ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪੀ ਜਾਵੇਗੀ ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ ਦੇ ਵਿਵਾਦ ਦੀ ਬੰਦ ਲਿਫ਼ਾਫ਼ਾ ਰਿਪੋਰਟ
Thursday, Feb 16, 2023 - 10:44 AM (IST)
ਅੰਮ੍ਰਿਤਸਰ (ਛੀਨਾ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ ਦੇ ਵਿਵਾਦ ਨੂੰ ਹੱਲ ਕਰਨ ਵਾਸਤੇ ਬਣਾਈ ਗਈ ਕਮੇਟੀ ਦੀ ਅਹਿਮ ਮੀਟਿੰਗ ਬੀਤੇ ਦਿਨ ਡੇਰਾ ਸੰਤ ਬਾਬਾ ਭੂਰੀ ਵਾਲਾ ਵਿਖੇ ਹੋਈ, ਜਿਸ ਵਿਚ ਗਿਆਨੀ ਗੁਰਮਿੰਦਰ ਸਿੰਘ, ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਮਹੰਤ ਚਮਕੌਰ ਸਿੰਘ, ਮਹੰਤ ਸੁਰਿੰਦਰ ਸਿੰਘ ਮਿੱਠਾ ਟਿਵਾਣਾ ਵਾਲੇ, ਸੰਤ ਤੇਜਾ ਸਿੰਘ ਖੁੱਡਾ ਕਲਾਂ ਤੇ ਕੋਆਰਡੀਨੇਟਰ ਗੁਰਮੀਤ ਸਿੰਘ ਸ਼ਾਮਲ ਹੋਏ।
ਮੀਟਿੰਗ ’ਚ ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ ਦੇ ਮਾਮਲੇ ’ਚ ਲੰਮੀ ਵਿਚਾਰ ਚਰਚਾ ਕਰਨ ਤੋਂ ਬਾਅਦ ਕੋਆਰਡੀਨੇਟਰ ਗੁਰਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇ. ਗਿਆਨੀ ਹਰਪ੍ਰੀਤ ਸਿੰਘ ਵਲੋਂ ਬਣਾਈ ਗਈ ਕਮੇਟੀ ਨੇ ਆਪਣੀ ਰਿਪੋਰਟ ਤਿਆਰ ਕਰ ਲਈ ਹੈ ਤੇ ਇਹ ਬੰਦ ਲਿਫ਼ਾਫ਼ਾ ਰਿਪੋਰਟ ਜਥੇਦਾਰ ਸਾਹਿਬ ਨੂੰ ਸੌਂਪੀ ਜਾਵੇਗੀ, ਜਿਹੜੇ ਇਸ ’ਤੇ ਖੁਦ ਫ਼ੈਸਲਾ ਸੁਣਾਉਣਗੇ।
ਇਹ ਵੀ ਪੜ੍ਹੋ- ਸੱਤ ਜਨਮਾਂ ਦੇ ਸਾਥੀ ਬਣੇ 'ਲਵਪ੍ਰੀਤ ਤੇ ਬਾਣੀ', ਨੇਤਰਹੀਣ ਜੋੜੇ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਈਆਂ ਲਾਵਾਂ
ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ ਦੇ ਨਵੇਂ ਥਾਪੇ ਗਏ ਮੁਖੀ ਸੰਤ ਅਮਨਦੀਪ ਸਿੰਘ ਨੇ ਕਿਹਾ ਕਿ ਸੇਵਾ ਪੰਥੀ ਅੱਡਣਸ਼ਾਹੀ ਸਭਾ ਦੇ ਮੁਖੀ ਮਹੰਤ ਕਰਮਜੀਤ ਸਿੰਘ ਟਕਸਾਲ ਦੇ ਮਾਮਲੇ ’ਚ ਬੇਲੋੜੀ ਦਖ਼ਲਅੰਦਾਜ਼ੀ ਕਰ ਕੇ ਵਿਵਾਦ ਖੜ੍ਹਾ ਕਰ ਰਹੇ ਹਨ, ਜਿੰਨਾ ਨੂੰ ਸਾਡੇ ਮਾਮਲੇ ’ਚ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਸੱਚਖੰਡ ਵਾਸੀ ਸੰਤ ਮੱਖਣ ਸਿੰਘ ਆਪਣੇ ਜਿਉਂਦੇ ਹੋਏ ਹੀ ਵਸੀਹਤ ਤਿਆਰ ਕਰਵਾ ਕੇ ਸਭ ਕੁਝ ਕਲੀਅਰ ਕਰ ਗਏ ਹਨ ਤਾਂ ਜੋ ਬਾਅਦ ’ਚ ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ ਨੂੰ ਲੈ ਕੇ ਕੋਈ ਵਿਵਾਦ ਖੜ੍ਹਾ ਨਾ ਹੋਵੇ ਪਰ ਫਿਰ ਵੀ ਮਹੰਤ ਕਰਮਜੀਤ ਸਿੰਘ ਸੰਗਤਾਂ ਨੂੰ ਗੁੰਮਰਾਹ ਕਰਨ ਤੋਂ ਬਾਜ ਨਹੀ ਆ ਰਹੇ।
ਇਹ ਵੀ ਪੜ੍ਹੋ- ਫਾਰਚੂਨਰ ਸਾਹਮਣੇ ਮੌਤ ਬਣ ਕੇ ਆਈ ਗਾਂ, ਬੇਕਾਬੂ ਹੋਈ ਕਾਰ ਦੇ ਉੱਡੇ ਪਰਖ਼ੱਚੇ, ਵਿਅਕਤੀ ਦੀ ਮੌਤ
ਉਨ੍ਹਾਂ ਕਿਹਾ ਕਿ ਸੰਤ ਮੱਖਣ ਸਿੰਘ ਨੇ ਹਰਵਿੰਦਰ ਸਿੰਘ ਗੋਲਡੀ ਨੂੰ ਸ਼ਹੀਦ ਭਾਈ ਮਨੀ ਸਿੰਘ ਟਕਸਾਲ ਤੋਂ ਬੇਦਖ਼ਲ ਕਰਨ ਦੇ ਨਾਲ-ਨਾਲ ਇਕ ਵੀਡੀਓ ਬਣਵਾ ਕੇ ਆਪਣੀਆਂ ਭਾਵਨਾਵਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਸੀ, ਉਸ ਦੇ ਬਾਵਜੂਦ ਵੀ ਅਜਿਹੇ ਵਿਵਾਦ ਖੜ੍ਹੇ ਕਰਨਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਉਹ ਬਹੁਤ ਸਤਿਕਾਰ ਕਰਦੇ ਹਨ ਉਨ੍ਹਾਂ ਵਲੋਂ ਬਣਾਈ ਗਈ ਕਮੇਟੀ ਨੂੰ ਵੀ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਜਥੇਦਾਰ ਅਕਾਲ ਤਖਤ ਜੋ ਵੀ ਫੈਸਲਾ ਸਣਾਉਣਗੇ ਸਾਨੂੰ ਮਨਜ਼ੂਰ ਹੋਵੇਗਾ : ਮਹੰਤ ਕਰਮਜੀਤ ਸਿੰਘ
ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਸੇਵਾ ਪੰਥੀ ਅੱਡਣਸ਼ਾਹੀ ਸਭਾ ਦਾ ਜ਼ਿੰਮੇਵਾਰ ਮੁਖੀ ਹੋਣ ਦੇ ਨਾਤੇ ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ ਦੇ ਪੈਦਾ ਹੋਏ ਵਿਵਾਦ ਨੂੰ ਹੱਲ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੇਰੇ ਵਲੋਂ ਬੇਨਤੀ ਕੀਤੀ ਗਈ ਸੀ, ਜਿਨ੍ਹਾਂ ਨੇ ਮੇਰੀ ਬੇਨਤੀ ਨੂੰ ਸਵੀਕਾਰ ਕਰਦਿਆਂ ਇਕ ਕਮੇਟੀ ਬਣਾ ਦਿੱਤੀ ਹੈ ਤੇ ਹੁਣ ਇਸ ਕਮੇਟੀ ਵਲੋਂ ਸਾਰੇ ਮਾਮਲੇ ਦੀ ਡੁੰਘਾਈ ਨਾਲ ਘੋਖ ਕਰਨ ਤੋਂ ਬਾਅਦ ਰਿਪੋਰਟ ਜਥੇਦਾਰ ਸਾਹਿਬ ਨੂੰ ਸੋਂਪੀ ਜਾਣੀ ਹੈ, ਜਥੇਦਾਰ ਸਾਹਿਬ ਵਲੋਂ ਜੋ ਵੀ ਫ਼ੈਸਲਾ ਸੁਣਾਇਆ ਜਾਵੇਗਾ, ਉਹ ਸਾਨੂੰ ਪ੍ਰਵਾਨ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰੇ ਯਤਨਾ ਨਾਲ ਕੋਈ ਨਵਾਂ ਵਿਵਾਦ ਖੜ੍ਹਾ ਨਹੀਂ ਹੋਇਆ ਸਗੋਂ ਟਕਸਾਲ ਦੇ ਮੁਖੀ ਨੂੰ ਲੈ ਕੇ ਛਿੜਿਆ ਵਿਵਾਦ ਹੱਲ ਹੋ ਜਾਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਭਰੇ ਬਾਜ਼ਾਰ 'ਚ ਨੌਜਵਾਨ 'ਤੇ ਹਮਲਾ ਕਰ ਲੁੱਟੇ ਲੱਖਾਂ ਰੁਪਏ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।