ਦੇ ਸਬੰਧ ਵਿੱਚ ਡੀ.ਐੱਸ.ਪੀ ਸਿਟੀ ਲਖਵਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਥਾਣਾ ਡਵੀਜ਼ਨ ਨੰਬਰ 2 ਦੀ ਐੱਸ.ਐੱਚ.ਓ.ਦੀ ਅਗਵਾਈ ਵਾਲੀ ਟੀਮ ਨੇ ਥਾਣਾ ਸਦਰ ਵਿਖੇ ਚੋਰੀ ਦੀ ਘਟਨਾ ਦੀ ਸੂਚਨਾ ਮਿਲਣ ’ਤੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਦੇ 13 ਮੈਂਬਰ ਗ੍ਰਿਫ਼ਤਾਰ
ਪੁਲਸ ਟੀਮ ਨੇ ਦੋਸ਼ੀਆਂ ਦੀ ਪਛਾਣ ਕਰਨ ਲਈ ਆਸ-ਪਾਸ ਦੇ ਸਾਰੇ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ । ਡਿਜੀਟਲ ਨਿਸ਼ਾਨਾਂ ਦੀ ਪਾਲਣਾ ਅਤੇ ਬੁਨਿਆਦੀ ਪੁਲਿਸਿੰਗ ਤਕਨੀਕਾਂ ਦੀ ਵਰਤੋਂ ਕਰਨ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਫੜਿਆ ਗਿਆ ਹੈ। ਪੁਲਸ ਪਾਰਟੀ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਵਾਰਦਾਤ ਲਈ ਵਰਤਿਆ ਮੋਟਰਸਾਈਕਲ (ਸਪਲੇਂਡਰ) ਬਰਾਮਦ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਧਾਰਾ 379-ਬੀ ਅਤੇ 34 ਆਈ.ਪੀ.ਸੀ ਤਹਿਤ ਥਾਣਾ ਡਵੀਜ਼ਨ ਨੰਬਰ 02 ਪਠਾਨਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸਐਸਪੀ ਖੱਖ ਨੇ ਜਾਂਚ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ, ਅਸੀਂ ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਵਚਨਬੱਧ ਹਾਂ ਅਤੇ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਡੀ ਟੀਮ ਨੇ ਇਸ ਕੇਸ ਨੂੰ ਸੁਲਝਾਉਣ ਅਤੇ ਮੁਲਜ਼ਮਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਅਣਥੱਕ ਮਿਹਨਤ ਕੀਤੀ ਹੈ। ਮੁਲਜ਼ਮ ਰੋਬਿਨ ਅਤੇ ਵਿਸ਼ਾਲ ਨੂੰ ਪੁਲਸ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪਾਕਿ ਜੇਲ੍ਹ ’ਚ ਬੰਦ ਭਾਰਤੀ ਕੈਦੀ ਦੀ ਹੋਈ ਮੌਤ, ਮ੍ਰਿਤਕ ਦੇਹ ਨੂੰ ਲਿਆਂਦਾ ਵਤਨ
ਧਿਆਨ ਯੋਗ ਹੈ ਕਿ ਮੀਸ ਮੰਡੀ ਸੁਜਾਨਪੁਰ ਦੇ ਰਹਿਣ ਵਾਲੇ ਰੋਬਿਨ ਤੇ ਪਹਿਲਾਂ ਵੀ ਸੁਜਾਨਪੁਰ ਪਠਾਨਕੋਟ ਪੁਲਸ ਸਟੇਸ਼ਨ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 379 ਅਤੇ 411 ਦੇ ਤਹਿਤ ਮੁਕੱਦਮ ਦਰਜ ਹੈ ਅਤੇ ਇਸ ਤੋਂ ਇਲਾਵਾ, ਉਹ ਡਿਵੀਜ਼ਨ ਨੰਬਰ 2 ਪੁਲਸ ਸਟੇਸ਼ਨ ਵਿਖੇ ਐੱਫ਼ਆਈਆਰ ਨੰਬਰ 131, ਮਿਤੀ 02.08.2022 ਵਿਚ ਦਰਸਾਏ ਅਨੁਸਾਰ ਜੇਲ੍ਹ ਐਕਟ ਦੀ ਧਾਰਾ 46 ਦੇ ਤਹਿਤ ਵੀ ਪੁਲਸ ਨੂੰ ਲੋੜੀਂਦਾ ਸੀ। ਐੱਸਐੱਸਪੀ ਖੱਖ ਨੇ ਅੱਗੇ ਕਿਹਾ ਕਿ ਪਠਾਨਕੋਟ ਪੁਲਸ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਜ਼ਿਲ੍ਹੇ ਵਿੱਚ ਵਾਪਰੀਆਂ ਲੁੱਟਾਂ-ਖੋਹਾਂ ਦੀਆਂ ਹਰ ਵਾਰਦਾਤਾਂ ਨੂੰ ਸਫ਼ਲਤਾਪੂਰਵਕ ਟਰੇਸ ਕੀਤਾ ਹੈ। ਇਹ ਗ੍ਰਿਫ਼ਤਾਰੀ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਉਹ ਕਾਨੂੰਨ ਤੋਂ ਨਹੀਂ ਬਚਣਗੇ। ਪਠਾਨਕੋਟ ਪੁਲਸ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰਦੀ ਰਹੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।