ਮਾਈਨਿੰਗ ਕਾਰਨ ਪੰਜਾਬ ਤੋਂ ਜੰਮੂ ਕਸ਼ਮੀਰ ਨੂੰ ਜੋੜਨ ਵਾਲੇ ਰੇਲਵੇ ਪੁਲ ਖ਼ਤਰੇ ’ਚ ਤੇ ਰੇਲਵੇ ਵਿਭਾਗ ਕੁੰਭਕਰਨੀ ਨੀਂਦ ’ਚ

Friday, Jan 13, 2023 - 02:19 PM (IST)

ਸੁਜਾਨਪੁਰ (ਜੋਤੀ)- ਵੈਸੇ ਤਾਂ ਰੇਲਵੇ ਵਿਭਾਗ ਵੱਲੋਂ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਸਭ ਖੋਖਲੇ ਸਿੱਧ ਹੋ ਰਹੇ ਹਨ। ਕਿਹਾ ਜਾਵੇ ਤਾਂ ਇਸ ’ਚ ਕੋਈ ਸ਼ੱਕ ਨਹੀਂ ਹੈ, ਜਿਸ ਦੀ ਉਦਹਾਰਨ ਰੇਲਵੇ ਵਿਭਾਗ ਵੱਲੋਂ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਜੋੜਨ ਲਈ ਰਾਵੀ ਦਰਿਆ ’ਤੇ ਬਣਾਏ ਰੇਲਵੇ ਪੁਲ ਦੀ ਹੋਂਦ ਨੂੰ ਕ੍ਰੈਸ਼ਰ ਮਾਲਕਾਂ ਵੱਲੋਂ ਖਤਰੇ ’ਚ ਪਾਉਣ ਤੋਂ ਮਿਲਦੀ ਹੈ, ਕਿਉਂਕਿ ਕ੍ਰੈਸ਼ਰ ਮਾਲਕਾਂ ਵੱਲੋਂ ਉਕਤ ਰੇਲਵੇ ਪੁਲ ਦੇ ਹੇਠਾਂ ਨਾਜਾਇਜ਼ ਰੂਪ ਵਿਚ ਰਸਤਾ ਬਣਾ ਕੇ ਹਰਰੋਜ਼ ਰੇਤ-ਬੱਜਰੀ ਨਾਲ ਓਵਰਲੋਡ ਸੈਂਕੜੇ ਗੱਡੀਆਂ ਨੂੰ ਕੱਢਿਆ ਜਾ ਰਿਹਾ ਹੈ, ਜਿਸ ਨਾਲ ਜਦ ਕੋਈ ਗੱਡੀ ਕਿਸੇ ਪ੍ਰਕਾਰ ਨਾਲ ਹਾਦਸਾਗ੍ਰਸਤ ਹੋ ਜਾਂਦੀ ਹੈ ਤਾਂ ਕਿਸੇ ਵੀ ਸਮੇਂ ਪੁਲ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ- ਸੰਨੀ ਦਿਓਲ ਦੀ ਹਲਕੇ 'ਚ ਗ਼ੈਰ-ਹਾਜ਼ਰੀ ਤੋਂ ਦੁਖੀ ਲੋਕਾਂ ਨੇ ਕੱਢੀ ਭੜਾਸ, ਵੰਡੇ 'ਲਾਪਤਾ' ਦੇ ਪੋਸਟਰ

ਦੱਸਣਯੋਗ ਹੈ ਕਿ ਕੁਝ ਸਮਾਜ ਵਿਰੋਧੀ ਤੱਤ ਵੱਲੋਂ ਰਾਵੀ ਦਰਿਆ ’ਚੋਂ ਵੀ ਪੰਜਾਬ ਤੋਂ ਜੰਮੂ ਕਸ਼ਮੀਰ ਰਾਜ ’ਚ ਦਾਖ਼ਲ ਹੋਣ ਲਈ ਨਾਜਾਇਜ਼ ਕਬਜ਼ੇ ਬਣਾਏ ਹੋਏ ਹਨ । ਅਜਿਹੇ ’ਚ ਕੋਈ ਵੀ ਸਮਾਜ ਵਿਰੋਧੀ ਤੱਤ ਦਰਿਆ ਦੇ ਰਸਤੇ ’ਚ ਪੁਲ ਦੇ ਹੇਠਾਂ ਪਹੁੰਚ ਕੇ ਪੁਲ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਜਿਸ ਦੇ ਚੱਲਦੇ ਜਦ ਰੇਲਵੇ ਵਿਭਾਗ ਵੱਲੋਂ ਸਮਾਂ ਰਹਿੰਦੇ ਇਸ ਪੁਲ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਕ੍ਰੈਸ਼ਰ ਮਾਲਕਾਂ ਵੱਲੋਂ ਇਸ ਪੁਲ ਨੂੰ ਨੁਕਸਾਨ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਇਹ ਵੀ ਪੜ੍ਹੋ- ਕੇਂਦਰ ਦੇ ਸਿੱਖ ਫ਼ੌਜੀਆਂ ਲਈ ਹੈਲਮੈਟ ਦੇ ਫ਼ੈਸਲੇ ਖ਼ਿਲਾਫ਼ ਜਥੇਦਾਰ ਹਰਪ੍ਰੀਤ ਸਿੰਘ ਦਾ ਤਿੱਖਾ ਪ੍ਰਤੀਕਰਮ

ਰੇਲਵੇ ਨੇ ਪਹਿਲਾਂ ਬੰਦ ਕੀਤਾ ਸੀ ਇਹ ਨਾਜਾਇਜ਼ ਰਸਤਾ

ਵਰਣਨਯੋਗ ਹੈ ਕਿ ਬੀਤੇ ਸਾਲ ਵੀ ਕ੍ਰੈਸ਼ਰ ਮਾਲਕਾਂ ਵੱਲੋਂ ਇਸ ਪੁਲ ਦੇ ਹੇਠਾਂ ਬਣਾਏ ਨਾਜਾਇਜ਼ ਰਸਤਿਆਂ ਨੂੰ ਲੈ ਕੇ ‘ਜਗ ਬਾਣੀ’ ਨੇ ਬੜੀ ਪ੍ਰਮੁੱਖਤਾਂ ਨਾਲ ਪ੍ਰਕਾਸ਼ਿਤ ਕੀਤਾ ਸੀ ਤਾਂ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਹਰਕਤ ਵਿਚ ਆ ਕੇ ਯਾਤਰੀਆਂ ਦੀ ਸੁਰੱਖਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨਾਜਾਇਜ਼ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕਰਵਾ ਦਿੱਤਾ ਸੀ। ਪਰ ਪਤਾ ਨਹੀਂ ਕਿਹੜੇ ਸ਼ਰਾਰਤੀ ਤੱਤਾਂ ਨੇ ਇਕ ਵਾਰ ਫਿਰ ਇਸ ਰਸਤੇ ਨੂੰ ਖੋਲ੍ਹ ਕੇ ਰੇਤ-ਬੱਜਰੀ ਦੀਆਂ ਗੱਡੀਆਂ ਦੇ ਆਉਣ-ਜਾਣ ਨੂੰ ਸ਼ੁਰੂ ਕਰ ਕੇ ਯਾਤਰੀਆਂ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦੇ ਨਾਲ-ਨਾਲ ਪੁਲ ਦੀ ਹੋਂਦ ਨੂੰ ਵੀ ਖ਼ਤਰੇ ਵਿਚ ਪਾ ਦਿੱਤਾ। ਜਿਸ ਕਾਰਨ ਹੁਣ ਵੇਖਣਾ ਇਹ ਹੈ ਕਿ ਰੇਲਵੇ ਵਿਭਾਗ ਇਸ ਨਾਜਾਇਜ਼ ਰਸਤੇ ਨੂੰ ਬੰਦ ਕਰਵਾਉਣ ਵਿਚ ਕਿੱਥੋਂ ਤੱਕ ਕਾਮਯਾਬ ਹੁੰਦਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News