ਰਜਿਸਟਰੀ ਦਫ਼ਤਰਾਂ ’ਚ ਛੁੱਟੀ ਵਾਲੇ ਦਿਨ ਵੀ ਹੋਵੇਗਾ ਰਜਿਸਟ੍ਰੇਸ਼ਨ ਦਾ ਕੰਮ
Thursday, Mar 30, 2023 - 11:36 AM (IST)
ਅੰਮ੍ਰਿਤਸਰ (ਨੀਰਜ)- ਵਿੱਤ ਕਮਿਸ਼ਨਰ ਮਾਲ ਨੇ ਵੀਰਵਾਰ ਨੂੰ ਰਜਿਸਟਰੀ ਦਫ਼ਤਰਾਂ ਵਿਚ ਛੁੱਟੀ ਰੱਦ ਕਰਨ ਸਬੰਧੀ ਪੱਤਰ ਜਾਰੀ ਕੀਤਾ ਹੈ ਅਤੇ ਛੁੱਟੀ ਵਾਲੇ ਦਿਨ ਵੀ ਰਜਿਸਟਰੀ ਦਫ਼ਤਰਾਂ ਵਿਚ ਰਜਿਸਟ੍ਰੇਸ਼ਨ ਦਾ ਕੰਮ ਕੀਤਾ ਜਾਵੇਗਾ। ਇਹ ਪੱਤਰ ਡਿਪਟੀ ਕਮਿਸ਼ਨਰ ਦਫ਼ਤਰ ਰਾਹੀਂ ਸਾਰੇ ਰਜਿਸਟਰੀ ਦਫ਼ਤਰਾਂ ਵਿਚ ਚਿਪਕਾਇਆ ਗਿਆ ਹੈ, ਜਿਸ ਬਾਰੇ ਵਸੀਕਾ ਨਵੀਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ, ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਪੱਤਰ ਸਰਕਾਰ ਵੱਲੋਂ ਘੱਟੋ-ਘੱਟ ਇੱਕ ਹਫ਼ਤਾ ਪਹਿਲਾਂ ਜਾਰੀ ਕਰਨ ਦੀ ਲੋੜ ਸੀ ਤਾਂ ਜੋ ਲੋਕ ਇਸ ਦਿਨ ਲਈ ਰਜਿਸਟਰੀ ਦੀਆਂ ਅਪਾਇਟਮੈਂਟਾਂ ਲੈ ਲੈਂਦੇ। ਮਾਲੀਆ ਵਧਾਉਣ ਲਈ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਰਜਿਸਟਰੀ ’ਤੇ ਵਸੂਲੀ ਜਾਣ ਵਾਲੀ ਫ਼ੀਸ ’ਚ 2.25 ਫੀਸਦੀ ਦੀ ਛੋਟ ਦਿੱਤੀ ਹੈ। ਰਜਿਸਟਰੀ ਦਫ਼ਤਰ ਇਕ, ਰਜਿਸਟਰੀ ਦਫ਼ਤਰ ਦੋ ਅਤੇ ਰਜਿਸਟਰੀ ਦਫ਼ਤਰ ਤਿੰਨ ਵਿਚ ਲੋਕਾਂ ਦੀ ਭਾਰੀ ਭੀੜ ਰਹੀ। ਰੋਜ਼ਾਨਾ 175 ਤੋਂ 200 ਰਜਿਸਟਰੀਆਂ ਹੋ ਰਹੀਆਂ ਹਨ ਅਤੇ ਲੋਕ ਸਰਕਾਰ ਵੱਲੋਂ ਦਿੱਤੀ ਗਈ ਛੋਟ ਦਾ ਲਾਭ ਉਠਾ ਰਹੇ ਹਨ।
ਭਾਰਤ ਗੌਰਵ ਟੂਰਿਸਟ ਟ੍ਰੇਨ ‘ਗੁਰੂ ਕ੍ਰਿਪਾ ਯਾਤਰਾ’ ’ਤੇ 9 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਹੋਵੇਗੀ ਰਵਾਨਾ
ਸਾਰੇ ਸਬ-ਰਜਿਸਟਰਾਰ ਆਪਣੀਆਂ ਸੀਟਾਂ ’ਤੇ ਬੈਠਣ ਦੇ ਪਾਬੰਧ
ਸਰਕਾਰੀ ਫੀਸਾਂ ’ਚ ਛੋਟ ਦੇਣ ਤੋਂ ਪਹਿਲਾਂ ਮਾਲ ਵਿਭਾਗ ਨੇ ਇਕ ਹੋਰ ਪੱਤਰ ਜਾਰੀ ਕਰ ਕੇ ਸਾਰੇ ਸਬ-ਰਜਿਸਟਰਾਰਾਂ ਨੂੰ ਆਪਣੀਆਂ ਸੀਟਾਂ ਛੱਡ ਕੇ ਕਿਸੇ ਹੋਰ ਡਿਊਟੀ ’ਤੇ ਨਾ ਜਾਣ ਦੇ ਹੁਕਮ ਦਿੱਤੇ ਸਨ। ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਤਾ ਲੱਗਾ ਹੈ ਕਿ ਇਕ ਸਬ-ਰਜਿਸਟਰਾਰ ਕੋਲ ਤਹਿਸੀਲਦਾਰ ਅਤੇ ਸਬ-ਤਹਿਸੀਲ ਦਾ ਚਾਰਜ਼ ਵੀ ਹੈ। ਅਜਿਹੇ ’ਚ ਅਧਿਕਾਰੀਆਂ ਨੂੰ ਸਬ-ਰਜਿਸਟਰਾਰ ਦੇ ਨਾਲ-ਨਾਲ ਡਿਊਟੀ ਮੈਜਿਸਟਰੇਟ ਦੀ ਡਿਊਟੀ ਵੀ ਨਿਭਾਉਣੀ ਪੈਂਦੀ ਹੈ, ਜਿਸ ਕਾਰਨ ਇਸ ਹੁਕਮ ਦੀ ਵੀ ਉਲੰਘਣਾ ਹੋਈ ਹੈ, ਕਿਉਂਕਿ ਅੰਮ੍ਰਿਤਸਰ ’ਚ ਜੀ-20 ਸੰਮੇਲਨ ਹੋਣ ਕਾਰਨ ਜ਼ਿਆਦਾਤਰ ਸਬ-ਰਜਿਸਟਰਾਰਾਂ ਨੂੰ ਡਿਊਟੀ ਮੈਜਿਸਟ੍ਰੇਟ ਦਾ ਕੰਮ ਵੀ ਸੰਭਾਲਣਾ ਪਿਆ, ਹਾਲਾਂਕਿ ਅਧਿਕਾਰੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਰਜਿਸਟ੍ਰੇਸ਼ਨ ਦਾ ਕੰਮ ਜਾਰੀ ਰਿਹਾ ਅਤੇ ਲੋਕਾਂ ਨੇ ਵੀ ਸਹਿਯੋਗ ਦਿੱਤਾ।
ਇਹ ਵੀ ਪੜ੍ਹੋ- ਜਥੇਦਾਰ ਸਾਹਿਬ ’ਤੇ ਕੀਤੀ ਟਿੱਪਣੀ ਨੂੰ ਲੈ ਕੇ ਐਡਵੋਕੇਟ ਧਾਮੀ ਦੀ ਤਿੱਖੀ ਪ੍ਰਤੀਕਿਰਿਆ
ਐੱਨ. ਓ. ਸੀ. ਮਿਲਣ ’ਚ ਅਜੇ ਵੀ ਆ ਰਹੀ ਹੈ ਪ੍ਰੇਸ਼ਾਨੀ
ਇਕ ਪਾਸੇ ਜਿੱਥੇ ਸਰਕਾਰ ਵੱਲੋਂ ਰਜਿਸਟਰੀ ਫ਼ੀਸਾਂ ਅਤੇ ਹੋਰ ਫ਼ੀਸਾਂ ’ਚ ਭਾਰੀ ਛੋਟ ਦਿੱਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੂੰ ਛੁੱਟੀਆਂ ’ਚ ਵੀ ਕੰਮ ਕਰਨ ਦੇ ਹੁਕਮ ਦਿੱਤੇ ਗਏ ਹਨ, ਉੱਥੇ ਹੀ ਮੌਜੂਦਾ ਸਥਿਤੀ ਦੀ ਸਭ ਤੋਂ ਵੱਡੀ ਸਮੱਸਿਆ ਐੱਨ. ਓ. ਸੀ. ਦੇ ਕਾਰਨ ਅਜੇ ਵੀ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐੱਨ. ਓ. ਸੀ. ਲੈਣ ਵਿਚ ਦਿੱਕਤ ਦੇ ਨਾਲ-ਨਾਲ ਲੋਕਾਂ ਨੂੰ ਭਾਰੀ ਫ਼ੀਸਾਂ ਵੀ ਅਦਾ ਕਰਨੀਆਂ ਪੈ ਰਹੀਆਂ ਹਨ, ਜਦੋਂਕਿ ਰੀਅਲ ਅਸਟੇਟ ਕਾਰੋਬਾਰੀਆਂ ਅਤੇ ਪ੍ਰਾਪਰਟੀ ਡੀਲਰਾਂ ਵੱਲੋਂ ਐਨ .ਓ. ਸੀ ਫ਼ੀਸਾਂ ਘਟਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪਠਾਨਕੋਟ 'ਚ 15 ਸਾਲਾ ਨਾਬਾਲਿਗ ਨੇ ਕੀਤੀ ਅਜਿਹੀ ਕਰਤੂਤ ਦੇਖ ਹੋਵੋਗੇ ਹੈਰਾਨ, ਤਸਵੀਰਾਂ ਹੋਈਆਂ cctv 'ਚ ਕੈਦ
ਡਿਫ਼ਾਲਟਰ ਕਾਲੋਨੀਆਂ ਦੀਆਂ ਸੂਚੀਆਂ ਅਜੇ ਵੀ ਨਹੀਂ ਹੋਈਆਂ ਜਾਰੀ
ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਗਈ ਛੋਟ ਤੋਂ ਵੱਧ ਮਾਲੀਆ ਵਧ ਸਕਦਾ ਸੀ, ਜੇਕਰ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ ਖੇਤਰਾਂ ਦੀਆਂ ਡਿਫ਼ਾਲਟਰ ਕਾਲੋਨੀਆਂ ਦੀਆਂ ਸੂਚੀਆਂ ਜਾਰੀ ਕੀਤੀਆਂ ਜਾਂਦੀਆਂ, ਪਰ ਪੁੱਡਾ ਤੋਂ ਇਲਾਵਾ ਹੁਣ ਤੱਕ ਹੋਰ ਵਿਭਾਗਾਂ ਨੇ ਡਿਫ਼ਾਲਟਰ ਕਾਲੋਨੀਆਂ ਦੀਆਂ ਸੂਚੀਆਂ ਜਾਰੀ ਨਹੀਂ ਕੀਤੀਆਂ ਹਨ, ਜਿਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰ ਵੱਲੋਂ ਰਜਿਸਟ੍ਰੇਸ਼ਨ ਫ਼ੀਸ 'ਚ ਦਿੱਤੀ ਗਈ 2.25 ਫ਼ੀਸਦੀ ਛੋਟ ਲੋਕਾਂ ਲਈ ਇਕ ਚੰਗਾ ਕਦਮ ਹੈ ਪਰ ਇਹ ਛੋਟ 31 ਮਾਰਚ ਤੋਂ ਬਾਅਦ ਵੀ ਜਾਰੀ ਰਹਿਣੀ ਚਾਹੀਦੀ ਹੈ ਅਤੇ ਐੱਨ. ਓ. ਸੀ. ਦਾ ਮਾਮਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।