ਚੋਰਾਂ ਦੇ ਹੌਂਸਲੇ ਬੁਲੰਦ, 24 ਘੰਟੇ ਲਗਦੇ ਨਾਕੇ ਸਾਹਮਣੇ ਹੋਈ ਹਥਿਆਰਾਂ ਦੀ ਚੋਰੀ

Thursday, Feb 29, 2024 - 02:56 PM (IST)

ਤਰਨਤਾਰਨ (ਰਮਨ ਚਾਵਲਾ)- ਲੁੱਟਾਂ-ਖੋਹਾਂ, ਚੋਰੀ ਅਤੇ ਧਮਕੀਆਂ ਦਿੰਦੇ ਹੋਏ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਦਿਨ-ਬ- ਦਿਨ ਵੱਧਦੀਆਂ ਜਾ ਰਹੀਆਂ ਹਨ। ਜਿਸ ਨੂੰ ਕੰਟਰੋਲ ਕਰਨ ਵਿਚ ਪੁਲਸ ਪ੍ਰਸ਼ਾਸਨ ਨਾਕਾਮ ਨਜ਼ਰ ਆ ਰਿਹਾ ਹੈ। ਇਨ੍ਹਾਂ ਵੱਧ ਰਹੀਆਂ ਵਾਰਦਾਤਾਂ ਨੇ ਲੋਕਾਂ ਦੀ ਜਿੱਥੇ ਨੀਂਦ ਹਰਾਮ ਕਰ ਦਿੱਤੀ ਹੈ ਉਥੇ ਹੀ ਵਪਾਰੀਆਂ ਦਾ ਘਰਾਂ ਤੋਂ ਬਾਹਰ ਜਾ ਕੰਮ ਕਰਨਾ ਮੁਸ਼ਕਿਲ ਹੋ ਚੁੱਕਾ ਹੈ। ਅੰਮ੍ਰਿਤਸਰ ਬਾਈਪਾਸ ਚੌਂਕ ਵਿਚ ਪੁਲਸ ਦੇ ਲੱਗਦੇ 24 ਘੰਟੇ ਨਾਕੇ ਦੇ ਸਾਹਮਣੇ ਹੋਈ ਹਥਿਆਰਾਂ ਦੀ ਚੋਰੀ ਨੇ ਪੁਲਸ ਦੇ ਕੀਤੇ ਜਾਣ ਵਾਲੇ ਦਾਅਵਿਆਂ ਦੀ ਜਿੱਥੇ ਫੂਕ ਕੱਢ ਕੇ ਰੱਖ ਦਿੱਤੀ ਹੈ ਉਥੇ ਹੀ ਜ਼ਿਲ੍ਹੇ ਭਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਹਥਿਆਰਾਂ ਦੀ ਚੋਰੀ ਕਰਨ ਵਾਲੇ ਵਿਅਕਤੀ ਗੈਂਗਸਟਰ ਜਾਂ ਕੋਈ ਹੋਰ ਮਾੜੇ ਅਨਸਰ ਸਨ, ਦੀ ਪੁਲਸ ਵੱਲੋਂ ਭਾਲ ਕਰਨਾ ਬੜੀ ਵੱਡੀ ਚੁਣੌਤੀ ਬਣ ਚੁੱਕੀ ਹੈ।

ਇਹ ਵੀ ਪੜ੍ਹੋ : ਪੇਪਰ ਦੇ ਕੇ ਘਰ ਪਰਤ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, ਇਕ ਦੀ ਦਰਦਨਾਕ ਮੌਤ, 2 ਗੰਭੀਰ ਜ਼ਖ਼ਮੀ

ਜ਼ਿਲ੍ਹੇ ਭਰ ਵਿਚ ਰੋਜ਼ਾਨਾ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਆਪਣਾ ਗਰਾਫ ਵਧਾਉਂਦੀਆਂ ਨਜ਼ਰ ਆ ਰਹੀਆਂ ਹਨ ਪਰ ਪੁਲਸ ਪ੍ਰਸ਼ਾਸਨ ਵੱਲੋਂ ਇਸ ਉੱਪਰ ਨਕੇਲ ਪਾਉਣਾ ਲੋਕਾਂ ਲਈ ਸਮਝ ਤੋਂ ਬਾਹਰ ਨਜ਼ਰ ਆ ਰਿਹਾ ਹੈ। ਅੰਮ੍ਰਿਤਸਰ ਬਾਈਪਾਸ ਚੌਕ ਵਿਖੇ ਮੌਜੂਦ ਮੀਤ ਗੰਨ ਹਾਊਸ ਦੇ ਮਾਲਕ ਮਨਮੀਤ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਦੀਪ ਐਵੀਨਿਓ ਤਰਨਤਰਨ ਨੇ ਦੱਸਿਆ ਕਿ ਅੱਜ ਦੁਪਹਿਰ ਜਦੋਂ ਉਹ ਆਪਣੇ ਗੰਨ ਹਾਊਸ ਨੂੰ ਖੋਲ੍ਹ ਕੇ ਅੰਦਰ ਦਾਖਲ ਹੋਇਆ ਤਾਂ ਉਸਨੇ ਵੇਖਿਆ ਕਿ ਲੋਹੇ ਦੀ ਅਲਮਾਰੀ ਟੁੱਟੀ ਪਈ ਸੀ, ਜਿਸ ’ਚੋਂ ਸਟਰਾਂਗ ਰੂਮ ਦੀਆਂ ਚਾਬੀਆਂ ਚੋਰੀ ਕਰਦੇ ਹੋਏ ਕਮਰੇ ਅੰਦਰ ਮੌਜੂਦ ਵੱਖ-ਵੱਖ ਕਿਸਮ ਦੇ 22 ਹਥਿਆਰਾਂ ਤੋਂ ਇਲਾਵਾ 58 ਕਾਰਤੂਸ ਚੋਰੀ ਹੋ ਚੁੱਕੇ ਸਨ । ਜਦ ਕਿ ਇਕ ਰਾਈਫਲ ਦੁਕਾਨ ਦੀ ਛੱਤ ’ਤੇ ਬਰਾਮਦ ਕੀਤੀ ਗਈ ਜੋ ਚੋਰ ਨਾਲ ਲਿਜਾਂਦੇ ਸਮੇਂ ਰਸਤੇ ਵਿਚ ਛੱਡ ਗਏ। ਮਨਮੀਤ ਸਿੰਘ ਨੇ ਦੱਸਿਆ ਕਿ ਉਸ ਦੇ ਨਾਲ ਵਾਲੀਆਂ ਦੁਕਾਨਾਂ ਜੋ ਖਾਲੀ ਹਨ, ਨੂੰ ਵਾਰੀ-ਵਾਰੀ ਸੰਨ ਲਗਾਉਂਦੇ ਹੋਏ ਚੋਰ ਉਸਦੇ ਗੰਨ ਹਾਊਸ ਅੰਦਰ ਦਾਖ਼ਲ ਹੋਏ ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਇਸ ਵਾਰਦਾਤ ਨੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮੌਕੇ ’ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਬਾਈਪਾਸ ਚੌਂਕ ਤਰਨਤਰਨ ਜਿੱਥੇ 24 ਘੰਟੇ ਪੁਲਸ ਦਾ ਹਾਈ ਟੇਕ ਨਾਕਾ ਲੱਗਾ ਹੁੰਦਾ ਹੈ ਦੇ ਸਾਹਮਣੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਪੁਲਸ ਲਈ ਬੜੀ ਸ਼ਰਮਨਾਕ ਗੱਲ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਥਿਆਰਾਂ ਨੂੰ ਮੁਲਜ਼ਮਾਂ ਵੱਲੋਂ ਕਿਸ ਕੰਮ ਲਈ ਵਰਤਿਆ ਜਾਵੇਗਾ ਅਤੇ ਇਸ ਨਾਲ ਕਿਹੜੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇਗਾ, ਦਾ ਪੁਲਸ ਨੂੰ ਜਲਦ ਤੋਂ ਜਲਦ ਪਤਾ ਲਗਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ : ਸੁਖਬੀਰ ਬਾਦਲ ਤੇ ਸੈਣੀ ਨੇ ਸਿਆਸੀ ਲਾਹਾ ਲੈਣ ਲਈ ਰਚੀ ਸਾਜ਼ਿਸ਼, SIT ਨੇ ਕੀਤਾ ਦਾਅਵਾ

ਬੀਤੇ ਸਮੇਂ ਦੌਰਾਨ ਤਰਨਤਾਰਨ ਵਿਚ ਹੋਈਆਂ ਵੱਡੀਆਂ ਵਾਰਦਾਤਾਂ ਨੂੰ ਪੁਲਸ ਹੱਲ ਕਰਨ ਵਿਚ ਨਾਕਾਮ ਸਾਬਤ ਹੋਈ ਹੈ। ਜਾਣਕਾਰੀ ਦੇ ਅਨੁਸਾਰ ਬੀਤੇ ਕੁਝ ਮਹੀਨੇ ਪਹਿਲਾਂ ਸਥਾਨਕ ਦੀਪ ਐਵਨਿਊ ਵਿਖੇ ਸਾਬਕਾ ਕੌਂਸਲਰ ਸਵਿੰਦਰ ਸਿੰਘ ਅਰੋੜਾ ਦੇ ਘਰ ਵਿਚ ਪੰਜ ਅਣਪਛਾਤੇ ਵਿਅਕਤੀਆਂ ਵੱਲੋਂ ਡਾਕਾ ਮਾਰਨ ਦੀ ਨੀਅਤ ਨਾਲ ਦਸਤਕ ਦਿੱਤੀ ਗਈ ਸੀ, ਜਿਨ੍ਹਾਂ ਵੱਲੋਂ ਹਵਾਈ ਫਾਇਰ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੂੰ ਲੁੱਟ ਦਾ ਨਿਸ਼ਾਨਾ ਵੀ ਬਣਾਇਆ ਗਿਆ ਪ੍ਰੰਤੂ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਦੀ ਹਿੰਮਤ ਨੂੰ ਵੇਖਦੇ ਹੋਏ ਲੁਟੇਰੇ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ ਜਿਨ੍ਹਾਂ ਨੂੰ ਪੁਲਸ ਅੱਜ ਤੱਕ ਗ੍ਰਿਫ਼ਤਾਰ ਨਹੀਂ ਕਰ ਪਾਈ ਹੈ।

ਇਸੇ ਤਰ੍ਹਾਂ ਬੀਤੀ 3 ਜਨਵਰੀ ਜੰਡਿਆਲਾ ਰੋਡ ਤਰਨਤਰਨ ਵਿਖੇ ਮੌਜੂਦ ਇਕ ਪੈਟਰੋਲ ਪੰਪ ਮਾਲਕ ਨੂੰ ਅੱਧੀ ਦਰਜਨ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਗੋਲੀ ਮਾਰਦੇ ਹੋਏ ਲੱਖਾਂ ਰੁਪਏ ਦੀ ਲੁੱਟ ਦਾ ਸ਼ਿਕਾਰ ਬਣਾ ਲਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਭਾਲ ਪੁਲਸ ਵੱਲੋਂ ਸ਼ੁਰੂ ਕੀਤੀ ਗਈ ਪ੍ਰੰਤੂ ਅੱਜ ਤੱਕ ਕਾਬੂ ਨਹੀਂ ਹੋ ਪਾਏ। ਇਸੇ ਤਰ੍ਹਾਂ ਸ਼ਹਿਰ ਵਿਚ ਰੋਜ਼ਾਨਾ ਲੋਕਾਂ ਦੇ ਮੋਬਾਈਲ ਖੋਹਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨੂੰ ਰੋਕਣ ਵਿਚ ਪੁਲਸ ਅਸਫ਼ਲ ਸਾਬਤ ਹੋ ਰਹੀ ਹੈ।

ਇਹ ਵੀ ਪੜ੍ਹੋ :  ਸ਼ਰਾਰਤ ਨਾਲ ਗੁਪਤ ਅੰਗ ਰਾਹੀਂ ਢਿੱਡ ’ਚ ਭਰੀ ਹਵਾ, ਵਿਅਕਤੀ ਦੀ ਦਰਦਨਾਕ ਮੌਤ

ਲੋਕਾਂ ਦਾ ਘਰਾਂ ਵਿਚ ਰਹਿਣਾ ਹੋਇਆ ਮੁਸ਼ਕਿਲ: ਲਾਲੀ ਵਸੀਕਾ

ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਸਰਬਜੀਤ ਸਿੰਘ ਲਾਲੀ ਵਸੀਕਾ ਨੇ ਦੱਸਿਆ ਕਿ ਉਨ੍ਹਾਂ ਦੀ ਧਰਮ ਪਤਨੀ ਅੱਜ ਸ਼ਾਮ ਕਰੀਬ 7 ਵਜੇ ਜਦੋਂ ਬਾਜ਼ਾਰ ਤੋਂ ਘਰ ਦੀਪ ਐਵੀਨਿਊ ਨਜ਼ਦੀਕ ਗੁਰਦੁਆਰਾ ਲਕੀਰ ਸਾਹਿਬ ਵਿਖੇ ਪੁੱਜੇ ਤਾਂ ਆਟੋ ਨੂੰ ਪੈਸੇ ਦੇਣ ਸਮੇਂ ਉਨ੍ਹਾਂ ਦੇ ਹੱਥ ਵਿਚ ਫੜਿਆ ਹੋਇਆ ਪਰਸ ਇਕ ਮੋਟਰਸਾਈਕਲ ਸਵਾਰ ਲੁਟੇਰੇ ਵੱਲੋਂ ਝਪਟ ਲਿਆ ਗਿਆ ਜੋ ਵੇਖਦੇ ਹੀ ਵੇਖਦੇ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਸਰਬਜੀਤ ਸਿੰਘ ਲਾਲੀ ਨੇ ਦੱਸਿਆ ਕਿ ਪਰਸ ਵਿਚ ਕਰੀਬ ਸਾਢੇ ਸੱਤ ਹਜ਼ਾਰ ਰੁਪਏ ਨਕਦ, ਜ਼ਰੂਰੀ ਕਾਗਜ਼ਾਤ ਅਤੇ ਕੀਮਤੀ ਮੋਬਾਈਲ ਫੋਨ ਮੌਜੂਦ ਸੀ। ਲਾਲੀ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਤੋਂ ਲੋਕ ਬਹੁਤ ਪਰੇਸ਼ਾਨ ਹਨ ਜਿਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਚੁੱਕਾ ਹੈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ ਐੱਸ ਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਪੁਲਸ ਵੱਲੋਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਿਸ ਸਬੰਧੀ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News