ਗਟਰ ਦੇ ਸਾਹਮਣੇ ਖੜ੍ਹੇ ਹੋ ਕੇ ਅਰਦਾਸ ਕਰਨ ਦੀ ਵੀਡੀਓ ਵਾਇਰਲ, SGPC ਨੇ ਸ਼ੁਰੂ ਕੀਤੀ ਕਾਰਵਾਈ
Thursday, Aug 03, 2023 - 11:54 AM (IST)
ਤਰਨਤਾਰਨ (ਰਮਨ ਚਾਵਲਾ)- ਸਥਾਨਕ ਸ਼ਹਿਰ ਦੇ ਮੁਰਾਦਪੁਰਾ ਇਲਾਕੇ ’ਚ ਬੀਤੇ ਕੁਝ ਦਿਨ ਪਹਿਲਾਂ ਨਗਰ ਕੌਂਸਲ ਸਫ਼ਾਈ ਕਰਮਚਾਰੀਆਂ ਵਲੋਂ ਗੰਦੇ ਨਾਲੇ ਦੀ ਸਫ਼ਾਈ ਸ਼ੁਰੂ ਹੋਣ ਤੋਂ ਪਹਿਲਾਂ ਇਕ ਧਾਰਮਿਕ ਸੋਸਾਇਟੀ ਦੇ ਪ੍ਰਧਾਨ ਵਲੋਂ ਗਟਰ ਦੇ ਸਾਹਮਣੇ ਖੜ੍ਹੇ ਹੋ ਅਰਦਾਸ ਕਰਨ ਦੀ ਕੀਤੀ ਬੇਅਦਬੀ ਸਬੰਧੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ। ਇਸ ਵਾਇਰਲ ਹੋਈ ਵੀਡੀਓ ਨੂੰ ਵੇਖ ਆਮ ਲੋਕਾਂ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਨ੍ਹਾਂ ਵਲੋਂ ਇਸ ਬੇਅਦਬੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਿਲੀ ਸ਼ਿਕਾਇਤ ਤੋਂ ਬਾਅਦ ਸਥਾਨਕ ਸ੍ਰੀ ਦਰਬਾਰ ਸਾਹਿਬ ਵਿਖੇ ਸਣੇ ਟੀਮ ਪੁੱਜੇ ਐੱਸ. ਜੀ. ਪੀ. ਸੀ. ਦੇ ਪ੍ਰਚਾਰਕ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਡੇਂਗੂ ਤੋਂ ਬਾਅਦ ਹੁਣ ਇਸ ਬੀਮਾਰੀ ਨੇ ਘੇਰੇ ਅੰਮ੍ਰਿਤਸਰ ਦੇ ਵਾਸੀ, ਬੱਚਿਆਂ ਤੇ ਬਜ਼ੁਰਗਾਂ ਨੂੰ ਵਧੇਰੇ ਖ਼ਤਰਾ
ਜਾਣਕਾਰੀ ਦੇ ਅਨੁਸਾਰ ਸੋਸ਼ਲ ਮੀਡੀਆ ਉੱਪਰ ਬੁੱਧਵਾਰ ਇਕ ਵੀਡਿਓ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਵੇਖੀ ਗਈ, ਜਿਸ ’ਚ ਮੁਰਾਦਪੁਰਾ ਇਲਾਕੇ ਅੰਦਰ ਗੰਦੇ ਨਾਲੇ ਦੀ ਸਫ਼ਾਈ ਕਰਨ ਸਬੰਧੀ ਨਗਰ ਕੌਂਸਲ ਤਰਨਤਾਰਨ ਦੇ ਸਫ਼ਾਈ ਕਰਮਚਾਰੀ ਨਜ਼ਰ ਆ ਰਹੇ ਹਨ। ਜਿਸ ਵਿਚ ਗੰਦੇ ਨਾਲੇ ਦੇ ਗਟਰ ਵਾਲੇ ਢੱਕਣ ਨੂੰ ਖੋਲ੍ਹ ਉਸ ਦੇ ਸਾਹਮਣੇ ਖੜ੍ਹੇ ਇਕ ਸਿੱਖ ਵਿਅਕਤੀ ਵਲੋਂ ਨਿੱਕਰ ਅਤੇ ਟੀ ਸ਼ਰਟ ਪਾ ਕੇ ਸਫ਼ਾਈ ਦਾ ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਕਥਿਤ ਤੌਰ ’ਤੇ ਅਰਦਾਸ ਕੀਤੀ ਜਾਂਦੀ ਵੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ- ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਅਗਵਾ ਕਰਨ ਦੀ ਕੋਸ਼ਿਸ਼, ਘਰ ਬਾਹਰ ਖੜ੍ਹੀ ਲਗਜ਼ਰੀ ਗੱਡੀ ਭੰਨੀ
ਅਰਦਾਸ ਕਰਨ ਵਾਲੇ ਵਿਅਕਤੀ ਦਾ ਨਾਮ ਸਾਹਿਬ ਸਿੰਘ ਨਿਵਾਸੀ ਮੁਰਾਦਪੁਰਾ ਦੱਸਿਆ ਜਾ ਰਿਹਾ ਹੈ ਜੋ ਸਰਬ ਸਾਂਝੀ ਵਾਲਤਾ ਸੋਸਾਇਟੀ ਦਾ ਪ੍ਰਧਾਨ ਵੀ ਹੈ। ਇਸ ਵੀਡੀਓ ’ਚ ਹੋ ਰਹੀ ਅਰਦਾਸ ਸਮੇਂ ਪਾਸ ਖੜ੍ਹੇ ਲੋਕਾਂ ਵਲੋਂ ਜਿੱਥੇ ਪੈਰਾਂ ’ਚ ਜੁੱਤੀਆਂ ਪਾਈਆਂ ਹੋਈਆਂ ਹਨ ਉੱਥੇ ਜ਼ਿਆਦਾਤਰ ਦੇ ਸਿਰ ਨੰਗੇ ਨਜ਼ਰ ਆ ਰਹੇ ਹਨ। ਕਰੀਬ 9 ਸਕਿੰਟਾਂ ਦੀ ਇਸ ਵੀਡੀਓ ਨੂੰ ਵੇਖ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਆਮ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਬੇਅਦਬੀ ਕਰਨ ਵਾਲੇ ਸਾਹਿਬ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਤੇ ਸਬ-ਜੇਲ੍ਹ 'ਚ ਚਲਾਈ ਤਲਾਸ਼ੀ ਮੁਹਿੰਮ, 17 ਮੋਬਾਇਲ, 6 ਈਅਰ ਫੋਨ ਸਣੇ ਨਸ਼ੀਲੇ ਪਦਾਰਥ ਬਰਾਮਦ
ਇਸ ਕੀਤੀ ਗਈ ਬੇਅਦਬੀ ਸਬੰਧੀ ਜਾਣਕਾਰੀ ਦਿੰਦੇ ਹੋਏ ਖਾਲਸਾ ਦੀਵਾਨ ਮੈਨੇਜਮੈਂਟ ਕਮੇਟੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਮੈਂਬਰ ਇੰਚਾਰਜ ਰਣਦੀਪ ਸਿੰਘ ਨੇ ਦੱਸਿਆ ਕਿ ਵੀਡੀਓ ਨੂੰ ਵੇਖ ਕੇ ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਉਨ੍ਹਾਂ ਦੱਸਿਆ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਕਰਵਾਉਣ ਸਬੰਧੀ ਉਨ੍ਹਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਸ਼ਿਕਾਇਤ ਭੇਜੀ ਗਈ ਹੈ। ਉੱਧਰ ਬੁੱਧਵਾਰ ਸਥਾਨਕ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਉਪਰੰਤ ਭੇਜੇ ਗਏ ਪ੍ਰਚਾਰਕ ਲਖਵੀਰ ਸਿੰਘ ਕੱਕਾ ਕੰਡਿਆਲਾ ਵਲੋਂ ਬੇਅਦਬੀ ਕਰਨ ਵਾਲੇ ਵਿਅਕਤੀ ਸਾਹਿਬ ਸਿੰਘ ਨਾਲ ਸੰਪਰਕ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦੇ ਹੁਕਮ ਦੇ ਨਾਲ-ਨਾਲ ਸਿੱਖ ਮਰਿਆਦਾ ਅਨੁਸਾਰ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8