ਮਾਮੂਲੀ ਗੱਲ ਨੂੰ ਲੈ ਕੇ ਪੁਲਸ ਮੁਲਾਜ਼ਮ ਨੇ ਸਾਥੀਆਂ ਸਣੇ ਡਰਾਈਵਰ ਦਾ ਪਾੜਿਆ ਸਿਰ, ਕਰ ''ਤਾ ਲਹੂ ਲੁਹਾਨ

Monday, Dec 25, 2023 - 06:34 PM (IST)

ਮਾਮੂਲੀ ਗੱਲ ਨੂੰ ਲੈ ਕੇ ਪੁਲਸ ਮੁਲਾਜ਼ਮ ਨੇ ਸਾਥੀਆਂ ਸਣੇ ਡਰਾਈਵਰ ਦਾ ਪਾੜਿਆ ਸਿਰ, ਕਰ ''ਤਾ ਲਹੂ ਲੁਹਾਨ

ਤਰਨਤਾਰਨ (ਰਮਨ)- ਗਲੀ ’ਚ ਕਾਰ ਦੇ ਰਸਤੇ ਨੂੰ ਲੈ ਕੇ ਜ਼ਿਲ੍ਹਾ ਪੁਲਸ ’ਚ ਤਾਇਨਾਤ ਇਕ ਕਰਮਚਾਰੀ ਵਲੋਂ ਆਪਣੇ ਪੁੱਤਰ ਅਤੇ 2 ਵਿਅਕਤੀਆਂ ਦੀ ਮਦਦ ਨਾਲ ਇਨੋਵਾ ਕਾਰ ਦੇ ਚਾਲਕ ਦਾ ਸਿਰ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰਾਂ ਵਲੋਂ ਜ਼ਖ਼ਮੀ ਹੋਏ ਡਰਾਈਵਰ ਦੇ ਸਿਰ ’ਚ 10 ਟਾਂਕੇ ਲਗਾਏ ਗਏ ਹਨ। ਜ਼ਿਕਰਯੋਗ ਹੈ ਕਿ ਜਦੋਂ ਜ਼ਖ਼ਮੀ ਹਾਲਤ ’ਚ ਚਾਲਕ ਆਪਣੇ ਮਾਲਕਾਂ ਸਣੇ ਥਾਣਾ ਸਿਟੀ ਵਿਖੇ ਪਹੁੰਚਿਆ ਤਾਂ ਮੌਕੇ ’ਤੇ ਮੌਜੂਦ ਡਿਊਟੀ ਅਫ਼ਸਰ ਵਲੋਂ ਹਮਲਾ ਕਰਨ ਵਾਲੇ ਪੁਲਸ ਕਰਮਚਾਰੀ ਨਾਲ ਜ਼ਬਰਦਸਤੀ ਰਾਜ਼ੀਨਾਮਾ ਕਰਨ ਦਾ ਦਬਾਅ ਬਣਾਉਂਦੇ ਹੋਏ ਡਾਕਟ ਨਹੀਂ ਦਿੱਤਾ ਗਿਆ। ਇਸ ਹਮਲੇ ਸਬੰਧੀ ਪੀੜਤ ਨੇ ਜ਼ਿਲ੍ਹਾ ਪੁਲਸ ਮੁਖੀ ਪਾਸੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਸਬੰਧਿਤ ਕਰਮਚਾਰੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਪਾਕਿਸਤਾਨ ’ਚ ਪਹਿਲੀ DSP ਅਫ਼ਸਰ ਬਣੀ ਹਿੰਦੂ ਕੁੜੀ ਮਨੀਸ਼ਾ ਰੋਪੇਟਾ

ਜਾਣਕਾਰੀ ਦਿੰਦੇ ਹੋਏ ਧਰਮਵੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਜੋਧਪੁਰ ਨੇ ਦੱਸਿਆ ਕਿ ਉਹ ਕੇਸ਼ਵ ਅਗਰਵਾਲ ਦੀ ਇਨੋਵਾ ਗੱਡੀ ਦਾ ਡਰਾਈਵਰ ਹੈ, ਐਤਵਾਰ ਸ਼ਾਮ ਜਦੋਂ ਉਹ ਇਨੋਵਾ ਕਾਰ ਨੂੰ ਗੁਰੂ ਤੇਗ ਬਹਾਦਰ ਨਗਰ ਗਲੀ ਵਿਚ ਮਾਲਕਾਂ ਦੇ ਘਰ ਗੱਡੀ ਲਗਾਉਣ ਜਾ ਰਿਹਾ ਸੀ ਤਾਂ ਇਕ ਆਈ-20 ਕਾਰ ਵਿਚ ਸਵਾਰ ਪੁਲਸ ਮੁਲਾਜ਼ਮ ਸੀਤਾ ਰਾਮ ਵਲੋਂ ਜਾਣ ਬੁਝ ਕੇ ਗਲੀ ਵਿਚ ਗੱਡੀ ਦੇ ਰਸਤੇ ਨੂੰ ਲੈ ਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਵੇਖਦੇ ਹੀ ਵੇਖਦੇ ਸੀਤਾ ਰਾਮ ਵਲੋਂ ਮੌਕੇ ’ਤੇ ਆਪਣੇ ਪੁੱਤਰ ਹਨੀ ਅਤੇ ਹੋਰ ਦੋ ਵਿਅਕਤੀਆਂ ਨੂੰ ਮੌਕੇ ’ਤੇ ਬੁਲਾ ਲਿਆ ਗਿਆ ਅਤੇ ਉਸ ਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਹਮਲੇ ਦੌਰਾਨ ਚਾਰਾਂ ਨੇ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਸਦੇ ਸਿਰ ਵਿਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਲਹੂ ਲੁਹਾਨ ਹੋ ਗਿਆ। ਇਹ ਸਾਰੀ ਘਟਨਾ ਗਲੀ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ। 

 ਇਹ ਵੀ ਪੜ੍ਹੋ- ਤਰਨਤਾਰਨ 'ਚ ਰੰਜਿਸ਼ ਦੇ ਚੱਲਦਿਆਂ ਕੀਤੀ ਅੰਨ੍ਹੇਵਾਹ ਫਾਈਰਿੰਗ, ਇਕ ਦੀ ਮੌਤ, 3 ਗੰਭੀਰ ਜ਼ਖ਼ਮੀ

ਡਰਾਈਵਰ ਧਰਮਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਥਾਣਾ ਸਿਟੀ ਵਿਖੇ ਦਰਖ਼ਾਸਤ ਦੇਣ ਲਈ ਪਹੁੰਚਿਆ ਤਾਂ ਮੌਕੇ ’ਤੇ ਮੌਜੂਦ ਡਿਊਟੀ ਅਫ਼ਸਰ ਏ.ਐੱਸ.ਆਈ ਦਿਲਬਾਗ ਸਿੰਘ ਨੇ ਹਮਲਾ ਕਰਨ ਵਾਲੇ ਪੁਲਸ ਮੁਲਾਜ਼ਮ ਸੀਤਾ ਰਾਮ ਨੂੰ ਫੋਨ ਕਰਦੇ ਹੋਏ ਜਿੱਥੇ ਸੂਚਨਾ ਦਿੱਤੀ ਉੱਥੇ ਹੀ ਉਨ੍ਹਾਂ ਨੂੰ ਡਾਕਟ ਨਾ ਦਿੰਦੇ ਹੋਏ ਰਾਜ਼ੀਨਾਮਾ ਕਰਨ ਲਈ ਦਬਾਅ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਏ.ਐੱਸ.ਆਈ ਦਿਲਬਾਗ ਸਿੰਘ ਨੇ ਉਨ੍ਹਾਂ ਨਾਲ ਮਾੜਾ ਵਰਤਾਓ ਕਰਦੇ ਹੋਏ ਕਿਹਾ ਕਿ ਤੁਸੀਂ ਸਿਵਲ ਹਸਪਤਾਲ ਤੋਂ ਜਾ ਕੇ ਆਪਣੀ ਮਹਿਰਮ ਪੱਟੀ ਕਰਵਾਓ, ਡਾਕਟ ਦੀ ਕੋਈ ਲੋੜ ਨਹੀਂ ਹੈ। ਧਰਮਵੀਰ ਨੇ ਦੱਸਿਆ ਕਿ ਪੁਲਸ ਵਲੋਂ ਕੋਈ ਵੀ ਰਿਪੋਰਟ ਦਰਜ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਪਹਿਲਾ ਕੋਰੋਨਾ ਪਾਜ਼ੇਟਿਵ ਮਾਮਲਾ ਆਇਆ ਸਾਹਮਣੇ, ਲੰਡਨ ਦੀ ਰਹਿਣ ਵਾਲੀ ਹੈ ਔਰਤ

ਇਸ ਸਬੰਧੀ ਪੀੜਤ ਦੇ ਦੱਸਿਆ ਕਿ ਉਸ ਦੇ ਸਿਰ ਵਿਚ ਦਸ ਟਾਂਕੇ ਲਗਾਏ ਗਏ ਹਨ ਅਤੇ ਉਸ ਵਲੋਂ ਜ਼ਿਲ੍ਹਾ ਪੁਲਸ ਮੁਖੀ ਨੂੰ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਸਬੰਧਿਤ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉੱਧਰ ਪੁਲਸ ਮੁਲਾਜ਼ਮ ਸੀਤਾ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਉੱਪਰ ਕੋਈ ਹਮਲਾ ਨਹੀਂ ਕੀਤਾ। ਪੁਲਸ ਮੁਲਾਜ਼ਮ ਸੀਤਾ ਰਾਮ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਝੂਠ ਕਰਾਰ ਦਿੱਤਾ ਹੈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਉਹ ਬਰੀਕੀ ਨਾਲ ਜਾਂਚ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News